ਬਰਾਬਰੀ ਵਾਲੇ ਸਮਾਜ ਦੇ ਸੁਪਨਸਾਜ਼ ਪ੍ਰੋ. ਇਸ਼ਤਿਆਕ ਅਹਿਮਦ ਨਾਲ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਵੱਲੋਂ ਰੂਬਰੂ ਕਰਵਾਇਆ ਗਿਆ
ਪਟਿਆਲਾ, 2 ਜੂਨ 2023 - ਬਰਾਬਰੀ ਵਾਲੇ ਸਮਾਜ ਦੇ ਸੁਪਨਸਾਜ਼ ਪ੍ਰੋ. ਇਸ਼ਤਿਆਕ ਅਹਿਮਦ ਨਾਲ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਵੱਲੋਂ ਰੂਬਰੂ ਕਰਵਾਇਆ ਗਿਆ । ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਗੁਰਮੁਖ ਸਿੰਘ ਨੇ ਸੁਆਗਤੀ ਸ਼ਬਦ ਸਾਂਝੇ ਕਰਦਿਆਂ ਪ੍ਰੋ. ਇਸ਼ਤਿਆਕ ਅਹਿਮਦ ਹੁਰਾਂ ਦੇ ਜੀਵਨ ਅਤੇ ਅਕਾਦਮਿਕ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਅਹਿਮਦ ਸਾਹਿਬ ਆਪਣੇ ਖੇਤਰ ਦੇ ਵਿਹਾਰਕ ਕਿਸਮ ਦੇ ਉੱਚ ਪਾਏ ਦੇ ਵਿਦਵਾਨ ਹਨ। ਪ੍ਰੋ.ਇਸ਼ਤਿਆਕ ਅਹਿਮਦ ਇੱਕ ਸਵੀਡਿਸ਼ ਰਾਜਨੀਤੀ ਵਿਗਿਆਨੀ ਅਤੇ ਨਾਮਵਰ ਲੇਖਕ ਹਨ। ਗ੍ਰੈਜੂਏਸ਼ਨ ਐਫ.ਸੀ ਕਾਲਜ ਲਾਹੌਰ ਤੋਂ ਕੀਤੀ ਅਤੇ ਸਟਾਕਹੋਮ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਵਿੱਚ ਪੀਐੱਚ.ਡੀ. ਕੀਤੀ ਹੋਈ ਹੈ। ਉਹ ਸਰਕਾਰੀ ਕਾਲਜ, ਲਾਹੌਰ ਦੇ ਵਿਜ਼ਟਿੰਗ ਪ੍ਰੋਫ਼ੈਸਰ ਵੀ ਰਹੇ ਹਨ। ਵਰਤਮਾਨ ਸਮੇਂ ਉਹ ਸਟਾਕਹੋਮ ਯੂਨੀਵਰਸਿਟੀ, ਸਵੀਡਨ ਵਿਖੇ ਰਾਜਨੀਤੀ ਸ਼ਾਸਤਰ ਦੇ ਪ੍ਰੋਫ਼ੈਸਰ ਆਫ਼ ਐਮੀਰਿਟਸ ਵਜੋਂ ਸੇਵਾਵਾਂ ਦੇ ਰਹੇ ਹਨ।
ਉਨ੍ਹਾਂ ਦੇ ਜੀਵਨ ਬਾਰੇ ਪੁੱਛੇ ਸਵਾਲ ਦੇ ਜਵਾਬ ਚ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਜਨਮ ਅਰਾਈਂ ਬਰਾਦਰੀ ਵਿੱਚ ਹੋਇਆ। ਬੁੱਲ੍ਹੇ ਸ਼ਾਹ ਦੇ ਮੁਰਸ਼ਦ ਸ਼ਾਹ ਅਨਾਇਤ ਹੁਰਾਂ ਦਾ ਸੰਬੰਧ ਵੀ ਅਰਾਈਂ ਬਰਾਦਰੀ ਨਾਲ ਸੀ। ਉਨ੍ਹਾਂ ਕਿਹਾ ਕਿ ਕਦੇ ਵੀ ਮੇਰੇ ਵੱਡੇ ਵਡੇਰਿਆਂ ਤੋਂ ਲੈ ਕੇ ਮੇਰਾ ਪਰਿਵਾਰ ਮੁਸਲਿਮ ਲੀਗ ਨਾਲ ਸੰਬੰਧਿਤ ਨਹੀਂ ਰਿਹਾ। ਬਰਾਬਰੀ ਵਾਲਾ ਸਮਾਜ ਸਿਰਜਣ ਨਾਲ ਵਾਬਸਤਾ ਅਗਾਂਹਵਧੂ ਚੇਤਨਾ ਉਨ੍ਹਾਂ ਨੂੰ ਬਸਤੀਵਾਦੀ ਵਿਰੋਧ ਕਰਨ ਵਾਲੇ ਅਤੇ ਦੇਸ਼ ਦੀ ਅਜ਼ਾਦੀ ਦੇ ਸੁਪਨੇ ਵੇਖਣ ਵਾਲੇ ਉਨ੍ਹਾਂ ਦੇ ਪਿਤਾ ਤੋਂ ਪ੍ਰਾਪਤ ਹੋਈ। ਬਰਾਦਰੀਆਂ ਦਾ ਜਾਤੀਵਾਦੀ ਪ੍ਰਬੰਧ ਮੈਨੂੰ ਅਤੇ ਮੇਰੇ ਪਿਤਾ ਜੀ ਨੂੰ ਕਦੇ ਵੀ ਸਾਵਾਂ ਜਾ ਸੁਹਿਰਦ ਪਹੁੰਚ ਵਾਲਾ ਨਹੀਂ ਲੱਗਿਆ। ਮੈਂ ਆਪਣਾ ਸਾਰਾ ਕੰਮ ਅੰਗਰੇਜ਼ੀ ਜੁਬਾਨ ਵਿੱਚ ਕਰਦਾ ਰਿਹਾ ਹਾਂ।
ਸਾਡੇ ਘਰਾਂ ਵਿੱਚ ਪੰਜਾਬੀ ਜੁਬਾਨ ਬੋਲੀ ਜਰੂਰ ਜਾਂਦੀ ਸੀ। ਨਵੇਂ ਪੋਚ ਵਿੱਚ ਹੁਣ ਦੇ ਸਮੇਂ ਵਿੱਚ ਰਾਜਸੀ ਕਾਰਨਾਂ ਵੱਸ ਪੰਜਾਬੀ ਜੁਬਾਨ ਸੰਬੰਧੀ ਸੰਕੋਚ ਵੱਧ ਰਿਹਾ ਹੈ। ਵਿਦੇਸ਼ ਜਾਣ ਦੇ ਕਾਰਣ ਸੰਬੰਧੀ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਖੱਬੇ ਪੱਖੀ ਵਿਚਾਰਧਾਰਾ ਨਾਲ ਸੰਬੰਧਿਤ ਹੋਣ ਕਰਕੇ ਪਾਕਿਸਤਾਨ ਵਿੱਚ ਸੁਖਾਵੇਂ ਲੋਕਤੰਤਰੀ ਮਾਹੌਲ ਦੀ ਅਣਹੋਂਦ ਦੇ ਚੱਲਦਿਆਂ ਉਨ੍ਹਾਂ ਨੂੰ ਸਵੀਡਨ ਜਾਣਾ ਪਿਆ। ਇੱਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਸਵੀਡਨ ਵਿੱਚ ਧਰਮ ਆਧਾਰਿਤ ਵਿਚਰਨ ਪ੍ਰਤਿਸ਼ਤਤਾ ਨਾ-ਮਾਤਰ ਹੈ। ਲੋੜਾਂ ਥੁੜਾਂ ਵਾਲੇ ਸਮਾਜਾਂ ਦੇਸ਼ਾਂ ਵਿੱਚ ਜਾਤ-ਪਾਤ ਆਧਾਰਿਤ ਸਮਾਜਿਕ ਵੰਡ ਵਖਰੇਵੇਂ ਅਤੇ ਧਰਮ ਆਧਾਰਿਤ ਫਿਰਕੇਬਾਜੀ, ਵੰਡ ਵਖਰੇਵੇਂ ਵੱਡੇ ਪੱਧਰ ਉੱਪਰ ਵੇਖਣ ਨੂੰ ਮਿਲਦੇ ਹਨ।
ਅਸਲ ਵਿੱਚ ਹਰ ਸਮਾਜ, ਦੇਸ਼ ਵਿੱਚ ਇੱਕ ਅਜਿਹਾ ਨੈੱਟਵਰਕ ਹੋਣਾ ਚਾਹੀਦਾ ਹੈ ਜਿਸ ਨਾਲ ਬਿਨਾਂ ਕਿਸੇ ਧਰਮ, ਜਾਤ, ਲਿੰਗ, ਰੁਤਬੇ ਦੇ ਭੇਦ ਵਿਤਕਰੇ ਤੋਂ ਸਭ ਨੂੰ ਅਜ਼ਾਦ ਜੀਵਨ ਜਿਉਣ ਦਾ ਆਦਰ ਭਰਿਆ ਮੌਕਾ ਮਿਲੇ। ਮਜ਼੍ਹਬ ਸਾਡੇ ਸਭ ਨਾਲ ਸਭਿਆਚਾਰਕ ਤਰਜ ‘ਤੇ ਤੁਰਦਾ ਹੈ ਪਰ ਜਦੋਂ ਮਜ਼੍ਹਬ ਦੂਸਰੇ ਮਜ਼੍ਹਬ ਨਾਲ ਟਕਰਾਅ ਪੈਦਾ ਕਰਦਾ ਹੈ ਉਦੋਂ ਇਹ ਆਪਣੇ ਅਸਲ ਮਨੋਰਥ ਤੋਂ ਭਟਕ ਜਾਂਦਾ ਹੈ। ਮਜ਼੍ਹਬ ਦੀ ਬੁਨਿਆਦ ਉੱਪਰ ਉਸਰਿਆ ਮੁਲਕ ਕਦੇ ਵੀ ਵਿਹਾਰਕ ਜਾਂ ਵਾਜਬ ਪਹੁੰਚ ਵਾਲਾ ਮੁਲਕ ਨਹੀਂ ਹੋ ਸਕਦਾ। ਬਿਨਾਂ ਮਜ਼੍ਹਬ ਦੀ ਬੁਨਿਆਦ ਤੋਂ ਦੱਬੇ ਕੁਚਲੇ ਲੋਕਾਂ ਦੀ ਬਿਹਤਰੀ ਲਈ ਸਭ ਥਾਂ ਯਤਨ ਹੋਣੇ ਚਾਹੀਦੇ ਹਨ। ਮਜ਼੍ਹਬ ਆਧਾਰਿਤ ਸਟੇਟ ਦਾ ਵਿਚਾਰ ਨਿਰੋਲ ਸ਼ੈਤਾਨ ਦਾ ਵਿਚਾਰ ਹੈ। ਘੱਟ ਗਿਣਤੀਆਂ ਨੂੰ ਮਜ਼੍ਹਬ ਆਧਾਰਿਤ ਸਟੇਟ ਦੇ ਬਜਾਇ ਆਪਣੇ ਹਮ ਖਿਆਲੀ ਲੋਕਾਂ ਨਾਲ ਵੱਡੀ ਏਕਤਾ ਸਿਰਜ ਕੇ ਸਥਾਪਿਤ ਧਿਰਾਂ ਨੂੰ ਵਾਜਬ ਚੈਲੇਂਜ ਦੇਣਾ ਚਾਹੀਦਾ ਹੈ।
ਦੇਸ਼ ਵੰਡ ਨਾਲ ਸੰਬੰਧਿਤ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਦੇਸ਼ ਵੰਡ ਨਾਲ ਸੰਬੰਧਿਤ ਉਨ੍ਹਾਂ ਦੀ ਮਾਤਾ ਵੱਲੋਂ ਦੱਸੀਆਂ ਵੱਖ-ਵੱਖ ਵੇਦਨਾ ਭਰੀਆਂ ਯਾਦਾਂ ਨੇ ਉਨ੍ਹਾਂ ਦੇ ਜ਼ਿਹਨ ਵਿੱਚ ਬੜਾ ਗਹਿਰਾ ਪ੍ਰਭਾਵ ਅਤੇ ਰੁਦਨ ਪੈਦਾ ਕੀਤਾ। ਫਿਰਕਾਪ੍ਰਸਤੀ ਉੱਪਰ ਉਸਰੇ ਦੇਸ਼ ਵੰਡ ਦੇ ਇਸ ਬਦਲਾ-ਲਊ ਹੈਵਾਨੀ ਕਾਰੇ ਨੇ ਹਰ ਸੂਖਮ ਮਨ ਨੂੰ ਝੰਜੋੜ ਸੁੱਟਿਆ। ਉਨ੍ਹਾਂ ਨੇ ਦੇਸ਼ ਵੰਡ ਨਾਲ ਸੰਬੰਧਿਤ ਸਵਾਲਾਂ ਨੂੰ ਦੇਸ਼ ਵੰਡ ਆਧਾਰਿਤ ਲਿਖੇ ਗਏ ਚੰਗੇ ਸਾਹਿਤ ਦੇ ਹਵਾਲੇ ਨਾਲ ਵੀ ਸਮਝਿਆ-ਸਮਝਾਇਆ।
ਪ੍ਰੋ. ਇਸ਼ਤਿਆਕ ਅਹਿਮਦ ਹੁਰਾਂ ਨਾਲ ਪੰਜਾਬੀ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਰਚਾਏ ਗਏ ਗਹਿਰ-ਗੰਭੀਰ ਸੰਵਾਦ ਵਿੱਚ ਜਿੱਥੇ ਪੰਜਾਬੀ ਵਿਭਾਗ ਦੇ ਅਧਿਆਪਕ ਪ੍ਰੋਫ਼ੈਸਰ ਰਜਿੰਦਰਪਾਲ ਸਿੰਘ ਡੀਨ ਭਾਸ਼ਾਵਾਂ, ਪ੍ਰੋਫੈਸਰ ਸੁਰਜੀਤ ਸਿੰਘ ਡਾਇਰੈਕਟਰ ਪਬਲੀਕੇਸ਼ਨ ਬਿਊਰੋ, ਡਾ. ਗੁਰਮੁਖ ਸਿੰਘ ਪ੍ਰੋਫੈਸਰ ਅਤੇ ਮੁਖੀ ਨੇ ਸਰਗਰਮ ਹਿੱਸਾ ਲਿਆ ਇਨ੍ਹਾਂ ਤੋਂ ਇਲਾਵਾ ਵਿਭਾਗ ਦੇ ਵਿਦਿਆਰਥੀਆਂ, ਖੋਜਾਰਥੀਆਂ ਨੇ ਬੜੀ ਸੰਜੀਦਗੀ ਅਤੇ ਪੁਖਤਗੀ ਨਾਲ ਆਪਣੇ ਸਵਾਲ ਕੀਤੇ ।