ਸਕੂਲ ਆਫ਼ ਐਮੀਨੈਂਸ ਤੇ ਪੀ.ਐਮ. ਸ਼੍ਰੀ ਸਕੂਲ ਸਰਕਾਰੀ ਸਿੱਖਿਆ 'ਤੇ ਵੱਡਾ ਹਮਲਾ : ਡੀ.ਟੀ.ਐਫ.
- 7 ਮਈ ਨੂੰ ਲੋਕ ਸਭਾ ਹਲਕਾ ਜਲੰਧਰ ਵਿਚ ਝੰਡਾ ਮਾਰਚ ਕਰਨ ਦਾ ਕੀਤਾ ਫੈਸਲਾ
ਦੀਪਕ ਜੈਨ
ਜਗਰਾਓਂ, 31 ਮਾਰਚ 2023 - ਡੈਮੋਕ੍ਰੇੈਟਿਕ ਟੀਚਰਜ਼ ਫਰੰਟ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਜਗਰਾਉਂ ਵਿਖੇ ਹੋਈ ਹੋਈ। ਜਿਸ ਵਿੱਚ ਸੂਬਾ ਕਮੇਟੀ ਮੈਂਬਰਾਂ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਜਨਰਲ ਸਕੱਤਰ ਬਲਬੀਰ ਲੌਗੋਵਾਲ ਅਤੇ ਪ੍ਰੈੱਸ ਸਕੱਤਰ ਗੁਰਮੀਤ ਸਿੰਘ ਕੋਟਲੀ ਨੇ ਦੱਸਿਆ ਕਿ ਮੀਟਿੰਗ ਵਿੱਚ ਸੂਬਾ ਜਥੇਬੰਦਕ ਇਜਲਾਸ ਦਾ ਰੀਵਿਊ ਕਰਦਿਆਂ ਉਸ ਉੱਪਰ ਤਸੱਲੀ ਪ੍ਰਗਟ ਕੀਤੀ ਗਈ। ਕੇਂਦਰ ਸਰਕਾਰ ਵੱਲੋਂ ਪੀ ਐਮ ਸ਼੍ਰੀ ਸਕੂਲ ਅਤੇ ਪੰਜਾਬ ਸਰਕਾਰ ਵੱਲੋਂ ਸਕੂਲ ਆਫ ਐਮੀਨੈਂਸ ਦੀ ਲਿਆਂਦੀ ਯੋਜਨਾ ਉੱਪਰ ਗੰਭੀਰ ਵਿਚਾਰ ਵਟਾਂਦਰਾ ਕਰਦਿਆਂ ਇਸਨੂੰ ਸਰਕਾਰੀ ਸਿੱਖਿਆ ’ਤੇ ਬਹੁਤ ਵੱਡਾ ਹਮਲਾ ਦੱਸਿਆ।
ਉਨ੍ਹਾਂ ਕਿਹਾ ਕਿ ਸਰਕਾਰਾਂ ਉਕਤ ਯੋਜਨਾਵਾਂ ਦੇ ਸਕੂਲ ਸਥਾਪਿਤ ਕਰਕੇ ਕੌਮੀ ਸਿੱਖਿਆ ਨੀਤੀ 2020 ਨੂੰ ਤੇਜੀ ਨਾਲ ਲਾਗੂ ਕਰਨ ਵੱਲ ਵਧ ਰਹੀਆਂ ਹਨ। ਸਰਕਾਰਾਂ ਇਸ ਪ੍ਰਕਾਰ ਦੇ ਸਕੂਲਾਂ ਰਾਹੀਂ ਆਪਣੇ ਸਿੱਖਿਆ ਦੇ ਨਿੱਜੀਕਰਨ, ਕੇਂਦਰੀਕਰਨ, ਕਾਰਪੋਰੇਟੀਕਰਨ ਆਦਿ ਦੇ ਏਜੰਡੇ ਨੂੰ ਲਾਗੂ ਕਰਕੇ ਸਿੱਖਿਆ ਨੂੰ ਨਿਰੋਲ ਵਪਾਰੀਕਰਨ ਦੀ ਵਸਤੂ ਬਣਾ ਦੇਣਾ ਚਾਹੁੰਦੀਆਂ ਹਨ। ਇੰਨ੍ਹਾਂ ਸਕੂਲਾਂ ਵਿਚ ਵਿਦਿਆਰਥੀਆਂ ਦੇ ਦਾਖਲੇ ਨਾਲ ਸੰਬੰਧਿਤ ਅਨੇਕਾਂ ਤਕਨੀਕੀ ਸਮੱਸਿਆਵਾਂ ਆ ਰਹੀਆਂ ਹਨ,ਜਿੰਨ੍ਹਾਂ ਬਾਰੇ ਸਰਕਾਰਾਂ ਅਜੇ ਤੱਕ ਚੁੱਪ ਹਨ। ਸਰਕਾਰਾਂ ਅਜਿਹੇ ਸਕੂਲ ਖੋਲ੍ਹ ਕੇ ਬਹੁਗਿਣਤੀ ਗਰੀਬ ਬੱਚਿਆਂ ਕੋਲੋਂ ਵਿੱਦਿਆ ਵਰਗੀ ਅਨਮੋਲ ਦਾਤ ਵੀ ਖੋਹ ਲੈਣਾ ਚਾਹੁੰਦੀਆਂ ਹਨ। ਸਿੱਖਿਆ ਦੇ ਅੰਦਰ ਵੱਡੇ ਪੱਧਰ 'ਤੇ ਕਾਣੀ ਵੰਡ ਕਰਕੇ ਸਭ ਲਈ ਸਮਾਨ ਸਿੱਖਿਆ ਤੋਂ ਭੱਜ ਰਹੀਆਂ ਹਨ। ਸਰਕਾਰਾਂ ਦੇ ਇਹਨਾਂ ਵਿਦਿਆਰਥੀ, ਅਧਿਆਪਕ ਅਤੇ ਗਰੀਬ ਵਿਰੋਧੀ ਮਨਸੂਬਿਆਂ ਨੂੰ ਵਿਸ਼ਾਲ ਅਧਿਆਪਕ ਲਹਿਰ ਖਡ਼ੀ ਕਰਕੇ ਸੰਘਰਸ਼ ਨਾਲ ਹੀ ਭਾਂਜ ਦਿੱਤੀ ਜਾ ਸਕਦੀ ਹੈ।
ਮੀਟਿੰਗ ਵਿਚ ਸਰਕਾਰਾਂ ਵੱਲੋਂ ਲਿਆਾਂਦੀਆਂ ਇੰਨ੍ਹਾਂ ਯੋਜਨਾਵਾਂ ਖਿਲਾਫ ਸੰਘਰਸ਼ ਵਿੱਢਣ ਲਈ 1 ਅਪ੍ਰੈਲ ਤੋਂ 5 ਅਪ੍ਰੈਲ ਤੱਕ ਜ਼ਿਲ੍ਹਾ ਕਮੇਟੀਆਂ ਦੀਆਂ ਮੀਟਿੰਗਾਂ ਕਰਨ, 6 ਅਪ੍ਰੈਲ ਤੋਂ 25 ਅਪ੍ਰੈਲ ਤੱਕ ਜ਼ਿਲ੍ਹਾ ਪੱਧਰੀ ਚੇਤਨਾ ਕਨਵੈਨਸ਼ਨਾਂ ਕਰਨ ਅਤੇ 7 ਮਈ ਨੂੰ ਲੋਕ ਸਭਾ ਹਲਕਾ ਜਲੰਧਰ ਦੇ ਪਿੰਡਾਂ ਵਿਚ ਝੰਡਾ ਮਾਰਚ ਕਰਕੇ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪਰਦਾਫਾਸ ਕਰਨ ਦਾ ਫੈਸਲਾ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਬਚਾਉਣ ਲਈ ਚੱਲ ਰਹੇ ਸੰਘਰਸ਼ ਵਿਚ 9 ਅਪ੍ਰੈਲ ਨੂੰ ਵੱਡੀ ਗਿਣਤੀ ਵਿਚ ਪਟਿਆਲਾ ਪਹੁੰਚ ਕੇ ਭਰਾਤਰੀ ਸਹਿਯੋਗ ਦੇਣ ਦਾ ਫੈਸਲਾ ਕੀਤਾ ਗਿਆ। ਪੁਰਾਣੀ ਪੈਨਸ਼ਨ ਪ੍ਰਾਪਤੀ ਸੰਘਰਸ਼ ਕਮੇਟੀ ਦੇ 1ਤੋਂ 7 ਅਪਰੈਲ ਤੱਕ ਸਕੂਲਾਂ ਵਿੱਚ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟਾਉਣ ਦੇ ਪ੍ਰੋਗਰਾਮ ਨੂੰ ਵੱਧ ਚੜ੍ਹ ਕੇ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਵਿਚ ਸੂਬਾ ਮੀਤ ਪ੍ਰਧਾਨ ਸੁਖਵਿੰਦਰ ਸੁੱਖੀ, ਸੂਬਾ ਕਮੇਟੀ ਮੈਂਬਰ ਦਲਜੀਤ ਸਮਰਾਲਾ, ਗਗਨ ਪਾਹਵਾ, ਰੇਸ਼ਮ ਖੇਮੂਆਣਾ, ਜਸਵਿੰਦਰ ਬਠਿੰਡਾ, ਜੀਵਨ ਸਿੰਘ ਮੁਕਤਸਰ, ਹਰਭਗਵਾਨ ਗੁਰਨੇ, ਹਰਜੀਤ ਸੁਧਾਰ ਸਮੇਤ ਬਲਦੇਵ ਸਿੰਘ ਹਠੂਰ ਹਾਜ਼ਰ ਸਨ।