ਬਲਵਿੰਦਰ ਸਿੰਘ ਧਾਲੀਵਾਲ
- ਮਾਲ ਅਦਾਲਤਾਂ ਅੰਦਰ ਲੰਬਿਤ ਮਾਮਲਿਆਂ ਦਾ ਨਿਪਟਾਰਾ ਜਲਦ ਕੀਤਾ ਜਾਵੇ
ਸੁਲਤਾਨਪੁਰ ਲੋਧੀ, 12 ਜਨਵਰੀ 2021 - ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਮਾਲ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਜਿਲ੍ਹੇ ਅੰਦਰ ਨਵੇਂ ਕੁਲੈਕਟਰ ਰੇਟ ਨਿਰਧਾਰਿਤ ਕਰਨ ਲਈ ਆਪੋ ਆਪਣੇ ਅਧਿਕਾਰ ਖੇਤਰਾਂ ਸਬੰਧੀ ਤਜ਼ਵੀਜ਼ਾਂ 15 ਜਨਵਰੀ ਤੱਕ ਭੇਜਣ ।
ਅੱਜ ਇੱਥੇ ਮਾਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਸ੍ਰੀ ਰਾਜੀਵ ਵਰਮਾ , ਐਸ. ਡੀ. ਐਮਜ਼ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਵੇਂ ਕੁਲੈਕਟਰ ਰੇਟ ਨਿਰਧਾਰਿਤ ਹੋਣ ਨਾਲ ਵਿਕਾਸ ਕੰਮਾਂ ਨੂੰ ਵੱਡਾ ਹੁਲਾਰਾ ਮਿਲੇਗਾ।
ਮਾਲ ਅਦਾਲਤਾਂ ਅੰਦਰ ਬਕਾਇਆ ਪਏ ਪੁਰਾਣੇ ਕੇਸਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ 2 ਤੋਂ 3 ਸਾਲ ਦੇ ਬਕਾਇਆ ਕੇਸਾਂ ਦਾ ਨਿਪਟਾਰਾ ਪਹਿਲ ਦੇ ਆਧਾਰ ’ਤੇ ਕੀਤਾ ਜਾਵੇ।
ਇਸ ਤੋਂ ਇਲਾਵਾ ਅਦਾਲਤਾਂ ਨੂੰ ਰੈਗੂਲਰ ਤਰੀਕੇ ਨਾਲ ਚਲਾਉਣ ਲਈ ਵੀ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਵਕੀਲ ਸਾਹਿਬਾਨਾਂ ਤੇ ਸਬੰਧਿਤ ਪਾਰਟੀਆਂ ਨਾਲ ਰਾਬਤਾ ਕਾਇਮ ਕਰਕੇ ਲਗਾਤਾਰ ਸੁਣਵਾਈ ਯਕੀਨੀ ਬਣਾਉਣ।
ਸੁਲਤਾਨਪੁਰ ਲੋਧੀ ਤੇ ਫਗਵਾੜਾ ਵਿਖੇ ਨਵੇਂ ਪ੍ਰਸ਼ਾਸ਼ਕੀ ਕੰਪਲੈਕਸ ਸਥਾਪਿਤ ਕਰਨ ਬਾਰੇ ਡਿਪਟੀ ਕਮਿਸ਼ਨਰ ਨੇ ਸਬੰਧਿਤ ਐਸ ਡੀ ਐਮਜ਼ ਨੂੰ ਕਿਹਾ ਕਿ ਉਹ ਕੰਪਲੈਕਸਾਂ ਲਈ ਨਕਸ਼ੇ, ਤਬਦੀਲ ਕੀਤੇ ਜਾਣ ਵਾਲੇ ਦਫਤਰਾਂ ਤੇ ਹੋਰ ਪ੍ਰਸ਼ਾਸ਼ਕੀ ਕਾਰਵਾਈਆਂ ਜਲਦ ਮੁਕੰਮਲ ਕਰਨ।
ਸਵੈ ਇੱਛਤ ਡਿਫਾਲਟਰਾਂ ਵਿਰੁੱਧ ਸਖਤੀ ਨਾਲ ਪੇਸ਼ ਆਉਣ ਦੇੇ ਨਿਰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਮਾਲੀਏ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਕੋਲੋਂ ਵਸੂਲੀ ਵਿਚ ਤੇਜੀ ਲਿਆਂਦੀ ਜਾਵੇ।
ਜ਼ਮੀਨ ਦੀ ਤਕਸੀਮ ਤੇ ਇੰਤਕਾਲ ਦੇ ਕੇਸਾਂ ਦਾ ਨਿਪਟਾਰਾ ਤੇਜੀ ਨਾਲ ਕਰਨ ਬਾਰੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਿਨ੍ਹਾਂ ਝਗੜੇ ਵਾਲੇ ਕੇਸਾਂ ਨੂੰ ਅਗਲੇ 20 ਦਿਨਾਂ ਅੰਦਰ ਖਤਮ ਕੀਤਾ ਜਾਵੇ।
ਮੀਟਿੰਗ ਦੌਰਾਨ ਮੁੱਖ ਤੌਰ ’ਤੇ ਐਸ ਡੀ ਐਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ, ਐਸ ਡੀ ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਐਸ ਡੀ ਐਮ ਫਗਵਾੜਾ ਮੇਜਰ ਅਮਿਤ ਸਰੀਨ, ਐਸ ਡੀ ਐਮ ਭੁਲੱਥ ਬਲਬੀਰ ਰਾਜ ਤੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਹਾਜ਼ਰ ਸਨ।