ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 12 ਜਨਵਰੀ 2021 - ਅਮਰੀਕਾ ਦੇ ਸੂਬੇ ਟੈਨੇਸੀ ਦੇ ਮੈਮਫਿਜ਼ ਵਿੱਚ ਇੱਕ ਪੁਲਿਸ ਅਧਿਕਾਰੀ ਨੂੰ ਐਤਵਾਰ ਦੇ ਦਿਨ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਇਸ ਆਧਿਕਾਰੀ ਉੱਪਰ ਡਿਊਟੀ ਦੌਰਾਨ ਇੱਕ ਵਿਅਕਤੀ ਨੂੰ ਅਗਵਾ ਕਰਨ ਅਤੇ ਮਾਰਨ ਦੇ ਇਲਜ਼ਾਮ ਲਗਾਏ ਗਏ ਹਨ। ਮੈਮਫਿਜ਼ ਪੁਲਿਸ (ਐਮ ਪੀ ਡੀ) ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ 29 ਸਾਲਾ ਪੁਲਿਸ ਅਧਿਕਾਰੀ ਪੈਟ੍ਰਿਕ ਫਰਗੂਸਨ ਨੇ 30 ਸਾਲਾ ਵਿਅਕਤੀ ਰੌਬਰਟ ਹਾਵਰਡ ਨੂੰ ਇੱਕ ਸਕੁਐਡ ਕਾਰ ਦੇ ਪਿਛਲੇ ਹਿੱਸੇ ਵਿੱਚ ਧੱਕੇ ਨਾਲ ਬਿਠਾਉਣ ਤੋਂ ਬਾਅਦ ਫਰੇਜ਼ਰ ਬੁਲੇਵਰਡ ਅਤੇ ਡੇਨਵਰ ਸਟ੍ਰੀਟ ਲਿਜਾ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
ਇਸ ਮਾਮਲੇ ਬਾਰੇ ਇੱਕ ਬਿਆਨ ਦੇ ਅਨੁਸਾਰ ਹਾਵਰਡ ਨੂੰ ਆਖਰੀ ਵਾਰ ਪਿਛਲੇ ਮੰਗਲਵਾਰ ਨੂੰ ਉਸਦੇ ਘਰ ਦੇਖਿਆ ਗਿਆ ਸੀ ਅਤੇ ਅਗਲੇ ਦਿਨ ਉਸਦੀ ਮਹਿਲਾ ਮਿੱਤਰ ਦੁਆਰਾ ਲਾਪਤਾ ਹੋਣ ਦੀ ਖਬਰ ਦਿੱਤੀ ਸੀ। ਐੱਮ ਪੀ ਡੀ ਨੇ ਜਾਣਕਾਰੀ ਦਿੱਤੀ ਕਿ ਫਰਗੂਸਨ, ਜੋ ਉਸ ਸਮੇਂ ਡਿਊਟੀ 'ਤੇ ਸੀ ਅਤੇ ਹਾਵਰਡ ਨੂੰ ਜਾਣਦਾ ਸੀ, ਨੇ ਹਾਵਰਡ ਨੂੰ ਘਰੋਂ ਬਾਹਰ ਲਿਜਾ ਕੇ ਆਪਣੀ ਗਸ਼ਤ ਵਾਲੀ ਕਾਰ ਦੇ ਪਿਛਲੇ ਪਾਸੇ ਬਿਠਾਉਣ ਦੇ ਬਾਅਦ ਕੁੱਝ ਮੀਲ ਦੀ ਦੂਰੀ ਤੇ ਲਿਜਾ ਕੇ ਉਸਨੂੰ ਗੋਲੀ ਮਾਰ ਦਿੱਤੀ । ਪੁਲਿਸ ਨੇ ਇਸਦਾ ਵੀ ਖੁਲਾਸਾ ਕੀਤਾ ਕਿ ਫਰਗੂਸਨ ਉਸ ਮੌਕੇ ਆਪਣੀ ਮਰਜ਼ੀ ਅਨੁਸਾਰ ਕੰਮ ਕਰ ਰਿਹਾ ਸੀ।
ਬਿਆਨ ਦੇ ਅਨੁਸਾਰ ਜਾਂਚਕਰਤਾਵਾਂ ਨੇ ਫਰਗੂਸਨ ਦੇ ਫੋਨ ਉੱਤੇ ਉਸ ਦੁਆਰਾ ਅਪਰਾਧਿਕ ਦ੍ਰਿਸ਼ ਅਤੇ ਡੀ ਐਨ ਏ ਸਬੂਤ ਨੂੰ ਨਸ਼ਟ ਕਰਨ ਦੀ ਵਿਧੀ ਨੂੰ ਇੰਟਰਨੈੱਟ ਰਾਹੀ ਭਾਲਣ ਦੇ ਨਾਲ ਫਰਗੂਸਨ ਦੇ ਡਿਊਟੀ ਦੌਰਾਨ ਪੀੜਤ 'ਤੇ ਗੋਲੀ ਚਲਾਉਣ ਵਾਲੀ ਨਿਗਰਾਨ ਵੀਡੀਓ ਨੂੰ ਵੀ ਪ੍ਰਾਪਤ ਕੀਤਾ ਹੈ। ਇਸਦੇ ਇਲਾਵਾ ਪੁਲਿਸ ਦੇ ਬਿਆਨ ਅਨੁਸਾਰ ਫਰਗੂਸਨ ਨੂੰ ਗ੍ਰਿਫਤਾਰ ਕਰਨ ਦੇ ਨਾਲ ਤੁਰੰਤ ਡਿਊਟੀ ਤੋਂ ਵੀ ਫਾਰਗ ਕਰ ਦਿੱਤਾ ਗਿਆ। ਐੱਮ ਪੀ ਡੀ ਦੇ ਅਨੁਸਾਰ ਫਰਗੂਸਨ 'ਤੇ ਪਹਿਲੀ ਡਿਗਰੀ ਕਤਲ, ਅਗਵਾ ਕਰਨ ਦੇ ਮਾਮਲੇ' ਚ ਪਹਿਲੀ ਡਿਗਰੀ ਕਤਲ, ਸਬੂਤਾਂ ਨਾਲ ਛੇੜਛਾੜ ਕਰਨ ਦੇ ਆਦਿ ਦੇ ਦੋਸ਼ ਲਗਾਏ ਗਏ ਹਨ। ਆਧਿਕਾਰੀਆਂ ਅਨੁਸਾਰ ਇਸ ਮਾਮਲੇ ਵਿੱਚ ਇੱਕ ਹੋਰ 28 ਸਾਲਾ ਵਿਅਕਤੀ ਜੋਸ਼ੂਆ ਰਾਜਰਸ ਜੋ ਕਿ ਫਰਗੂਸਨ ਦਾ ਜਾਣੂੰ ਸੀ ਨੂੰ ਵੀ ਇਸ ਅਧਿਕਾਰੀ ਦੀ ਮੱਦਦ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਂਡ ਭਰਨ ਤੇ ਰਿਹਾ ਕੀਤਾ ਗਿਆ ਸੀ ।ਅਧਿਕਾਰੀਆਂ ਅਨੁਸਾਰ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ।