ਅਬੋਹਰ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਸਮੇਂ ਸੁਨੀਲ ਜਾਖੜ , ਮਨਪ੍ਰੀਤ ਬਾਦਲ ,ਵਿਜੇ ਇੰਦਰ ਸਿੰਗਲਾ ਰਮਿੰਦਰ ਆਂਵਲਾ, ਸੰਦੀਪ ਜਾਖੜ , ਦਵਿੰਦਰ ਘੁਬਾਇਆ, ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਅਤੇ ਹੋਰ ਆਗੂ ।
ਜਗਦੀਸ਼ ਥਿੰਦ
ਅਬੋਹਰ (ਫਾਜ਼ਿਲਕਾ) 12 ਜਨਵਰੀ:
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਸਾਬਕਾ ਮੈਂਬਰ ਲੋਕ ਸਭਾ ਨੇ ਅੱਜ ਕਿਹਾ ਹੈ ਕਿ ਗੁਰੂ ਦੀ ਕਿਰਪਾ ਨਾਲ ਪੰਜਾਬੀ ਹਮੇਸ਼ਾ ਅੱਗੇ ਵੱਧਣ ਵਾਲੀ ਮਸ਼ੀਨ ਹਨ ਤੇ ਉਨ੍ਹਾਂ ਅੰਦਰ ਇਕ ਅਜਿਹਾ ਇੰਜਣ ਲਗਾਇਆ ਹੋਇਆ ਹੈ ਜਿਸ ਦਾ ਕੋਈ ਬੈਕਗ੍ਰੇਅਰ ਨਹੀਂ ਹੈ ।
ਉਨ੍ਹਾਂ ਕਿਹਾ ਕਿ "ਇੱਕ ਵਾਰ ਜਦੋਂ ਅਸੀਂ ਪੰਜਾਬ ਵਾਸੀ ਅੱਗੇ ਵਧਣਾ ਸ਼ੁਰੂ ਕਰਦੇ ਹਾਂ ਤਾਂ ਪਿੱਛੇ ਮੁੜ ਕੇ ਨਹੀਂ ਵੇਖਦੇ।ਇਸ ਮੌਕੇ ਵਿਧਾਇਕ ਜਲਾਲਾਬਾਦ ਰਮਿੰਦਰ ਸਿੰਘ ਆਵਲਾ, ਵਿਧਾਇਕ ਬੱਲੂਆਣਾ ਨੱਥੂ ਰਾਮ, ਵਿਧਾਇਕ ਫਾਜ਼ਿਲਕਾ ਦਵਿੰਦਰ ਸਿੰਘ ਘੁਬਾਇਆ, ਚੇਅਰਮੈਨ ਟਿਬਵੈਲ ਕਾਰਪੋਰੇਸ਼ਨ ਜਗਬੀਰ ਬਰਾੜ, ਸਾਬਕਾ ਸੰਸਦ ਸ਼ੇਰ ਸਿੰਘ ਘੁਬਾਇਆ ਵਿਸ਼ੇਸ਼ ਤੌਰ `ਤੇ ਮੌਜੂਦ ਸਨ।
ਸੁਨੀਲ ਜਾਖੜ ਨੇ ਅੱਜ ਅਬੋਹਰ ਵਿਖੇ 202.64 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਉਪਰੰਤ ਨਹਿਰੀ ਕਲੋਨੀ ਵਿੱਚ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ ਜਿਥੇ ਆਮ ਲੋਕਾਂ ਨੂੰ ਵਿੱਤ ਮੰਤਰੀ ਮਨਪ੍ਰੀਤ ਬਾਦਲ, ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਕਾਂਗਰਸ ਆਗੂ ਸੰਦੀਪ ਜਾਖੜ ਨੇ ਵੀ ਆਪਣੇ ਵੱਢਮੁੱਲੇ ਵਿਚਾਰ ਸਾਂਝੇ ਕੀਤੇ।
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਉਹ ਅਬੋਹਰ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਦੇ ਸਰਵਪੱਖੀ ਵਿਕਾਸ ਲਈ ਵੱਡੀ ਰਕਮ ਜਾਰੀ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਇਹ ਰਕਮ ਵੈਟਰਨਰੀ ਹਸਪਤਾਲ, ਮੱਛੀ ਬੀਜ ਫਾਰਮ, ਨਵਾਂ ਸਰਕਾਰੀ ਕਾਲਜ, ਦੋ ਸੜਕਾਂ (ਮਲੋਟ ਚੌਕ ਤੋਂ ਹਨੂੰਮਾਨਗੜ੍ਹ ਬਾਈਪਾਸ ਚੌਕ ਅਤੇ ਮਲੋਟ ਚੌਕ ਤੋਂ ਸੀਤੋਗੁੰਨੋ ਚੌਕ ਤੱਕ) ਨੂੰ ਅਪਗ੍ਰੇਡ ਕਰਨ, ਪ੍ਰਾਜੈਕਟ ਕਦਮ (ਨਾਨ-ਮੋਟਰਾਈਜ਼ਡ ਟਰਾਂਸਪੋਰਟ ਕੋਰੀਡੋਰ ਦੇ ਵਿਕਾਸ ਲਈ ਖਰਚੇ ਜਾਣਗੇ), ਵਿਕਾਸਸ਼ੀਲ ਪਾਰਕ, ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰ ਦੀ ਉਸਾਰੀ, ਨਵੇਂ ਖੇਡ ਸਟੇਡੀਅਮ ਦੀ ਉਸਾਰੀ ਅਤੇ ਅਨਾਜ ਮੰਡੀ ਦਾ ਨਵੀਨੀਕਰਨ `ਤੇ ਖਰਚ ਕੀਤੀ ਜਾਵੇਗੀ।
