ਬਲਵਿੰਦਰ ਸਿੰਘ ਧਾਲੀਵਾਲ
- ਜਿਲ੍ਹਾ ਪ੍ਰਸ਼ਾਸ਼ਨ ਨੇ ਸਥਾਪਿਤ ਕੀਤਾ ਮੀਲ ਪੱਥਰ
- ਡਿਪਟੀ ਕਮਿਸ਼ਨਰ ਨੇ ਮੈਸ. ਅਪੈਕਸ ਇੰਜ. ਇੰਡਸਟਰੀ ਨੂੰ ਸੌਂਪਿਆ ਮਨਜ਼ੂਰੀ ਪੱਤਰ
- 5.30 ਕਰੋੜ ਰੁਪੈ ਨਾਲ ਲੱਗੇਗਾ ਈ-ਵਹੀਕਲ ਦੀਆਂ ਬੈਟਰੀਆਂ ਦਾ ਯੂਨਿਟ-100 ਲੋਕਾਂ ਨੂੰ ਮਿਲੇਗਾ ਸਿੱਧਾ ਰੁਜ਼ਗਾਰ
ਸੁਲਤਾਨਪੁਰ ਲੋਧੀ, 15 ਜਨਵਰੀ 2021 - ਪੰਜਾਬ ਸਰਕਾਰ ਵਲੋਂ ਸੂਬੇ ਵਿਚ ਨਿਵੇਸ਼ ਨੂੰ ਹੁਲਾਰਾ ਦੇਣ ਦੇ ਮੰਤਵ ਨਾਲ ਰਾਇਟ ਟੂ ਬਿਜਨਸ ਐਕਟ ਤਹਿਤ ਸ਼ੁਰੂ ਕੀਤੇ ਗਏ ‘ ਬਿਜਨਸ ਫਸਟ ਪੋਰਟਲ’ ਉੱਪਰ ਅਪਲਾਈ ਕਰਨ ਵਾਲੀ ਮੈਸ. ਅਪੈਕਸ ਇੰਜ. ਇੰਡਸਟਰੀ ਨੂੰ ਅਪਲਾਈ ਕਰਨ ਦੇ ਇਕ ਦਿਨ ਅੰਦਰ ਹੀ ਸਿਧਾਂਤਕ ਮਨਜ਼ੂਰੀ ਦੇ ਕੇ ਜਿਲ੍ਹਾ ਪ੍ਰਸ਼ਾਸ਼ਨ ਕਪੂਰਥਲਾ ਨੇ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਕੰਪਨੀ ਵਲੋਂ 14 ਜਨਵਰੀ ਨੂੰ ਪੋਰਟਲ ਉੱਪਰ ਬਿਨੈਪੱਤਰ ਦਿੱਤਾ ਗਿਆ ਸੀ ਅਤੇ 15 ਜਨਵਰੀ ਨੂੰ ਉਨ੍ਹਾਂ ਨੂੰ ਇੰਨ-ਪ੍ਰਿੰਸੀਪਲ ਅਪਰੂਵਲ ਦੇ ਦਿੱਤੀ ਗਈ।
ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵਲੋਂ ਅੱਜ ਮੈਸ. ਅਪੈਕਸ. ਇੰਜ. ਇੰਡਸਟਰੀ ਦੇ ਪ੍ਰਤੀਨਿਧੀ ਕੰਵਲਜੀਤ ਸਿੰਘ ਨੂੰ ਮਨਜੂਰੀ ਪੱਤਰ ਸੌਂਪਿਆ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਉਦਯੋਗਿਕ ਯੂਨਿਟਾਂ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਰਾਇਟ ਟੂ ਬਿਜਨਸ ਐਕਟ 2020 ਲਾਗੂ ਕੀਤਾ ਗਿਆ ਹੈ, ਜਿਸ ਤਹਿਤ ਕਪੂਰਥਲਾ ਜਿਲ੍ਹੇ ਨੇ ਪੋਰਟਲ ਰਾਹੀਂ ਅਪਲਾਈ ਕਰਨ ਵਾਲੇ ਯੂਨਿਟਾਂ ਨੂੰ ਤੁਰੰਤ ਸਿਧਾਂਤਕ ਮਨਜ਼ੂਰੀ ਦੇਣ ਦੀ ਪਹਿਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਅਨੇਕਾਂ ਸਰਕਾਰੀ ਵਿਭਾਗਾਂ ਜਿਵੇਂ ਕਿ ਪ੍ਰਦੂਸ਼ਣ ਕੰਟਰੋਲ ਬੋਰਡ, ਬਿਜਲੀ ਵਿਭਾਗ, ਉਦਯੋਗ ਵਿਭਾਗ ਆਦਿ ਵਲੋਂ ਪ੍ਰਸ਼ਾਸ਼ਕੀ ਕਾਰਵਾਈਆਂ ਕਰਕੇ ਇਕ ਦਿਨ ਅੰਦਰ ਹੀ ਨਿਵੇਸ਼ਕ ਨੂੰ ਮਨਜ਼ੂਰੀ ਦੇਣਾ ਅਹਿਮ ਪ੍ਰਾਪਤੀ ਹੈ।
ਉਨ੍ਹਾਂ ਦੱਸਿਆ ਕਿ ਉਪਰੋਕਤ ਇਕਾਈ ਨੂੰ ਜਿਲੇ੍ਹ ਅੰਦਰ ਈ- ਵਹੀਕਲ ਬੈਟਰੀਆਂ ਬਣਾਉਣ ਅਤੇ ਸਪਲਾਈ ਕਰਨ ਦੇ ਕਾਰੋਬਾਰ ਲਈ ਸਿਧਾਂਤਕ ਮਨਜ਼ੂਰੀ ਦਿੱਤੀ ਗਈ ਹੈ, ਜਿਸ ਉੱਪਰ ਕੰਪਨੀ ਵਲੋਂ 5.30 ਕਰੋੜ ਰੁਪੈ ਦੀ ਲਾਗਤ ਈ- ਵਹੀਕਲ ਬੈਟਰੀਆਂ ਬਣਾਉਣ ਅਤੇ ਸਪਲਾਈ ਕਰਨ ਦਾ ਕਾਰੋਬਾਰ ਸ਼ੁਰੂ ਕੀਤਾ ਜਾਵੇਗਾ।ਇਸ ਇਕਾਈ ਦੇ ਲੱਗਣ ਲਾਲ 100 ਨੌਜਵਾਨਾਂ ਨੂੰ ਨੌਕਰੀ ਮਿਲੇਗੀ।
ਉਨ੍ਹਾਂ ਇਹ ਵੀ ਦੱਸਿਆ ਗਿਆ ਕਿ ‘ਰਾਈਟ ਟੂ ਬਿਜ਼ਨਸ ਐਕਟ 2020’ ਦੇ ਤਹਿਤ ਜੋ ਨਵੇਂ ਉਦਯੋਗ ਮਾਸਟਰ ਪਲਾਨ ਤਹਿਤ ਉਦਯੋਗ ਲਗਾਉਣਗੇ ਉਨ੍ਹਾਂ ਨੂੰ 15 ਦਿਨਾਂ ਦੇ ਅੰਦਰ- ਅੰਦਰ ਅਤੇ ਜੋ ਉਦਯੋਗ ਅਪਰੂਵਡ ਇੰਡਸਟਰੀਅਲ ਪਾਰਕ ਵਿਚ ਲੱਗਣਗੇ ਉਨ੍ਹਾਂ ਨੂੰ 3 ਦਿਨਾਂ ਦੇ ਅੰਦਰ ਇੰਨ-ਪਿ੍ਰੰਸੀਪਲ ਅਪਰੂਵਲ ਦਿੱਤੀ ਜਾਵੇਗੀ।
ਇਸ ਮੌਕੇ ਮੈਸ. ਅਪੈਕਸ ਇੰਜ: ਇੰਡਸਟਰੀ ਦੇ ਪ੍ਰਤੀਨਧੀ ਸ੍ਰੀ ਕੰਵਲਜੀਤ ਸਿੰਘ ਨੇ ਦੱਸਿਆ ਕਿ ‘ਉਹ ਇਸ ਗੱਲ ਨੂੰ ਲੈ ਕੇ ਬਹੁਤ ਸੰਤੁਸ਼ਟ ਹਨ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਪੰਜਾਬ ਸਰਕਾਰ ਦੇ ‘ਬਿਜਨਸ ਪੋਰਟਲ’ ਉੱਪਰ ਅਪਲਾਈ ਕਰਨ ਦੇ ਨਾਲ ਹੀ ਤੁਰੰਤ ਕਾਰਵਾਈ ਕਰਦੇ ਹੋਏ ਇੰਨ ਪਿ੍ਰੰਸੀਪਲ ਅਪਰੂਵਲ ਵੀ ਦੇ ਦਿੱਤੀ ਗਈ ਹੈ, ਜਿਸ ਨਾਲ ਨਿਵੇਸ਼ਕਾਂ ਨੂੰ ਨਾ ਤਾਂ ਦਫਤਰਾਂ ਦੇ ਗੇੜੇ ਮਾਰਨੇ ਪੈਣਗੇ ਅਤੇ ਨਾ ਹੀ ਉਨ੍ਹਾਂ ਦੇ ਪ੍ਰਾਜੈਕਟ ਵਿਚ ਦੇਰੀ ਹੋਵੇਗੀ’। ਇਸ ਮੌਕੇ ਜਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜ਼ਰ ਸੁਖਪਾਲ ਸਿੰਘ ਵੀ ਹਾਜ਼ਰ ਸਨ।