ਹਰਜਿੰਦਰ ਸਿੰਘ ਭੱਟੀ
- ਜ਼ਿਲ੍ਹੇ ਨੇ ਸਭ ਤੋਂ ਵੱਧ ਸੈਸ਼ਨ ਕੀਤੇ ਆਯੋਜਿਤ; ਸੂਬੇ ਵਿੱਚ ਐਚ.ਸੀ.ਡਬਲਯੂ ਦੇ ਟੀਕਾਕਰਣ ਲਈ ਜ਼ਿਲ੍ਹਾ ਦੂਜੇ ਸਥਾਨ 'ਤੇ ਰਿਹਾ
- ਟੀਕੇ ਦਾ ਕੋਈ ਵੀ ਮਾੜੇ ਪ੍ਰਭਾਵ ਸਾਹਮਣੇ ਨਹੀਂ ਆਇਆ- ਏਡੀਸੀ, ਆਸ਼ਿਕਾ ਜੈਨ
ਐਸ ਏ ਐਸ ਨਗਰ, 21 ਜਨਵਰੀ 2021 - ਸ਼ੁਰੂਆਤੀ ਝਿਜਕ ਅਤੇ ਚਿੰਤਾਵਾਂ ਨੂੰ ਦੂਰ ਕਰਦਿਆਂ ਜ਼ਿਲ੍ਹੇ ਵਿਚ ਕੋਵਿਡ-19 ਟੀਕਾਕਰਣ ਹੁਣ ਜ਼ੋਰ ਫੜ ਰਿਹਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਐਸ.ਏ.ਐੱਸ. ਨਗਰ, ਸ੍ਰੀਮਤੀ ਆਸ਼ਿਕਾ ਜੈਨ ਨੇ ਦਿੱਤੀ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵੀਰਵਾਰ 21 ਜਨਵਰੀ ਨੂੰ ਜ਼ਿਲ੍ਹਾ ਸਿਹਤ ਅਧਿਕਾਰੀਆਂ ਨੇ ਜ਼ਿਲ੍ਹੇ ਵਿਚ 14 ਸੈਸ਼ਨ ਸਥਾਨਾਂ 'ਤੇ ਟੀਕੇ ਲਗਾਏ ਗਏ ਜੋ ਸੂਬੇ ਵਿਚ ਸਭ ਤੋਂ ਵੱਧ ਹੈ ਇਸ ਤੋਂ ਬਾਅਦ ਲੁਧਿਆਣਾ 11 ਸੈਸ਼ਨਾਂ ਨਾਲ ਦੂਜੇ ਸਥਾਨ 'ਤੇ ਅਤੇ 10 ਸੈਸ਼ਨਾਂ ਨਾਲ ਰੂਪਨਗਰ ਤੀਜੇ ਸਥਾਨ 'ਤੇ ਰਿਹਾ। ਇਸ ਤੋਂ ਇਲਾਵਾ ਕਰਵਾਏ ਗਏ ਸੈਸ਼ਨਾਂ ਦੀ ਗਿਣਤੀ ਵਿੱਚ ਸੂਬੇ ਦਾ ਕੋਈ ਹੋਰ ਜ਼ਿਲ੍ਹਾ ਦੋਹਰੇ ਅੰਕ 'ਤੇ ਨਹੀਂ ਪਹੁੰਚਿਆ।
ਇਸ ਤੋਂ ਇਲਾਵਾ ਇੱਕ ਦਿਨ ਵਿੱਚ 616 ਟੀਕਾਕਰਨ ਨਾਲ ਜ਼ਿਲ੍ਹਾ ਪ੍ਰੀ-ਰਜਿਸਟਰਡ ਹੈਲਥ ਕੇਅਰ ਵਰਕਰਾਂ ਨੂੰ ਟੀਕਾ ਲਗਾਉਣ ਵਿਚ ਦੂਜੇ ਨੰਬਰ 'ਤੇ ਰਿਹਾ ਜਦਕਿ ਲੁਧਿਆਣਾ 673 ਟੀਕਾਕਰਨ ਨਾਲ ਪਹਿਲੇ ਨੰਬਰ 'ਤੇ ਰਿਹਾ। ਜ਼ਿਕਰਯੋਗ ਹੈ ਕਿ ਸੂਬੇ ਦਾ ਹੋਰ ਕੋਈ ਜ਼ਿਲ੍ਹਾ ਟੀਕਾਕਰਕਨ ਵਿਚ 500 ਅੰਕ ਨੂੰ ਛੂਹ ਨਹੀਂ ਸਕਿਆ।
ਆਸ਼ਿਕਾ ਜੈਨ ਨੇ ਕਿਹਾ, “ਜ਼ਿਲ੍ਹੇ ਵਿੱਚ ਅਜੇ ਤੱਕ ਕਿਸੇ ਵੀ ਲਾਭਪਾਤਰੀ ਤੋਂ ਟੀਕੇ ਦਾ ਕੋਈ ਮਾੜਾ ਪ੍ਰਭਾਵ ਸਾਹਮਣੇ ਨਹੀਂ ਆਇਆ ਜੋ ਦੂਜਿਆਂ ਲਈ ਅੱਗੇ ਆਉਣਾ ਦਾ ਪ੍ਰੇਰਣਾ ਸਰੋਤ ਹੈ।” ਉਹਨਾਂ ਅੱਗੇ ਕਿਹਾ ਕਿ ਜ਼ਿਆਦਾਤਰ ਲੋਕਾਂ ਦੇ ਸ਼ੰਕੇ ਦੂਰ ਹੋ ਗਏ ਹਨ ਸੋ ਟੀਕਾਕਰਨ ਲਈ ਹੁਣ ਵੱਡੀ ਗਿਣਤੀ ਵਿੱਚ ਹੈਲਥ ਕੇਅਰ ਵਰਕਰਾਂ ਦੇ ਅੱਗੇ ਆਉਣ ਦੀ ਸੰਭਾਵਨਾ ਹੈ।