ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ),16 ਜਨਵਰੀ 2021 - ਕੈਲੀਫੋਰਨੀਆ ਸੂਬਾ ਜੋ ਕਿ ਦੇਸ਼ ਭਰ ਦੇ ਵਾਇਰਸ ਪ੍ਰਭਾਵਿਤ ਖੇਤਰਾਂ ਵਿੱਚੋਂ ਇੱਕ ਹੈ। ਇਸ ਰਾਜ ਦੇ ਖੇਤਰਾਂ ਵਿੱਚ ਵਾਇਰਸ ਦੀ ਲਾਗ ਦੇ ਕੇਸਾਂ ਵਿੱਚ ਵਾਧਾ ਲਗਾਤਾਰ ਜਾਰੀ ਹੈ। ਕੈਲੀਫੋਰਨੀਆਂ ਦੇ ਪਬਲਿਕ ਸਿਹਤ ਵਿਭਾਗ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਵੀਰਵਾਰ ਨੂੰ ਫਰਿਜ਼ਨੋ ਕਾਉਂਟੀ ਵਿੱਚ ਕੋਰੋਨਾਂ ਵਾਇਰਸ ਦੇ 627 ਨਵੇਂ ਕੇਸ ਦਰਜ਼ ਹੋਏ ਹਨ ,ਜਿਸ ਨਾਲ ਕਾਉਂਟੀ ਵਿੱਚ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਵਾਇਰਸ ਦੀ ਲਾਗ ਦੇ ਪੁਸ਼ਟੀ ਕੀਤੇ ਹੋਏ ਕੁੱਲ ਕੇਸ ਤਕਰੀਬਨ 78,278 ਹੋ ਗਏ ਹਨ। ਇਸਦੇ ਨਾਲ ਹੀ ਫਰਿਜ਼ਨੋ ਵਿੱਚ ਮਾਰਚ ਤੋਂ ਹੁਣ ਤੱਕ ਕੋਵਿਡ -19 ਨਾਲ ਸਬੰਧਤ 846 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਸਿਹਤ ਵਿਭਾਗ ਅਨੁਸਾਰ ਵੀਰਵਾਰ ਤੱਕ, 644 ਮਰੀਜ਼ ਹਸਪਤਾਲਾਂ ਵਿੱਚ ਦਾਖਲ ਹਨ, ਜਿਹਨਾਂ ਵਿੱਚ ਪਿਛਲੇ ਦਿਨ ਨਾਲੋਂ 31 ਮਰੀਜ਼ਾਂ ਦੀ ਕਮੀ ਆਈ ਹੈ ਅਤੇ ਪੂਰੀ ਕਾਉਂਟੀ ਦੇ ਹਸਪਤਾਲਾਂ ਵਿੱਚ ਗਿਆਰਾਂ ਇੰਟੈਂਸਿਵੈਂਟ ਕੇਅਰ ਯੂਨਿਟ ਬੈੱਡ ਉਪਲੱਬਧ ਹਨ। ਇਸਦੇ ਨਾਲ ਹੀ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੈਲੀਫੋਰਨੀਆਂ ਸੂਬੇ ਵਿੱਚ ਕੋਰੋਨਾਂ ਦੇ ਤਕਰੀਬਨ 2,816,969 ਮਾਮਲੇ ਦਰਜ਼ ਹੋਏ ਹਨ ਅਤੇ ਰਾਜ ਦੇ ਅੰਕੜਿਆਂ ਅਨੁਸਾਰ ਮੌਤਾਂ ਦੀ ਗਿਣਤੀ ਲੱਗਭਗ 31,654 ਤੱਕ ਪਹੁੰਚ ਗਈ ਹੈ।ਵਾਇਰਸ ਵਿੱਚ ਵਾਧੇ ਨਾਲ ਸੂਬੇ ਦੇ ਕਈ ਹਸਪਤਾਲ ਸਿਹਤ ਸਹੂਲਤਾਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ, ਜਦਕਿ ਕਈ ਹਸਪਤਾਲਾਂ ਅਨੁਸਾਰ ਲੋੜ ਪੈਣ ਤੇ ਮਰੀਜ਼ਾਂ ਨੂੰ ਐਂਬੂਲੈਂਸ ਵਿੱਚ ਵੀ ਇਲਾਜ ਲਈ ਦਾਖਲ ਕੀਤਾ ਜਾ ਸਕਦਾ ਹੈ।