ਇਨ੍ਹਾਂ ਵੱਡੇ ਵਿਕਾਸ ਪ੍ਰਾਜੈਕਟਾਂ ਤੋਂ ਇਲਾਵਾ, ਅਬੋਹਰ ਬੱਸ ਅੱਡੇ ਨੂੰ ਦੁਬਾਰਾ ਬਣਾਉਣ ਦੀ ਸਰਕਾਰ ਦੀ ਵੀ ਯੋਜਨਾ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜ਼ੋੜ ਕੇ ਖੜੀ ਹੈ ਅਤੇ ਉਹ ਕਿਸਾਨਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿਵਾ ਕੇ ਹੀ ਰਹਿਣਗੇ।
ਇਸ ਮੌਕੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅਤੇ ਵਿਸ਼ੇਸ਼ ਕਰਕੇ ਅਬੋਹਰ ਦੇ ਸਰਵਪੱਖੀ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਨੇ ਸ੍ਰੀ ਜਾਖੜ ਨੂੰ ਅਬੋਹਰ ਲਈ ਵੱਡੇ ਵਿਕਾਸ ਪ੍ਰਾਜੈਕਟ ਲਿਆਉਣ ਦਾ ਸਿਹਰਾ ਦਿੱਤਾ।
ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀ ਹੁਣ ਕਿਸੇ ਵੀ ਤਰਾਂ ਪ੍ਰਾਈਵੇਟ ਸਕੂਲਾਂ ਤੋਂ ਪਿੱਛੇ ਨਹੀਂ ਹਨ। ਸਿੰਗਲਾ ਨੇ ਕਿਹਾ, “ਪੜ੍ਹਾਈ ਤੋਂ ਇਲਾਵਾ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਸਖ਼ਤ ਮੁਕਾਬਲਾ ਵੀ ਦੇ ਰਹੇ ਹਨ।” ਉਨ੍ਹਾਂ ਦੱਸਿਆ ਕਿ ਨਵੀਂ ਭਰਤੀ ਨਵੀਂ ਸਿੱਖਿਆ ਨੀਤੀ ਬਣਨ ਤੋਂ ਬਾਅਦ ਕੀਤੀ ਜਾਵੇਗੀ।
ਉਸਨੇ ਦੱਸਿਆ ਕਿ ਮਲੋਟ ਚੌਕ ਤੋਂ ਹਨੂੰਮਾਨਗੜ੍ਹ ਬਾਈਪਾਸ ਦੇ ਚੌੜਾ ਹੋਣ ਨਾਲ ਟ੍ਰੈਫਿਕ ਦੀਆਂ ਰੁਕਾਵਟਾਂ ਕਾਫੀ ਹੱਦ ਤਕ ਘੱਟ ਜਾਣਗੀਆਂ।
ਸਮਾਗਮ ਦੌਰਾਨ ਬੋਲਦਿਆਂ ਕਾਂਗਰਸੀ ਆਗੂ ਸੰਦੀਪ ਜਾਖੜ ਨੇ ਕਿਹਾ ਕਿ ਅਬੋਹਰ ਲਈ ਇਹ ਮਹਿਜ਼ ਇੱਕ ਨਵੀਂ ਸ਼ੁਰੂਆਤ ਹੈ ਕਿਉਂਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਕੰਮ ਸ਼ੁਰੂਆਤ ਵਿੱਚ ਹਨ। ਉਨ੍ਹਾਂ ਅਪੀਲ ਕੀਤੀ ਕਿ ਉਹ ਅਬੋਹਰ ਵਿੱਚ ਇਲਾਕਾ ਨਿਵਾਸੀਆਂ ਦੀ ਸਹਾਇਤਾ ਨਾਲ ਸ਼ੁਰੂ ਕੀਤੇ ਜਾ ਰਹੇ ਸਵੱਛਤਾ ਪ੍ਰੋਗਰਾਮ ਲਈ ਹਰ ਸੰਭਵ ਸਹਾਇਤਾ ਦਿੱਤੀ ਜਾਵੇ।
ਸੰਦੀਪ ਜਾਖੜ ਨੇ ਸਮਾਗਮ ਦੌਰਾਨ ਮੌਜੂਦ ਲੋਕਾਂ ਨਾਲ ਦਿੱਲੀ ਸਰਹੱਦ ‘ਤੇ ਆਪਣੇ ਹੱਕਾਂ ਦੀ ਲੜਾਈ ਲੜਦਿਆਂ ਆਪਣੀ ਜਾਨ ਗਵਾਉਣ ਵਾਲੇ ਕਿਸਾਨਾਂ ਦੀ ਯਾਦ ਵਿੱਚ 2 ਮਿੰਟ ਦਾ ਮੌਨ ਧਾਰਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਪਸ਼ੂ ਪਾਲਣ ਵੀ.ਕੇ.ਜੰਜੂਆ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਮੁਹੰਮਦ ਤੈਆਬ, ਡਿਪਟੀ ਕਮਿਸ਼ਨਰ ਅਰਵਿੰਦਰਪਾਲ ਸਿੰਘ ਸੰਧੂ, ਐਸ ਐਸ ਪੀ ਹਰਜੀਤ ਸਿੰਘ ਅਤੇ ਏ ਡੀ ਸੀ (ਜੀ) ਕਮ ਕਮਿਸ਼ਨਰ ਅਬੋਹਰ ਕਾਰਪੋਰੇਸ਼ਨ ਅਭਿਜੀਤ ਕਪਾਲੀਸ਼ ਸ਼ਾਮਲ ਸਨ।