- ਡੀਸੀ ਵੱਲੋਂ ਸਵੀਮਿੰਗ ਪੂਲ, ਜਿਮਨਾਸਟਿਕ, ਬਾਕਸਿੰਗ, ਐਮਪੀ ਇਨਡੋਰ ਹਾਲ ਅਤੇ ਐਥਲੈਟਿਕ ਟਰੈਕ ਦਾ ਦੌਰਾ
- ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਕਾਲਜ, ਬੂਟਾ ਮੰਡੀ ਦੀ ਇਮਾਰਤ ਦੇ ਕੰਮ ਦਾ ਵੀ ਕੀਤਾ ਨਿਰੀਖਣ
- ਪ੍ਰਾਜੈਕਟਾਂ ਦੀ ਪੂਰਤੀ ਲਈ ਉੱਚ ਅਧਿਕਾਰੀਆਂ ਤੋਂ ਪੈਂਡਿੰਗ ਫੰਡ ਜਾਰੀ ਦੀ ਕੀਤੀ ਮੰਗ
ਜਲੰਧਰ, 24 ਜਨਵਰੀ 2021 - ਪੰਜਾਬ ਵਿੱਚ ਏਸ਼ੀਆ ਦੇ ਪਹਿਲੇ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਦੇ ਸ਼ਾਨਦਾਰ ਦਿਨ ਵਾਪਸ ਲਿਆਉਣ ਲਈ ਦ੍ਰਿੜ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਆਉਣ ਵਾਲੇ ਮਹੀਨਿਆਂ ਵਿੱਚ ਕਾਲਜ ਦੀ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਜੰਗੀ ਪੱਧਰ ‘ਤੇ ਸਾਰੇ ਯਤਨ ਕਰੇਗਾ।
ਕਾਲਜ ਦਾ ਵਿਆਪਕ ਨਿਰੀਖਣ ਕਰਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਦੀ ਟੀਮ ਨਾਲ ਸਵੀਮਿੰਗ ਪੂਲ, ਐਥਲੈਟਿਕ ਟਰੈਕ, ਜਿਮਨਾਸਟਿਕ, ਬਾਕਸਿੰਗ ਅਤੇ ਮਲਟੀਪਰਪਜ਼ ਇਨਡੋਰ ਹਾਲ ਦਾ ਦੌਰਾ ਕੀਤਾ ਅਤੇ ਕਿਹਾ ਕਿ ਇਥੇ ਖੇਡਾਂ ਦੇ ਬੁਨਿਆਦੀ ਢਾਂਚੇ, ਮੈਦਾਨ ਅਤੇ ਉਪਕਰਣਾਂ ਸਮੇਤ ਸਹੂਲਤਾਂ ਦੀ ਮੁਕੰਮਲ ਤਬਦੀਲੀ ਨੂੰ ਯਕੀਨੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ, ਜਿਸ ਸਦਕਾ ਰਾਜ ਭਰ ਦੇ ਉਭਰ ਰਹੇ ਖਿਡਾਰੀਆਂ ਨੂੰ ਇਸ ਵੱਕਾਰੀ ਸੰਸਥਾ ਵਿੱਚ ਦਾਖਲਾ ਲੈਣ ਲਈ ਉਤਸ਼ਾਹ ਮਿਲੇਗਾ।
ਘਨਸ਼ਿਆਮ ਥੋਰੀ ਨੇ ਕਿਹਾ ਕਿ ਉਹ ਕਾਲਜ ਦੇ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂੰ ਹਨ, ਜੋ ਕਿ ਅੰਤਰਰਾਸ਼ਟਰੀ ਖਿਡਾਰੀਆਂ ਦੀ ਨਰਸਰੀ ਰਿਹਾ ਹੈ ਅਤੇ 1961 ਵਿਚ ਆਪਣੀ ਸ਼ੁਰੂਆਤ ਤੋਂ ਹੀ ਇਸ ਨੇ ਸੈਂਕੜੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ। ਖੇਡਾਂ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਕਾਲਜ ਦੀ ਮੁੱਖ ਇਮਾਰਤ, ਹੋਸਟਲ ਬਲਾਕ, ਅੰਦਰੂਨੀ ਸੜਕਾਂ, ਨਵੇਂ ਪੈਵੇਲੀਅਨ ਬਲਾਕ ਅਤੇ ਜਿਮਨੇਜ਼ੀਅਮ ਹਾਲ ਦੇ ਕੰਮ ਪਹਿਲਾਂ ਹੀ ਪੂਰੇ ਹੋ ਚੁੱਕੇ ਹਨ ਪਰ ਮਲਟੀਪਰਪਜ਼ ਇਨਡੋਰ ਹਾਲ ਅਤੇ ਖੇਡ ਦੇ ਮੈਦਾਨ ਦੇ ਮੁਕੰਮਲ ਹੋਣ ਵਿੱਚ ਕੁਝ ਕੰਮ ਬਾਕੀ ਹੈ, ਜਿਸ ਉਪਰੰਤ ਡਿਪਟੀ ਕਮਿਸ਼ਨਰ ਨੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਲਗਭਗ 3.94 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਨਵੇਂ ਫੁੱਟਬਾਲ ਗਰਾਊਂਡ ਦੀ ਫੌਰੀ ਜ਼ਰੂਰਤ ਹੈ ਕਿਉਂਕਿ ਪਹਿਲਾ ਗਰਾਊਂਡ ਪੂਰੀ ਤਰ੍ਹਾਂ ਖਸਤਾ ਹਾਲਤ ਵਿਚ ਹੈ। ਇਸ ਤੋਂ ਇਲਾਵਾ ਕਾਲਜ ਵਿਚ ਸਟਰੀਟ ਲਾਈਟਾਂ, ਆਰ.ਓ. ਵਾਟਰ ਕੂਲਰ ਸਥਾਪਤ ਕਰਨ ਅਤੇ ਮੈਨਪਾਵਰ, ਜਿਸ ਵਿੱਚ ਹੋਸਟਲ ਵਾਰਡਨ, ਸੁਰੱਖਿਆ ਕਰਮਚਾਰੀ ਅਤੇ ਸੈਨੀਟੇਸ਼ਨ ਕਰਮਚਾਰੀ ਸ਼ਾਮਿਲ ਹਨ, ਦੀ ਵੀ ਲੋੜ ਹੈ।
ਡਿਪਟੀ ਕਮਿਸ਼ਨਰ ਨੇ ਤੁਰੰਤ ਕਾਲਜ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਉਨ੍ਹਾਂ ਨੂੰ ਲੋੜੀਂਦੀਆਂ ਹੋਰ ਸਹੂਲਤਾਂ ਬਾਰੇ ਵਿਸਥਾਰਪੂਰਵਕ ਤਜਵੀਜ਼ ਬਣਾ ਕੇ ਭੇਜਣ ਤਾਂ ਜੋ ਉਹ ਉੱਚ ਅਧਿਕਾਰੀਆਂ ਕੋਲ ਇਸ ਮਾਮਲੇ ਨੂੰ ਉਠਾ ਸਕਣ ਅਤੇ ਇਥੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਫੰਡ ਅਤੇ ਨੌਜਵਾਨਾਂ ਲਈ ਸਹੂਲਤਾਂ ਜਲਦੀ ਤੋਂ ਜਲਦੀ ਪ੍ਰਾਪਤ ਕੀਤੀਆਂ ਜਾ ਸਕਣ।
ਇਸ ਦੌਰਾਨ ਘਨਸ਼ਿਆਮ ਥੋਰੀ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਕਾਲਜ, ਬੂਟਾ ਮੰਡੀ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਵੀ ਲਿਆ ਅਤੇ ਕਿਹਾ ਕਿ ਕਾਲਜ ਦੀ 55 ਫੀਸਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਡਿਗਰੀ ਕਾਲਜ 'ਤੇ 11.46 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ।
ਡਿਪਟੀ ਕਮਿਸ਼ਨਰ ਨੇ ਉਚੇਰੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਕਾਲਜ ਦੀ ਉਸਾਰੀ ਮੁਕੰਮਲ ਕਰਨ ਲਈ ਬਾਕੀ ਰਹਿੰਦੀ 9.21 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦੀ ਗੁਜ਼ਾਰਿਸ਼ ਕੀਤੀ। ਉਨ੍ਹਾਂ ਕਿਹਾ ਕਿ ਇਹ ਕਾਲਜ ਵਿਦਿਆਰਥੀਆਂ ਜ਼ਿਆਦਾਤਰ ਕਮਜ਼ੋਰ ਵਰਗਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਯਕੀਨੀ ਬਣਾਏਗਾ। ਇਸ ਮੌਕੇ ਐਸਡੀਐਮ ਰਾਹੁਲ ਸਿੰਧੂ ਤੇ ਡਾ. ਜੈ ਇੰਦਰ ਸਿੰਘ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ (ਬੀ ਐਂਡ ਆਰ) ਭਾਗਵਿੰਦਰ ਸਿੰਘ ਤੁਲੀ, ਤੈਰਾਕੀ ਕੋਚ ਉਮੇਸ਼ ਸ਼ਰਮਾ, ਐਸਡੀਓ ਵਿਸ਼ਾਲ ਕੁਮਾਰ ਅਤੇ ਹੋਰ ਮੌਜੂਦ ਸਨ।