ਭਾਸ਼ਾ ਵਿਭਾਗ ਵੱਲੋਂ ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਕਰਵਾਇਆ ਨਾਟਕ ਮੇਲਾ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ 29 ਮਾਰਚ 2023 - ਜ਼ਿਲ੍ਹਾ ਕਪੂਰਥਲਾ ਭਾਸ਼ਾ ਵਿਭਾਗ ਵੱਲੋਂ ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਕਰਵਾਇਆ ਗਿਆ ਨਾਟਕ-ਇਨਕਲਾਬ ਜ਼ਿੰਦਾਬਾਦ ਰੰਗਮੰਚ ਇੱਕ ਅਜਿਹੀ ਤਾਕਤ ਹੈ ਜਿਸ ਨੂੰ ਵੇਖਣ ਨਾਲ ਇਨਸਾਨ ਕੁਝ ਸਮੇਂ ਲਈ ਆਪਣੇ ਦੁੱਖਾਂ ਨੂੰ ਭੁੱਲ ਜਾਂਦਾ ਹੈ ਪੰਜਾਬ ਸਰਕਾਰ, ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਤੇ ਭਾਸਾ ਵਿਭਾਗ ਪੰਜਾਬ ਦੀ ਰਹਿਨੁਮਾਈ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਭਾਸ਼ਾ ਵਿਭਾਗ, ਕਪੂਰਥਲਾ ਵੱਲੋਂ ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਨਾਟਕ-ਇਨਕਲਾਬ ਜ਼ਿੰਦਾਬਾਦ ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵਿਮਿਨ ਕਪੂਰਥਲਾ ਦੇ ਸਹਿਯੋਗ ਨਾਲ ਕਾਲਜ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਾਗਰ ਸੇਤੀਆ ਆਈ.ਏ.ਐੱਸ. ਵਧੀਕ ਡਿਪਟੀ ਕਮਿਸ਼ਨਰ ਕਪੂਰਥਲਾ ਅਤੇ ਵਿਸ਼ੇਸ਼ ਮਹਿਮਾਨ ਅਨਿਲ ਬੋਪਾਰਾਏ, ਉਪ ਜ਼ਿਲ੍ਹਾ ਅਟਾਰਨੀ ਕਪੂਰਥਲਾ ਅਤੇ ਇੰਦਰਜੀਤ ਰੂਪੋਵਾਲੀ ਮੁੱਖ ਸਕੱਤਰ ਇਪਟਾ ਪੰਜਾਬ ਵਲੋਂ ਸ਼ਮੂਲੀਅਤ ਕੀਤੀ ਗਈ।
ਇਸ ਸਮਾਗਮ ਦੀ ਪ੍ਰਧਾਨਗੀ ਕਾਲਜ ਦੀ ਪ੍ਰਿੰਸੀਪਲ ਮਨਜੀਤ ਕੌਰ ਵੱਲੋਂ ਕੀਤੀ ਗਈ। ਰੰਗਮੰਚ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦੇਣ ਸੰਬੰਧੀ ਡਾ. ਹਰਭਜਨ ਸਿੰਘ ਵੱਲੋਂ ਮੁੱਖ ਵਕਤਾ ਵਜੋਂ ਭੂਮਿਕਾ ਨਿਭਾਈ ਗਈ। ਇਸ ਸਮਾਗਮ ਦਾ ਮੰਚ ਸੰਚਾਲਨ ਐਡਵੋਕੇਟ ਜਸਪਾਲ ਸਿੰਘ ਗਿੱਲ ਵੱਲੋਂ ਬਾਖੂਬੀ ਢੰਗ ਨਾਲ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਵਿਭਾਗੀ ਧੁੰਨ ਨਾਲ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਜਸਪ੍ਰੀਤ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆ ਜੀ ਆਇਆ ਆਖਿਆ ਤੇ ਵਿਸ਼ਵ ਰੰਗਮੰਚ ਦਿਵਸ ਬਾਰੇ ਆਏ ਹੋਏ ਸਰੋਤਿਆ ਨੂੰ ਜਾਣੂ ਕਰਵਾਇਆ। ਇਸ ਉਪਰੰਤ ਕਲਾ ਸਹਿਤ ਨਾਲ ਜੁੜੇ ਕਰਮੀਆਂ ਵੱਲੋਂ ਵੱਖ-ਵੱਖ ਗੀਤਾਂ ਦੀ ਪੇਸ਼ਕਾਰੀ ਅਤੇ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਨਾਰੀ ਸ਼ਕਤੀਕਰਣ ਤੇ ਨਾਰੀ ਦੇ ਵੱਖ-ਵੱਖ ਰੂਪਾਂ ਤੇ ਕੋਰੀਓਗ੍ਰਾਫ਼ੀ ਵੀ ਕੀਤੀ ਗਈ।
ਇਸ ਉਪਰੰਤ ਰੰਗਮੰਚ ਨਾਲ ਸੰਬੰਧਤ ਨਾਟਕ ਇਨਕਲਾਬ ਜ਼ਿੰਦਾਬਾਦ ਪ੍ਰਿਤਪਾਲ ਸਿੰਘ (ਗੋਲਡ ਮੈਡਲਿਸਟ) ਐਂਡ ਟੀਮ ਦੁਆਰਾ ਪੇਸ਼ ਕੀਤਾ ਗਿਆ।ਇਸ ਨਾਟਕ ਵਿੱਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਵੱਲੋਂ ਦੇਸ਼ ਦੀ ਆਜ਼ਾਦੀ ਨਾਲ ਸੰਬੰਧਤ ਬਹੁਤ ਸਾਰੇ ਪਹਿਲੂਆਂ ਤੇ ਚਾਨਣ ਪਾਇਆ ਗਿਆ। ਵਧੀਕ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਕਾਲਜ ਦੀਆਂ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵੱਧ ਤੋਂ ਵੱਧ ਪੜ੍ਹਾਈ ਕਰਕੇ ਆਪਣੀਆਂ ਸੇਵਾਵਾਂ ਸਰਕਾਰ ਨੂੰ ਦਿੱਤੀਆਂ ਜਾਣ ਤੇ ਉਨ੍ਹਾਂ ਵਲੋਂ ਇਹ ਵੀ ਕਿਹਾ ਗਿਆ ਕਿ ਕਿਸੇ ਵਿਦਿਆਰਥੀ/ਵਿਦਿਆਰਥਣ ਨੂੰ ਐਜੂਕੇਸ਼ਨ ਸੰਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਤਾਂ ਉਹ ਨਿਜ਼ੀ ਤੌਰ ਵੀ ਸਹਾਇਤਾ ਲੈ ਸਕਦੇ ਹਨ।
ਮੁੱਖ ਵਕਤਾ ਵਜੋਂ ਡਾ. ਹਰਭਜਨ ਸਿੰਘ ਵੱਲੋਂ ਵਿਸ਼ਵ ਰੰਗਮੰਚ ਨਾਲ ਸੰਬੰਧਤ ਵਿਸਥਾਰ ਸਹਿਤ ਜਾਣਕਾਰੀ ਦਿੰਦਿਆ ਕਿਹਾ ਕਿ ਕਿਸੇ ਕਹਾਣੀ ਜਾਂ ਨਾਟਕ ਨੂੰ ਪੜ੍ਹਨ ਨਾਲੋਂ ਪ੍ਰੈਕਟੀਕਲੀ ਵੇਖਣ ਨਾਲ ਜ਼ਿਆਦਾ ਚੰਗੀ ਤਰ੍ਹਾਂ ਸਮਝ ਪੈਂਦਾ ਹੈ। ਇਸ ਤੋਂ ਇਲਾਵਾਂ ਉਨ੍ਹਾਂ ਵੱਲੋਂ ਸਰੋਤਿਆ ਨੂੰ ਇਪਟਾ ਸੰਸਥਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇੰਦਰਜੀਤ ਰੂਪੋਵਾਲੀ ਮੁੱਖ ਸਕੱਤਰ ਇਪਟਾ ਪੰਜਾਬ ਵੱਲੋਂ ਸੰਬੋਧਨ ਕਰਦਿਆ ਕਿਹਾ ਕਿ ਰੰਗਮੰਚ ਇੱਕ ਅਜਿਹੀ ਤਾਕਤ ਹੈ ਜਿਸ ਨੂੰ ਵੇਖਣ ਨਾਲ ਇਨਸਾਨ ਕੁਝ ਸਮੇਂ ਲਈ ਆਪਣੇ ਦੁੱਖਾਂ ਨੂੰ ਭੁੱਲ ਜਾਂਦਾ ਹੈ ਅਤੇ ਜਿੰਦਗੀ ਨੂੰ ਵੇਖਣ ਦਾ ਇੱਕ ਨਵਾਂ ਨਜ਼ਰੀਆਂ ਮਿਲ ਜਾਂਦਾ ਹੈ ਤੇ ਕਿਹਾ ਕਿ ਬਿਨ੍ਹਾਂ ਰੰਗਮੰਚ ਤੇ ਜਿੰਦਗੀ ਅਧੁਰੀ ਹੈ।
ਇਸ ਉਪਰੰਤ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਪਸਨ ਲਲਿਤ ਸਕਲਾਨੀ (ਆਪ) ਵੱਲੋਂ ਸੰਬੋਧਨ ਕਰਦਿਆ ਕਿਹਾ ਕਿ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਕਿਤਾਬਾਂ ਨਾਲ ਬਹੁਤ ਪਿਆਰ ਕਰਦੇ ਸਨ ਤੇ ਉਨ੍ਹਾਂ ਦਾ ਕਿਤਾਬਾਂ ਪੜ੍ਹਨ ਦਾ ਸੁਨੇਹਾ ਹਰ ਘਰ ਵਿੱਚ ਜਾਵੇਗਾ। ਉਨ੍ਹਾਂ ਵੱਲੋਂ ਕਿਹਾ ਕਿ ਹਰ ਮੁਹੱਲੇ ਪੁਸਤਕ ਲਾਇਬ੍ਰੇਰੀ ਬਣਾਉਣ ਲਈ ਸਰਕਾਰ ਨੂੰ ਤਜਵੀਜ਼ ਭੇਜੀ ਜਾਵੇਗੀ। ਇਸ ਸਮਾਗਮ ਦੇ ਪ੍ਰਬੰਧਾਂ ਸੰਬੰਧੀ ਬਲਵੀਰ ਸਿੰਘ ਸਿੱਧੂ ਭਾਸ਼ਾ ਵਿਭਾਗ ਵੱਲੋਂ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ ਗਿਆ।
ਆਖੀਰ ਵਿੱਚ ਕਾਲਜ ਦੀ ਪ੍ਰਿੰਸੀਪਲ ਮਨਜੀਤ ਕੌਰ ਵੱਲੋਂ ਆਈਆਂ ਹੋਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਾਡੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਵਿਸ਼ਵ ਰੰਗਮੰਚ ਦਿਵਸ ਸਾਡੇ ਕਾਲਜ ਦੇ ਵਿਹੜੇ ਮਨਾਇਆ ਗਿਆ ਜੋ ਕਿ ਸਾਡੇ ਕਾਲਜ ਦੀਆਂ ਵਿਦਿਆਰਥਣਾਂ ਲਈ ਪ੍ਰੇਰਨਾ ਦਾਇਕ ਹੈ। ਸਮਾਗਮ ਦੇ ਆਖੀਰ ਵਿੱਚ ਆਈਆਂ ਹੋਈਆਂ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।