ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 25 ਨਵੰਬਰ 2020- ਬੇਟੀ ਬਚਾਓ-ਬੇਟੀ ਪੜ੍ਹਾਓ ਪ੍ਰੋਗਰਾਮ ਤਹਿਤ ਅੱਜ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ 10ਵੀਂ ਕਲਾਸ ਵਿੱਚ ਪੜ੍ਹਣ ਵਾਲੀਆਂ ਵਿਦਿਆਰਥੀਆਂ ਨੂੰ ਆਨ ਲਾਇਨ ਪੜ੍ਹਾਈ ਕਰਨ ਲਈ ਸਮਾਰਟ ਫੋਨ ਵੰਡੇ ਗਏ। ਇਸ ਪ੍ਰੋਗਰਾਮ ਦੀ ਸ਼ੁਰੂਆਤ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਨੇ ਦਫਤਰ ਡਿਪਟੀ ਕਮਿਸ਼ਨਰ ਦੇ ਮੀਟਿੰਗ ਹਾਲ ਵਿੱਚ ਕੀਤੀ। ਇਸ ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਰਾਜੇਸ਼ ਤ੍ਰਿਪਾਠੀ ਐਡੀਸ਼ਨਲ ਡਿਪਟੀ ਕਮਿਸ਼ਨਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਜਿੰਨ੍ਹਾਂ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਣ ਵਾਲੀਆਂ ਵਿਦਿਆਰਥੀਣਾਂ ਨੂੰ ਸਮਾਰਟ ਫੋਨ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਸਕੂਲੀ ਵਿਦਿਆਰਥਣਾਂ ਲਈ ਹੁਣ ਆਨ ਲਾਇਨ ਪੜ੍ਹਾਈ ਕਰਨ ਲਈ ਇਹ ਸਮਾਰਟ ਫੋਨ ਬਹੁਤ ਹੀ ਫਾਇਦੇਮੰਦ ਸਾਬਤ ਹੋਣਗੇ। ਉਨ੍ਹਾਂ ਅੱਗੇ ਦੱਸਿਆ ਕਿ 323 ਸਮਾਰਟ ਫੋਨ ਜ਼ਿਲ੍ਹੇ ਦੇ 8 ਸਰਕਾਰੀ ਸਕੂਲਾਂ ਦੀਆਂ ਉਨ੍ਹਾਂ ਵਿਦਿਆਰਥਣਾਂ ਨੂੰ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਬੇਟੀ ਬਚਾਓ-ਬੇਟੀ ਪੜ੍ਹਾਓ ਪ੍ਰੋਗਰਾਮ ਤਹਿਤ ਦਿੱਤੇ ਗਏ ਹਨ, ਜਿੰਨ੍ਹਾਂ ਨੇ ਵਿਦਿਆਰਥਣਾਂ ਨੇ 9ਵੀਂ ਕਲਾਸ ਵਿਚੋਂ 60 ਪ੍ਰਤੀਸ਼ਤ ਤੋਂ ਵੱਧ ਨੰਬਰ ਪ੍ਰਾਪਤ ਕੀਤੇ ਸਨ ਅਤੇ ਇਸ ਸਮੇਂ ਇਹ 10ਵੀਂ ਕਲਾਸ ਵਿੱਚ ਆਪਣੀ ਪੜ੍ਹਾਈ ਕਰ ਰਹੀਆਂ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮਾਰਟ ਫੋਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਇਸ ਫੋਨ ਤੇ ਬੇਟੀ ਬਚਾਓ-ਬੇਟੀ ਪੜ੍ਹਾਓ ਦੀ ਐਪ ਡਾਊਨਲੋਡ ਕਰਨ ਲਈ ਵੀ ਪ੍ਰੇਰਿਤ ਕੀਤਾ ਅਤੇ ਸਮਾਰਟ ਫੋਨ ਦੀ ਸਹੀ ਵਰਤੋਂ ਕਰਨ ਲਈ ਕਿਹਾ।