ਅਸ਼ੋਕ ਵਰਮਾ
ਬਠਿੰਡਾ, 25 ਜਨਵਰੀ 2021: ਸਮਾਜ ਦੀ ਸੇਵਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਸਿਰਨਾਵਾਂ ਬਣ ਗਈ ਹੈ ਜਿਸ ਨੂੰ ਦੇਖਦਿਆਂ ਹੁਣ ਪੰਜਾਬ ਸਰਕਾਰ 26 ਜਨਵਰੀ ਨੂੰ ਇਸ ਯੋਧੇ ਦਾ ਸਨਮਾਨ ਕਰ ਰਹੀ ਹੈ। ਵੱਡੀ ਗੱਲ ਹੈ ਕਿ ਨਾਂ ਤਾਂ ਸੱਪਾਂ ਦੇ ਡੰਗ ਉਸ ਦਾ ਰਾਹ ਰੋਕ ਸਕੇ ਹਨ ਤੇ ਨਾਂ ਹੀ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਉਸ ਨੂੰ ਪਿੱਛੇ ਹਟਾ ਸਕੀ ਹੈ। ਹੁਣ ਤਾਂ ਸੋਨੂੰ ਮਹੇਸ਼ਵਰੀ ਪੰਜਾਬ ਦੇ ਸਮਾਜਿਕ ਹਲਕਿਆਂ ’ਚ ਲੋਕਾਂ ਲਈ ਕਿਸੇ ਪਛਾਣ ਦੀ ਮੁਥਾਜ ਨਹੀਂ ਰਹਿ ਗਿਆ ਹੈ। ਅੱਜ ਪੰਜਾਬ ਸਰਕਾਰ ਵੱਲੋਂ ਕਰੋਨਾ ਸੰਕਟ ਦੌਰਾਨ ਮਾਨਵਤਾ ਦੀ ਸੇਵਾ ਨਿਭਾਉਣ ’ਚ ਮਹੱਤਵਪੂਰਨ ਯੋਗਦਾਨ ਪਾਉਣ ਵਾਲਿਆਂ ਦੀ ਜਾਰੀ ਸੂਚੀ ’ਚ ਸੋਨੂੰ ਦਾ ਨਾਮ ਮੋਹਰੀ ਕਤਾਰ ’ਚ ਹੈ।
ਇਸ ਵੇਲੇ ਸੋਨੂੰ ਮਹੇਸ਼ਵਰੀ ਨੌਜਵਾਨ ਵੈਲਫੇਅਰ ਸੁਸਾਇਟੀ ਦਾ ਪ੍ਰਧਾਨ ਹੈ ਜਿਸ ਦੀ ਅਗਵਾਈ ਹੇਠ ਵਲੰਟੀਅਰ ਦਿਨ ਰਾਤ ਲੋਕ ਸੇਵਾ ’ਚ ਜੁਟੇ ਦਿਖਾਈ ਦਿੰਦੇ ਹਨ। ਜਦੋਂ ਪੂਰੀ ਦੁਨੀਆਂ ਕਰੋਨਾ ਦੇ ਕਹਿਰ ਨਾਲ ਜੂਝ ਰਹੀ ਸੀ ਤਾਂ ਨੌਜਵਾਨ ਵੈਲਫੇਅਰ ਸੁਸਾਇਟੀ ਨੇ ਅੱਗੇ ਆ ਕੇ ਜਿੰਮੇਵਾਰੀ ਦੀ ਮਿਸ਼ਾਲ ਪੇਸ਼ ਕੀਤੀ ਹੈ। ਨੌਜਵਾਨ ਵੈਲਫੇਅਰ ਸੁਸਇਟੀ ਨੇ ਕਰੋਨਾ ਪ੍ਰਤੀ ਬਣੀਆਂ ਸਮਾਜਿਕ ਮਿੱਥਾਂ ਤੋੜਨ ਲਈ ਪ੍ਰਸ਼ਾਸ਼ਨ ਨਾਲ ਹਰ ਤਰਾਂ ਦਾ ਸਹਿਯੋਗ ਉਦੋਂ ਕੀਤਾ ਜਦੋਂ ਆਪਣੇ ਤਾਂ ਦੂਰ ਆਪਣਾ ਸਾਇਆ ਵੀ ਸਾਥ ਛੱਡਣ ਲੱਗ ਗਿਆ ਸੀ। ਸੰਸਥਾ ਹੁਣ ਤੱਕ ਕਰੋਨਾ ਕਾਰਨ ਮੌਤ ਦੇ ਮੂੰਹ ਜਾ ਪਏ ਮਰੀਜਾਂ ਦੀਆਂ ਲਾਸ਼ਾਂ ਦੇ ਪੂਰੇ ਵਿਧੀ ਵਿਧਾਨ ਅਤੇ ਸਾਵਧਾਨੀਆਂ ਸਾਹਿਤ ਅੰਤਮ ਸਸਕਾਰ ਕਰ ਚੁੱਕੀ ਹੈ।
ਸੰਸਥਾ ਦੇ ਵਲੰਟੀਅਰ ਕਦੇ ਮਰੀਜ ਨੂੰ ਹਸਪਤਾਲਾਂ ’ਚ ਛੱਡ ਕੇ ਆਉਂਦੇ ਦਿਖਾਈ ਦਿੰਦੇ ਹਨ ਤਾਂ ਕਦੀ ਅਰਾਮ ਆਉਣ ਵਾਲੇ ਮਰੀਜਾਂ ਘਰ ਪਹੁੰਚਾਇਆ ਜਾ ਰਿਹਾ ਹੈ। ਦਰਅਸਲ ਸੋਨੂੰ ਮੇਸ਼ਵਰੀ ਪਹਿਲੀ ਵਾਰ ਉਸ ਵਕਤ ਚਰਚਾ ’ਚ ਆਇਆ ਜਦ ਉਸ ਨੇ ਨੌਜਵਾਨ ਵੈਲਫੇਅਰ ਸੁਸਾਇਟੀ ਦਾ ਗਠਨ ਕਰਕੇ ਸ਼ਹਿਰ ਦੇ ਰਿਹਾਇਸ਼ੀ ਖੇਤਰਾਂ ਚੋਂ ਸੱਪ ਫੜਨੇ ਸ਼ੁਰੂ ਕੀਤੇ ਸਨ। ਇੱਕ ਵਾਰ ਸੋਨੂੰ ਮਹੇਸ਼ਵਰੀ ਇੱਕ ਧਾਰਮਿਕ ਸਮਾਗਮ ’ਚ ਨਿੱਕਲਿਆ ਸੱਪ ਕਾਬੂ ਕਰ ਰਿਹਾ ਸੀ ਤਾਂ ਕੋਬਰਾ ਨੇ ਉਸ ਨੂੰ ਡੰਗ ਮਾਰ ਦਿੱਤਾ ਸੀ। ਭਾਵੇਂ ਇਸ ਘਟਨਾ ’ਚ ਬੜੀ ਮੁਸ਼ਕਿਲ ਨਾਲ ਉਸਦੀ ਜਾਨ ਬਚੀ ਸੀ ਪਰ ਮੀਡੀਆ ’ਚ ਆਏ ਉਸ ਦਾ ਸਾਹਸੀ ਕਾਰਨਾਮਿਆਂ ਕਾਰਨ ਉਸ ਦੀ ਚਰਚਾ ਦੂਰ ਦੂਰ ਤੱਕ ਹੋਣ ਲੱਗੀ ਸੀ।
ਪਿਛਲੇ ਕਰੀਬ 15 ਵਰਿਆਂ ਤੋਂ ਵੀ ਜਿਆਦਾ ਅਰਸੇ ਤੋਂ ਹਾਦਸਾ ਪੀੜਤ ਲੋਕਾਂ ਨੂੰ ਇਲਾਜ ਲਈ ਹਸਪਤਾਲਾਂ ’ਚ ਦਾਖਲ ਕਰਵਾਉਣ ਲਈ ਸਰਗਰਮ ਇਸ ਸੰਸਥਾ ਨੇ ਲੋਕਾਂ ਦੀਆਂ ਕੀਮਤੀ ਜਿੰਦਗੀਆਂ ਬਚਾਉਣ ’ਚ ਅਹਿਮ ਰੋਲ ਨਿਭਾਇਆ ਹੈ। ਸੰਸਥਾ ਦੇ ਵਲੰਟੀਅਰ ਅਤੇ ਸਾਥ ਦੇਣ ਵਾਲੇ ਲੋਕ ਲਗਾਤਾਰ ਖੂਨਦਾਨ ਕਰ ਰਹੇ ਹਨ। ਸੁਸਾਇਟੀ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਦਾ ਹੀ ਸਿੱਟਾ ਹੈ ਕਿ ਬਠਿੰਡਾ ਪ੍ਰਸ਼ਾਸ਼ਨ ਨੂੰ ਕਰੋਨਾ ਮਰੀਜਾਂ ਦੀ ਚਿਤਾ ਨਹੀਂ ਕਰਨੀ ਪਈ ਹੈ। ਖਾਸ ਤੌਰ ਤੇ ਸੋਨੂੰ ਮਹੇਸ਼ਵਰੀ ਵੱਲੋਂ ਮੈਰੀਟੋਰੀਅਸ ਸਕੂਲ ਵਿਚ ਬਣੇ ਆਇਸੋਲੇਸ਼ਨ ਵਾਰਡ ਦੀਆਂ ਚਾਦਰਾਂ ਆਦਿ ਧੋਕੇ ਤਾਂ ਲੋਕਾਂ ਦੇ ਫਿਕਰ ਹੀ ਮੁਕਾ ਦਿੱਤੇ ਸਨ ਜਿਸ ਦੀ ਵੱਡੀ ਪੱਧਰ ਤੇ ਸ਼ਲਾਘਾ ਕੀਤੀ ਗਈ ਸੀ।
ਬਠਿੰਡਾ ਦੇ ਨੌਜਵਾਨ ਸੋਨੂੰ ਮਹੇਸ਼ਵਰੀ ਨੇ ਦੂਸਰਿਆਂ ਦੇ ਦਰਦ ਨੂੰ ਆਪਣਾ ਸਮਝ ਕੇ ਸਿਰਫ 19 ਕੁ ਸਾਲ ਦੀ ਛੋਟੀ ਉਮਰ ‘ਚ ਸੇਵਾ ਦਾ ਜੋ ਰਸਤਾ ਚੁਣਿਆ ਉਹ ਹੁਣ ਕਾਫਲਾ ਬਣ ਗਿਆ ਹੈ। ਹਾਦਸਾ ਪੀੜਤਾਂ ਨੂੰ ਹਸਪਤਾਲ ਲਿਜਾਣਾ, ਲੋੜਵੰਦਾਂ ਲਈ ਖੂਨਦਾਨ ਕਰਨਾ ਤੇ ਆਮ ਲੋਕਾਂ ਨੂੰ ਅੱਖਾਂ ਦਾਨ ਵਾਸਤੇ ਪ੍ਰੇਰਿਤ ਕਰਨ ਤੋਂ ਇਲਾਵਾ ਕਰੋਨਾ ਸੰਕਟ ਦੌਰਾਨ ਤਾਂ ਸੰਸਥਾ ਨੇ ਸੇਵਾ ਦੀ ਮਿਸਾਲ ਕਾਇਮ ਕੀਤੀ ਹੈ। ਸੇਵਾ ਦੌਰਾਨ ਜਨੂੰਨ ਦੀ ਹੱਦ ਤੱਕ ਜਾਣਾ ਸੋਨੂੰ ਦਾ ਸਭਾਅ ਹੈ ਪਰ ਠਰੰਮੇ ਦਾ ਕਦੇ ਪੱਲਾ ਨਹੀਂ ਛੱਡਿਆ। ਕਰੋਨਾ ਸੰਕਟ ਦੌਰਾਨ ਹਰ ਪੱਖ ਤੇ ਧਿਆਨ ਕੇਂਦਰਿਤ ਰੱਖਿਆ । ਲੋਕ ਸੇਵਾ ਕਰਦਿਆਂ ਔਕੜਾਂ ਵੀ ਆਈਆਂ ਫਿਰ ਵੀ ਇਹ ਸਫਰ ਬਿਨਾਂ ਰੁਕੇ ਜਾਰੀ ਹੈ।
