ਮੋਹਾਲੀ ਨਗਰ ਨਿਗਮ ਚੋਣਾਂ: ਆਜ਼ਾਦ ਗਰੁੱਪ ਦੀ ਉਮੀਦਵਾਰ ਬੀਬੀ ਰਾਜਿੰਦਰ ਕੌਰ ਕੁੰਭੜਾ ਵੱਲੋਂ ਡੋਰ-ਟੂ-ਡੋਰ ਚੋਣ ਪ੍ਰਚਾਰ ਸ਼ੁਰੂ
ਮੋਹਾਲੀ, 21 ਜਨਵਰੀ,2021: ਨਗਰ ਨਿਗਮ ਮੋਹਾਲੀ ਦੀਆਂ 14 ਫ਼ਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਾਲੇ ਆਜ਼ਾਦ ਗਰੁੱਪ ਦੀ ਵਾਰਡ ਨੰਬਰ 29 (ਸੈਕਟਰ 69) ਤੋਂ ਉਮੀਦਵਾਰ ਬੀਬੀ ਰਾਜਿੰਦਰ ਕੌਰ ਕੁੰਭੜਾ ਵੱਲੋਂ ਆਪਣੇ ਵਾਰਡ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਆਪਣੇ ਵੱਡੀ ਗਿਣਤੀ ਵਿੱਚ ਸਮਰਥਕਾਂ ਨਾਲ ਘਰੋ ਘਰੀ ਜਾ ਕੇ ਲੋਕਾਂ ਨੂੰ ਦੱਸਿਆ ਕਿ ਸ਼ਹਿਰ ਵਿੱਚ ਜੇਕਰ ਪਿਛਲੇ ਪੰਜ ਸਾਲ ਦੌਰਾਨ ਵਿਕਾਸ ਕਾਰਜ ਹੋਏ ਹਨ ਤਾਂ ਉਹ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਪੂਰੀ ਇਮਾਨਦਾਰੀ ਨਾਲ ਹੀ ਹੋਏ ਹਨ। ਉਨ੍ਹਾਂ ਲੋਕਾਂ ਨੂੰ ਆਪਣੇ ਪਿਛਲੇ ਕਾਰਜਕਾਲ ਦੌਰਾਨ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਵਾਰਡ ਵਿੱਚ ਕੀਤੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਕੰਮਾਂ ਦਾ ਜ਼ਿਕਰ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਵੀ ਉਹ ਨਿਗਮ ਚੋਣਾਂ ਲੜ ਰਹੇ ਹਨ ਅਤੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇ ਤਾਂ ਜੋ ਇਸ ਵਾਰ ਫਿਰ ਤੋਂ ਕੁਲਵੰਤ ਸਿੰਘ ਨੂੰ ਮੇਅਰ ਬਣਾ ਕੇ ਸ਼ਹਿਰ ਵਿੱਚ ਵਿਕਾਸ ਕਾਰਜ ਕਰਵਾਏ ਜਾ ਸਕਣ।
ਰਾਜਿੰਦਰ ਕੌਰ ਕੁੰਭੜਾ ਨੇ ਲੋਕਾਂ ਨੂੰ ਆਪਣੇ ਪਤੀ ਸਵਰਗੀ ਜਥੇਦਾਰ ਬਲਜੀਤ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਵੀ ਲੋਕ ਭਲਾਈ ਦੇ ਕੀਤੇ ਗਏ ਕੰਮਾਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਉਹ ਕੁੰਭੜਾ ਪਰਿਵਾਰ ਦੀ ਪੁਰਾਣੀ ਰਵਾਇਤ ਮੁਤਾਬਕ ਆਪਣੇ ਇਸ ਵਾਰ ਵੀ ਚੋਣ ਜਿੱਤਣ ’ਤੇ ਵਾਰਡ ਦੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਸੇਵਾ ਕਰਨਗੇ। ਇਸ ਮੌਕੇ ਬੀਬੀ ਕੁੰਭੜਾ ਦੇ ਸਪੁੱਤਰ ਅਤੇ ਰੈਜ਼ੀਡੈਂਟਸ ਵੈੱਲਫ਼ੇਅਰ ਫੋਰਮ ਸੈਕਟਰ 69 ਦੇ ਪ੍ਰਧਾਨ ਹਰਮਨਜੋਤ ਸਿੰਘ ਕੁੰਭੜਾ ਨੇ ਵੀ ਲੋਕਾਂ ਨੂੰ ਵੋਟਾਂ ਲਈ ਅਪੀਲ ਕੀਤੀ।
ਇਸ ਮੌਕੇ ਹਾਕਮ ਸਿੰਘ, ਸੁਖਦੇਵ ਸਿਘ, ਚਰਨਜੀਤ ਸਿੰਘ ਬਰਾੜ, ਮਨਜੀਤ ਸਿੰਘ ਕੁੰਭੜਾ, ਕੁਲਵੰਤ ਸਿੰਘ ਟਿਵਾਣਾ, ਜਗਜੀਤ ਸਿੰਘ, ਜਸਬੀਰ ਸਿੰਘ ਲਿੱਧੜ, ਕੁਲਦੀਪ ਸਿੰਘ, ਸਰਦਾਰਾ ਸਿੰਘ, ਐਸ.ਪੀ. ਸ਼ਰਮਾ, ਪਵਿੱਤਰ ਸਿੰਘ, ਹਰਮਨਪ੍ਰੀਤ ਸਿੰਘ, ਤਰਨਦੀਪ ਸਿੰਘ, ਪ੍ਰਿੰ. ਸਵਰਨਜੀਤ ਸਿੰਘ, ਅਰਸ਼ਵਿੰਦਰ ਸਿੰਘ ਮਾਨ, ਬਲਜੀਤ ਕੌਰ, ਕੁਲਦੀਪ ਕੌਰ, ਇੰਦਰਜੀਤ ਕੌਰ, ਪੁਸ਼ਪਿੰਦਰ ਕੌਰ ਆਦਿ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਆਜ਼ਾਦ ਗਰੁੱਪ ਦੇ ਉਮੀਦਵਾਰ ਬੀਬੀ ਰਾਜਿੰਦਰ ਕੌਰ ਕੁੰਭੜਾ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇ।