ਜੀ ਐਸ ਪੰਨੂ
ਪਟਿਆਲਾ, 12 ਜਨਵਰੀ 2021 - ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈੈਨ ਨੇ ਕਿਹਾ ਹੈ ਕਿ ਖਰੜ 'ਚ ਪੈਂਦੇ ਪਿੰਡ ਟੋਡਰਮਾਜਰਾ ਵਿਖੇ ਜਿਹੜੇ ਲੋਕਾਂ ਨੇ ਗਊ ਦੇ ਇੱਕ ਵੱਛੇ ਨੂੰ ਪਿਟਬੁਲ ਕੁੱਤੇ ਤੋਂ ਕਟਵਾਉਣ ਦਾ ਘਿਨੌਣਾ ਅਪਰਾਧ ਕੀਤਾ ਹੈ, ਉਸ ਦੀ ਪੰਜਾਬ ਗਊ ਸੇਵਾ ਕਮਿਸ਼ਨ ਸਖ਼ਤ ਨਿੰਦਾ ਕਰਦਾ ਹੈ ਅਤੇ ਦੋਸ਼ੀਆਂ ਵੱਲੋਂ ਕੀਤੇ ਇਸ ਅਪਰਾਧ ਦੀ ਉਨ੍ਹਾਂ ਨੂੰ ਸਖ਼ਤ ਸਜਾ ਮਿਲਣੀ ਚਾਹੀਦੀ ਹੈ, ਜਿਸ ਲਈ ਕਮਿਸ਼ਨ ਆਪਣੇ ਤੌਰ 'ਤੇ ਵੀ ਕਾਰਵਾਈ ਕਰੇਗਾ ਤਾਂ ਕਿ ਭਵਿੱਖ 'ਚ ਕੋਈ ਹੋਰ ਵਿਅਕਤੀ ਅਜਿਹੀ ਹਰਕਤ ਨਾ ਕਰ ਸਕੇ ਅਤੇ ਲੋਕਾਂ ਦਾ ਕਾਨੂੰਨ 'ਚ ਵਿਸ਼ਵਾਸ਼ ਕਾਇਮ ਰਹੇ।
ਚੇਅਰਮੈਨ ਨੇ ਕਿਹਾ ਕਿ ਗਊ ਮਾਤਾ ਯੁਗਾਂ-ਯੁਗਾਂ ਤੋਂ ਸਰਵਧਰਮ ਦੀ ਆਸਥਾ ਦਾ ਪ੍ਰਤੀਕ ਤਾਂ ਰਹੀ ਹੀ ਹੈ ਬਲਕਿ ਆਪਣੇ ਅੰਮ੍ਰਿਤ ਰੂਪੀ ਦੁੱਧ ਨਾਲ ਸਾਡਾ ਪੋਸ਼ਣ ਵੀ ਕਰਦੀ ਹੈ ਪਰੰਤੂ ਕੁਝ ਗ਼ਲਤ ਲੋਕਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਗਊਧਨ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਅਜਿਹਾ ਹੋਣ ਨਾਲ ਹੀ ਸਮਾਜ 'ਚ ਆਪਸੀ ਸਦਭਾਵਨਾ, ਏਕਤਾ ਤੇ ਭਾਈਚਾਰਕ ਸਾਂਝ ਨੂੰ ਵੀ ਠੇਸ ਪੁੱਜਦੀ ਹੈ ਤੇ ਰਾਜ ਦਾ ਮਾਹੌਲ ਵੀ ਖਰਾਬ ਹੁੰਦਾ ਹੈ।।
ੳੁਨ੍ਹਾਂ ਕਿਹਾ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ 'ਤੇ ਕਮਿਸ਼ਨ ਵੱਲੋਂ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਅਜਿਹੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਮਿਸ਼ਨ ਵੀ ਕਾਰਵਾਈ ਕਰੇਗਾ ਤਾਂ ਕਿ ਲੋਕਾਂ ਦਾ ਸਰਕਾਰ 'ਤੇ ਵਿਸ਼ਵਾਸ਼ ਬਣਿਆ ਰਹੇ।
ਉਨ੍ਹਾਂ ਦੱਸਿਆ ਕਿ ਪੁਲਿਸ ਤੋਂ ਮਿਲੀ ਸੂਚਨਾ ਮੁਤਾਬਕ ਪਿਟਬੁਲ ਕੁੱਤੇ ਤੋਂ ਵੱਛੇ ਨੂੰ ਕਟਵਾਉਣ ਦੇ ਮਾਮਲੇ 'ਚ ਪੁਲਿਸ ਚੌਕੀ ਮਜਾਤ ਖਰੜ 'ਚ ਤਰਨਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਟੋਡਰਮਾਜਰਾ, ਅਮਰਜੀਤ ਸਿੰਘ ਪੁੱਤਰ ਲਖਮੀਰ ਸਿੰਘ, ਅਜਮੇਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀਅਨ ਟੋਡਰਮਾਜਰਾ ਤੇ ਪ੍ਰਿੰਸ ਪੁੱਤਰ ਸਵ. ਹਰਨੇਕ ਸਿੰਘ ਵਾਸੀ ਸਨੇਟਾ ਵਿਰੁੱਧ ਧਾਰਾ 295-ਏ, 323, 506 ਅਧੀਨ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਹੈ ਤੇ ਬਾਕੀ ਰਹਿੰਦੇ ਇੱਕ ਦੋਸ਼ੀ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਕਮਿਸ਼ਨ ਨੇ ਪੁਲਿਸ ਨੂੰ ਇਸ ਮਾਮਲੇ 'ਚ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।