ਪਟਿਆਲਾ 14 ਜਨਵਰੀ 2021 - ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਨਵੇਂ ਗਠਿਤ ਬੀ ਡੀ ਓ ਬਲਾਕ ਪਟਿਆਲਾ ਦਿਹਾਤੀ ਦੀ ਆਰਜ਼ੀ ਬਿਲਡਿੰਗ ਪਿੰਡ ਸਿੱਧੂਵਾਲ ਦੇ ਪੰਚਾਇਤ ਘਰ ਵਿੱਚ ਬਣਾਏ ਜਾਣ ਦਾ ਪਿੰਡ ਦੀ ਪੰਚਾਇਤ, ਕਿਸਾਨ ਯੂਨੀਅਨ ਅਤੇ ਲੋਕਾਂ ਨੇ ਸਖਤ ਵਿਰੋਧ ਕੀਤਾ ਹੈ। ਪਿੰਡ ਦੀ ਪੰਚਾਇਤ ਨੇ ਸਰਪੰਚ ਤਰਸੇਮ ਸਿੰਘ ਦੀ ਅਗਵਾਈ ਵਿੱਚ ਮਤਾ ਪਾਸ ਕਰ ਕੇ ਤਜ਼ਵੀਜ਼ ਰੱਦ ਕਰ ਦਿੱਤੀ ਹੈ। ਪ੍ਰੈਸ ਨੂੰ ਇਹ ਜਾਣਕਾਰੀ ਦਿੰਦਿਆਂ ਹਰਨੇਕ ਸਿੰਘ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪਿੰਡ ਵਿੱਚ ਸਥਿੱਤ ਪਟਵਾਰਖਾਨੇ ਦੀ ਬਿਲਡਿੰਗ ਆਰਜ਼ੀ ਤੌਰ ਤੇ ਥਾਣਾ ਬਖਸ਼ੀਵਾਲ ਨੂੰ ਦਿੱਤੀ ਗਈ ਸੀ ਅਤੇ ਅੱਜ ਵੀ ਥਾਣਾ ਬਖਸ਼ੀਵਾਲ ਪਿੰਡ ਸਿੱਧੂਵਾਲ ਵਿਖੇ ਹੀ ਚਲ ਰਿਹਾ ਹੈ।ਉਨ੍ਹਾਂ ਅੱਗੇ ਦੱਸਿਆ ਕਿ ਸਾਲ 2007 ਵਿੱਚ ਪਿੰਡ ਦੀ 50 ਏਕੜ ਜ਼ਮੀਨ ਵਿੱਚ ਲਾਅ ਯੂਨੀਵਰਸਿਟੀ ਬਣਾਈ ਗਈ ਸੀ ਅਤੇ ਹੁਣ 100 ਏਕੜ ਦੇ ਲਗਭਗ ਜ਼ਮੀਨ ਸਪੋਰਟਸ ਯੂਨੀਵਰਸਿਟੀ ਲਈ ਦਾਨ ਕੀਤੀ ਗਈ ਹੈ। ਜਦੋਂਕਿ ਪਿੰਡ ਦੇ ਗਰੀਬ ਲੋਕਾਂ ਲਈ ਸ਼ਾਮਲਾਟ ਜ਼ਮੀਨ ਠੇਕੇ ਤੇ ਲੈ ਕੇ ਰੋਟੀ ਰੋਜ਼ੀ ਦਾ ਸਾਧਨ ਸੀ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਕਿਸੇ ਵੀ ਕੀਮਤ ਤੇ ਪਿੰਡ ਦੀ ਹੋਰ ਜ਼ਮੀਨ ਦਾ ਇੱਕ ਇੰਚ ਥਾਂ ਵੀ ਨਾ ਆਰਜ਼ੀ ਨਾ ਪੱਕੇ ਤੌਰ ਤੇ ਸਰਕਾਰ ਨੂੰ ਦੇਣਗੇ। ਇਸ ਸਮੇਂ ਪ੍ਰਦੀਪ ਸਿੰਘ, ਮਨਪ੍ਰੀਤ ਸਿੰਘ, ਜਗਤਾਰ ਸਿੰਘ, ਡਿੰਪਲ, ਗੁਰਪ੍ਰੀਤ ਕੌਰ, ਸ਼ੇਰ ਸਿੰਘ, ਬਲਜੀਤ ਸਿੰਘ, ਅਮਰੀਕ ਸਿੰਘ, ਪ੍ਰਗਟ ਸਿੰਘ ਅਤੇ ਹੋਰ ਬਹੁਤ ਸਾਰੇ ਹਾਜ਼ਰ ਸਨ।