ਅਸ਼ੋਕ ਵਰਮਾ
ਬਠਿੰਡਾ, 25 ਨਵੰਬਰ 2020 - ਬਾਬਾ ਫ਼ਰੀਦ ਕਾਲਜ, ਬਠਿੰਡਾ ਦੇ ਵੂਮੈਨ ਡਿਵੈਲਪਮੈਂਟ ਸੈਲ ਦੇ ਸਹਿਯੋਗ ਨਾਲ ਐਨ.ਐਸ.ਐਸ. ਯੂਨਿਟ ਵੱਲੋਂ ਔਰਤਾਂ ਪ੍ਰਤੀ ਸਤਿਕਾਰ ਪੈਦਾ ਕਰਨ ਲਈ ‘ਔਰਤ ਸਸ਼ਕਤੀਕਰਨ’ ਵਿਸੇ ‘ਤੇ ਲੇਖ ਲਿਖਣ ਦਾ ਆਨਲਾਈਨ ਸਾਹਿਤਕ ਮੁਕਾਬਲਾ ਕਰਵਾਇਆ ਗਿਆ । ਵਿਦਿਆਰਥੀਆਂ ਨੂੰ ਲਿਖਣ ਦੇ ਹੁਨਰ ਨਾਲ ਇੱਕ ਵਾਧੂ ਸਹਿ-ਪਾਠਕ੍ਰਮ ਗਤੀਵਿਧੀ ਵਿਚ ਸ਼ਾਮਲ ਕਰਨ ਅਤੇ ਲਿਖਣ ਦੇ ਹੁਨਰ ਲਈ ਵਿਚਾਰਾਂ ਨੂੰ ਵਧਾਉਣ ਦੀ ਯੋਗਤਾ ਨੂੰ ਵਿਕਸਤ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ। ਇਸ ਪ੍ਰਸੰਗ ਵਿੱਚ ਐਨ.ਐਸ.ਐਸ. ਯੂਨਿਟ ਨੇ ਵਿਦਿਆਰਥੀਆਂ ਨੂੰ ਆਪਣੇ ਘਰਾਂ ਤੋਂ ਇਸ ਆਨਲਾਈਨ ਮੁਕਾਬਲੇ ਵਿੱਚ ਭਾਗ ਲੈਣ ਲਈ ਸੱਦਾ ਦਿੱਤਾ।
ਲੇਖ ਲਿਖਣ ਲਈ ਪੰਜਾਬੀ , ਹਿੰਦੀ ਅਤੇ ਅੰਗਰੇਜ਼ੀ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਗਈ ਸੀ । ਵਿਦਿਆਰਥੀਆਂ ਨੇ ਆਪਣੇ ਵਿਚਾਰਾਂ ਵਿਚ ਦੱਸਿਆ ਕਿ ਔਰਤਾਂ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਉਨਾਂ ਨੂੰ ਸਿੱਖਿਅਤ ਕਰ ਕੇ ਸਮਾਜ ਦਾ ਇੱਕ ਬਰਾਬਰ ਹਿੱਸਾ ਮਹਿਸੂਸ ਕਰਵਾਉਣਾ, ਉਹਨਾਂ ਨੂੰ ਸਵੈ-ਨਿਰਭਰ ਬਣਾਉਣਾ, ਸਮਾਜ ਦੇ ਪ੍ਰਬੰਧ ਵਿਚ ਬਰਾਬਰ ਭੂਮਿਕਾਵਾਂ ਦੇਣਾ ਅਤੇ ਸਭ ਤੋਂ ਮਹੱਤਵਪੂਰਨ ਔਰਤਾਂ ਦੇ ਯੋਗਦਾਨ ਲਈ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਔਰਤ ਸਸ਼ਕਤੀਕਰਨ ਇੱਕ ਭਖਦਾ ਮੁੱਦਾ ਹੈ ਜੋ ਔਰਤਾਂ ਨੂੰ ਆਪਣੇ ਖ਼ੁਦ ਤੋਂ ਸੁਤੰਤਰ ਬਣਾਉਣ ਦਾ ਸੰਕੇਤ ਦਿੰਦਾ ਹੈ । ਔਰਤ ਸਸ਼ਕਤੀਕਰਨ ਉਨਾਂ ਨੂੰ ਆਪਣੀ ਚੋਣ ਕਰਨ ਦੀ ਆਜ਼ਾਦੀ ਦਿੰਦਾ ਹੈ।
