- ਚੰਡੀਗੜ੍ਹ ਦੇ ਨਿਵਾਸੀ ਬ੍ਰਿਜ ਭੂਸ਼ਨ ਬਹਿਲ ਨੂੰ ਕਦੇ ਭੁਲਾ ਨਹੀਂ ਸਕਣਗੇ: ਰਾਜਿੰਦਰ ਸਿੰਘ ਬਡਹੇੜੀ
ਚੰਡੀਗੜ੍ਹ, 24 ਜਨਵਰੀ 2021 - ਆੱਲ ਇੰਡੀਆ ਜੱਟ ਮਹਾਂਸਭਾ ਦੇ ਚੰਡੀਗੜ੍ਹ ਸਟੇਟ ਪ੍ਰਧਾਨ ਅਤੇ ਚੰਡੀਗੜ੍ਹ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸ. ਰਾਜਿੰਦਰ ਸਿੰਘ ਬਡਹੇੜੀ ਨੇ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਬਹਿਲ ਦੇ ਦੇਹਾਂਤ ਉੱਤੇ ਡੂੰਘੇ ਸ਼ੋਕ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਇੱਥੇ ਇੱਕ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਇੱਕ ਮਹਾਨ ਨੇਤਾ ਤੇ ਸਮਾਜ ਸੇਵਕ ਬੀ.ਬੀ. ਬਹਿਲ ਦੇ ਅਕਾਲ ਚਲਾਣੇ ਕਾਰਣ ਕਦੇ ਵੀ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਪਿਆ ਹੈ। ਚੰਡੀਗੜ੍ਹ ਨਿਵਾਸੀ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਭੁਲਾ ਨਹੀਂ ਸਕਣਗੇ।
ਇੱਥੇ ਵਰਨਣਯੋਗ ਹੈ ਕਿ ਸ੍ਰੀ ਬਹਿਲ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ’ਚ ਆਪਣੀ ਧੀ ਕੋਲ ਰਹਿ ਰਹੇ ਸਨ ਤੇ ਉਨ੍ਹਾਂ ਉੱਥੇ ਹੀ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ।
ਬਡਹੇੜੀ ਨੇ ਦੱਸਿਆ ਕਿ ਸਾਲ 1999 ’ਚ ਲੋਕ ਸਭਾ ਦੀ ਚੰਡੀਗੜ੍ਹ ਸੀਟ ਉੱਤੇ ਕਾਂਗਰਸ ਦੀ ਜਿੱਤ ਤੋਂ ਬਾਅਦ ਸ੍ਰੀ ਬੀ.ਬੀ. ਬਹਿਲ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣੇ ਸਨ ਤੇ ਜਨਵਰੀ 2015 ਤੱਕ ਇਸ ਅਹੁਦੇ ’ਤੇ ਰਹੇ। ਸ੍ਰੀ ਬਹਿਲ ਤੋਂ ਇਲਾਵਾ ਹੋਰ ਕੋਈ ਵੀ ਆਗੂ ਇਸ ਅਹੁਦੇ ਉੱਤੇ ਇੰਨਾ ਲੰਮਾ ਸਮਾਂ ਨਿਯੁਕਤ ਨਹੀਂ ਰਿਹਾ – ਇੰਝ ਇਹ ਰਿਕਾਰਡ ਹਾਲੇ ਤੱਕ ਉਨ੍ਹਾਂ ਦੇ ਨਾਮ ਹੈ। ਉਨ੍ਹਾਂ ਨੂੰ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਦਾ ਕਰੀਬੀ ਮੰਨਿਆ ਜਾਂਦਾ ਸੀ।
ਬਡਹੇੜੀ ਨੇ ਸ੍ਰੀ ਬਹਿਲ ਦੇ ਨਿਜੀ ਜੀਵਨ ਬਾਰੇ ਬੋਲਦਿਆਂ ਅੱਗੇ ਦੱਸਿਆ ਕਿ ਉਨ੍ਹਾਂ ਦਾ ਚੰਡੀਗੜ੍ਹ ਸੈਕਟਰ–26 ’ਚ ਆਪਣਾ ਹੋਟਲ ‘ਪ੍ਰੈਜ਼ੀਡੈਂਟ’ ਸੀ। ਪਰ ਉਮਰ ਦੇ ਤਕਾਜ਼ੇ ਕਾਰਣ ਉਹ ਆਪਣੀ ਬਾਕੀ ਜ਼ਿੰਦਗੀ ਗੁਜ਼ਾਰਨ ਲਈ 2015 ’ਚ ਹੀ ਅਮਰੀਕਾ ਚਲੇ ਗਏ ਸਨ।
ਬਡਹੇੜੀ ਨੇ ਅੱਗੇ ਦੱਸਿਆ ਕਿ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਜੋਂ ਹੀ ਉਨ੍ਹਾਂ ਸੈਕਟਰ–35 ਸਥਿਤ ਕਾਂਗਰਸ ਦੇ ਦਫ਼ਤਰ ਦੀ ਮੁੜ–ਉਸਾਰੀ ਕਰਵਾਈ ਸੀ। ਪਹਿਲਾਂ ਉੱਥੇ ਦਫ਼ਤਰ ਸਿਰਫ਼ ਦੋ ਕਮਰਿਆਂ ’ਚ ਚੱਲਦਾ ਹੁੰਦਾ ਸੀ ਪਰ ਉਨ੍ਹਾਂ ਉੱਥੇ ਵਿਸ਼ਾਲ ਇਮਾਰਤ ਖੜ੍ਹੀ ਕੀਤੀ।
ਬਡਹੇੜੀ ਨੇ ਇਹ ਵੀ ਦੱਸਿਆ ਕਿ ਸ੍ਰੀ ਬਹਿਲ ਦੇ ਕਾਰਜਕਾਲ ਦੌਰਾਨ ਚੰਡੀਗੜ੍ਹ ’ਚ ਕਾਂਗਰਸ ਨਗਰ ਨਿਗਮ ਤੋਂ ਲੈ ਕੇ ਮਾਰਕਿਟ ਕਮੇਟੀ ਤੱਕ ਕੋਈ ਚੋਣ ਨਹੀਂ ਹਾਰੀ ਸੀ। ਉਹ ਬਚਪਨ ਤੋਂ ਹੀ ਕਾਂਗਰਸੀ ਵਿਚਾਰਧਾਰਾ ਤੋਂ ਡਾਢੇ ਪ੍ਰਭਾਵਿਤ ਸਨ। ਉਨ੍ਹਾਂ ਦੀ ਇੱਛਾ ਸਦਾ ਪਾਰਟੀ ਪ੍ਰੈਜ਼ੀਡੈਂਟ (ਪ੍ਰਧਾਨ) ਬਣਨ ਦੀ ਰਹੀ ਸੀ; ਇਸੇ ਲਈ ਉਨ੍ਹਾਂ ਆਪਣੇ ਹੋਟਲ ਦਾ ਨਾਂਅ ਵੀ ‘ਪ੍ਰੈਜ਼ੀਡੈਂਟ’ ਹੀ ਰੱਖਿਆ ਸੀ।