ਸਮਾਜ ਪ੍ਰਤੀ ਫਰਜ਼ ਨਿਭਾਇਆ:ਸੋਨੂੰ
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਉਹਨਾਂ ਕਿਸੇ ਤੇ ਅਹਿਸਾਨ ਨਹੀਂ ਕੀਤਾ ਬਲਕਿ ਉਹ ਸਮਾਜ ਪ੍ਰਤੀ ਆਪਣਾ ਫਰਜ਼ ਅਦਾ ਕਰ ਰਹੇ ਹਨ। ਉਹਨਾਂ ਆਖਿਆ ਕਿ ਲੋਕ ਨਿਯਮਾਂ ਪ੍ਰਤੀ ਚੇਤਨ ਹੋਣ ਤਾਂ ਕਈ ਸਮੱਸਿਆਵਾਂ ਹੱਲ ਨਹੀਂ ਤਾਂ ਘੱਟ ਕੀਤੀਆਂ ਜਾ ਸਕਦੀਆਂ ਹਨ।
ਲੋਕ ਪੱਖੀ ਕਾਰਜ ਸ਼ਲਾਘਾਯੋਗ:ਪਠਾਣੀਆ
ਰੈਡ ਕਰਾਸ ਸੁਸਾਇਟੀ ਦੇ ਫਸਟ ਏਡ ਟਰੇਨਰ ਨਰੇਸ਼ ਪਠਾਣੀਆ ਦਾ ਕਹਿਣਾ ਸੀ ਕਿ ਸੋਨੂੰ ਮਹੇਸ਼ਵਰੀ ਵੱਲੋਂ ਜਾ ਰਹੇ ਲੋਕ ਪੱਖੀ ਕਾਰਜਾਂ ਦੀ ਜਿੰਨੀਂ ਵੀ ਸ਼ਲਾਘਾ ਕੀਤੀ ਜਾਏ ਉਹ ਘੱਟ ਹੈ। ਉਹਨਾਂ ਦੱਸਿਆ ਕਿ ਕਰੋਨਾ ਦੇ ਖਤਰੇ ਦੌਰਾਨ ਤਾਂ ਖੁਦ ਸੋਨੂੰ ਨੇ ਅੱਗੇ ਹੋਕੇ ਆਪਣੇ ਵਲੰਟੀਅਰਾਂ ਨਾਲ ਜਿਸ ਤਰਾਂ ਦੀ ਭੂਮਿਕਾ ਅਦਾ ਕੀਤੀ ਹੈ ਉਸ ਦੀ ਦੁਨੀਆਂ ਕਾਇਲ ਹੈ। ਉਹਨਾਂ ਆਖਿਆ ਕਿ ਸੋਨੂੰ ਦਾ ਸਨਮਾਨ ਕਰਕੇ ਪੰਜਾਬ ਸਰਕਾਰ ਨੇ ਇੱਕ ਨੇਕ ਕਾਰਜ ਕੀਤਾ ਹੈ ਜਿਸ ਦੇ ਉਹ ਵਾਕਿਆ ਹੀ ਹੱਕਦਾਰ ਸਨ। ਪਠਾਣੀਆਂ ਨੇ ਸੋਨੂੰ ਮਹੇਸ਼ਵਰੀ ਅਤੇ ਉਸ ਦੀ ਟੀਮ ਨੂੰ ਵਧਾਈ ਵੀ ਦਿੱਤੀ ਹੈ।