ਔਰਤ ਸਸ਼ਕਤੀਕਰਨ ਆਦਮੀ ਅਤੇ ਔਰਤ ਵਿਚਾਲੇ ਅਸਮਾਨਤਾ ਦੇ ਵਿਚਾਰਾਂ ਨੂੰ ਖ਼ਤਮ ਕਰਦਾ ਹੈ। ਇਹ ਔਰਤਾਂ ਲਈ ਘਰੇਲੂ ਹਿੰਸਾ, ਦਾਜ ਦੀ ਮੰਗ ਜਿਹੇ ਸਮਾਜਿਕ ਮੁੱਦਿਆਂ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਲਈ ਇੱਕ ਸੱਦਾ ਹੈ। ਔਰਤ ਸਸ਼ਕਤੀਕਰਨ ਦਾ ਅਭਿਆਸ ਸਮਾਜ ਦੀਆਂ ਲੜਕੀਆਂ ਨੂੰ ਚੰਗੀ ਸਿੱਖਿਆ ਦੇ ਕੇ, ਉਨਾਂ ਨਾਲ ਮੁੰਡਿਆਂ ਵਰਗਾ ਵਰਤਾਓ ਕਰ ਕੇ ਕੀਤਾ ਜਾ ਸਕਦਾ ਹੈ। ਲੜਕੀਆਂ ਨੂੰ ਬਰਾਬਰ ਅਧਿਕਾਰ ਅਤੇ ਸਮਾਜਿਕ ਤੇ ਪਰਿਵਾਰਕ ਮਾਮਲਿਆਂ ‘ਤੇ ਆਪਣੇ ਵਿਚਾਰ ਰੱਖਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ।
ਇਸ ਪੋ੍ਰਗਰਾਮ ਦਾ ਪ੍ਰਬੰਧ ਪ੍ਰੋਗਰਾਮ ਕੋਆਰਡੀਨੇਟਰ ਸ੍ਰੀਮਤੀ ਸੁਖਜਿੰਦਰ ਕੌਰ ਅਤੇ ਵੁਮੈਨ ਡਿਵੈਲਪਮੈਂਟ ਸੈਲ ਦੀਆਂ ਵਿਦਿਆਰਥਣਾਂ ਨੇ ਕੀਤਾ। ਇਸ ਮੁਕਾਬਲੇ ਵਿੱਚ ਬੀ.ਐਸ.ਸੀ. ਬਾਇਓਟੈਕ (ਆਨਰਜ਼) ਪਹਿਲੇ ਸਮੈਸਟਰ ਦੇ ਸ਼ਿਵਮ ਗੋਇਲ ਨੇ ਪਹਿਲਾ ਸਥਾਨ ਅਤੇ ਰਮਨਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਬੀ.ਐਸ.ਸੀ. ਆਨਰਜ਼ ਇਨ ਮੈਥੇਮੈਟਿਕਸ ਪੰਜਵਾਂ ਸਮੈਸਟਰ ਦੀ ਮਨੀਸ਼ਾ ਨੇ ਤੀਜੇ ਸਥਾਨ ਤੇ ਰਹੀ । ਸਾਰੇ ਭਾਗੀਦਾਰਾਂ ਅਤੇ ਜੇਤੂਆਂ ਨੂੰ ਈ-ਸਰਟੀਫਿਕੇਟ ਪ੍ਰਦਾਨ ਕੀਤੇ ਗਏ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਤੇ ਕਾਲਜ ਦੇ ਪਿ੍ਰੰਸੀਪਲ ਨੇ ਵਿਦਿਆਰਥੀਆਂ ਅਤੇ ਜੇਤੂਆਂ ਨੂੰ ਵਧਾਈ ਦਿੱਤੀ ।