ਹਰਜਿੰਦਰ ਸਿੰਘ ਭੱਟੀ
-ਅਜੋਕੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਲੜਕੀਆਂ ਸਿੱਖਿਅਤ ਹੋਣ : ਪੁਰਖਾਲਵੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਜਨਵਰੀ 2021 - ਸਥਾਨਕ ਸਰਕਾਰੀ ਆਈ.ਟੀ.ਆਈ. (ਲੜਕੀਆਂ) ਵੱਲੋਂ ਅੱਜ ਸੰਸਥਾ ਵਿਖੇ ਸਵਰਾਜ ਇੰਜਣਜ਼ ਲਿ: ਮੁਹਾਲੀ ਦੇ ਸਹਿਯੋਗ ਨਾਲ ਇੱਕ ਦਿਨਾਂ ਸਵੈ-ਰੱਖਿਆ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅੰਤਰ-ਰਾਸ਼ਟਰੀ ਮਾਹਿਰ ਸ਼੍ਰੀ ਸਤਪਾਲ ਸਿੰਘ ਰੀਹਲ ਜਨਰਲ ਸੱਕਤਰ ਤਕਨੀਕੀ ਡਾਇਰੈਕਟਰ ਪੰਜਾਬ ਤਾਇਕਵਾਂਡੋ ਐਸੋਸੀਏਸ਼ਨ ਅਤੇ ਸਾਥੀਆਂ ਵੱਲੋਂ ਲੜਕੀਆਂ ਨੂੰ ਆਤਮ ਸੁਰੱਖਿਆ ਲਈ ਅਹਿਮ ਨੁਕਤੇ ਸਿਖਾਏ ਗਏ।
ਸੰਸਥਾ ਦੇ ਪ੍ਰਿੰਸੀਪਲ ਅਤੇ ਜਿਲ੍ਹਾ ਨੋਡਲ ਅਫਸਰ ਸ਼੍ਰੀ ਸ਼ਮਸ਼ੇਰ ਪੁਰਖਾਲਵੀ ਦੀ ਅਗਵਾਈ ਵਿੱਚ ਖੇਡ ਮੈਦਾਨ ਵਿੱਚ ਆਯੋਜਿਤ ਕੀਤਾ ਗਏ ਇਸ ਟ੍ਰੇਨਿੰਗ ਕੈਂਪ ਵਿੱਚ 300 ਤੋਂ ਵਧੇਰੇ ਸਿਖਿਆਰਥਣਾਂ ਨੇ ਭਾਗ ਲਿਆ ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਮੌਜੂਦਾ ਚੁਣੌਤੀਆਂ ਦਾ ਟਾਕਰਾ ਕਰਨ ਲਈ ਲੜਕੀਆਂ ਨੂੰ ਵਧੇਰੇ ਜਾਗਰੂਕ ਅਤੇ ਸਿੱਖਿਅਤ ਹੋਣ ਦੀ ਲੋੜ ਹੈ ਤਾਂ ਜੋ ਲੋੜ ਪੈਣ ਤੇ ਕਿਸੇ ਦਾ ਸਹਾਰਾ ਲੈਣ ਦੀ ਬਜਾਏ ਸੰਕਟਮਈ ਸਮੇਂ ਨਾਲ ਖੁਦ ਹੀ ਟਾਕਰਾ ਕਰਕੇ ਆਪਣਾ ਬਚਾਓ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਲੜਕੀਆਂ ਨੂੰ ਕਿੱਤਾ ਮੁਖੀ ਸਿੱਖਿਆ ਦੇ ਨਾਲ-ਨਾਲ ਜਿੰਦਗੀ ਦੀਆਂ ਕਦਰਾਂ ਕੀਮਤਾਂ ਅਪਨਾਉਣ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿਉਂਕਿ ਸਮਾਜ ਨੂੰ ਸੇਧਤ ਕਰਨ ਲਈ ਲੜਕੀਆਂ ਆਪਣਾ ਵਡਮੁੱਲਾ ਅਤੇ ਅਹਿਮ ਭੁਮਿਕਾ ਨਿਭਾ ਸਕਦੀਆਂ ਹਨ। ਸ਼੍ਰੀ ਪੁਰਖਾਲਵੀ ਨੇ ਵਾਅਦਾ ਕੀਤਾ ਕਿ ਸੰਸਥਾ ਵੱਲੋਂ ਸਮੁੱਚੇ ਸਟਾਫ ਦੇ ਸਹਿਯੋਗ ਨਾਲ ਅਜਿਹੇ ਪ੍ਰੋਗਰਾਮ ਭਵਿੱਖ ਵਿੱਚ ਵੀ ਜਾਰੀ ਰੱਖੇ ਜਾਣਗੇ।
ਇਸ ਮੌਕੇ ਸੰਸਥਾ ਦੀ ਪੀਲੀ-ਬੈਲਟ ਪ੍ਰਾਪਤ ਅਤੇ ਰਾਜ ਪੱਧਰੀ ਗੋਲਡ ਮੈਡਲਿਸਟ ਤਾਇਕਵਾਂਡੋ ਕੁਮਾਰੀ ਦੀਕਸ਼ਾ ਸ਼ਰਮਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਥਾ ਦੀਆਂ ਸਿਖਿਆਰਥਣਾਂ ਪਵਨਜੀਤ ਕੌਰ, ਜਿਯੋਤੀ, ਨੇਹਾ, ਟੀਸ਼ਾ ਅਤੇ ਅਸ਼ਵਨੀ ਨੇ ਸੰਸਥਾ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਪ੍ਰਿੰਸੀਪਲ ਸ਼੍ਰੀ ਸ਼ਮਸ਼ੇਰ ਪੁਰਖਾਲਵੀ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਸ਼੍ਰੀਮਤੀ ਸ਼ਵੀ ਗੋਇਲ, ਸ਼੍ਰੀਮਤੀ ਜਸਵੀਰ ਕੌਰ, ਸ਼੍ਰੀਮਤੀ ਉਪਾਸਨਾ ਅੱਤਰੀ, ਸ਼੍ਰੀਮਤੀ ਅੰਮ੍ਰਿਤਬੀਰ ਕੌਰ ਹੁੰਦਲ, ਸ਼੍ਰੀਮਤੀ ਸ਼ਰਨਜੀਤ ਕੌਰ, ਸ਼੍ਰੀਮਤੀ ਹਰਮਨਜੀਤ ਕੌਰ, ਸ਼੍ਰੀਮਤੀ ਪਰਮਿੰਦਰ ਕੌਰ, ਸ਼੍ਰੀਮਤੀ ਰੇਨੂੰ ਸ਼ਰਮਾ, ਸ਼੍ਰੀ ਰਾਕੇਸ਼ ਕੁਮਾਰ ਡੱਲਾ, ਸ਼੍ਰੀ ਅਮਨਦੀਪ ਸ਼ਰਮਾ, ਸ਼੍ਰੀ ਗੁਰਵਿੰਦਰ ਸਿੰਘ, ਸ਼੍ਰੀ ਵਰਿੰਦਰਪਾਲ ਸਿੰਘ, ਸ਼੍ਰੀ ਮਨਿੰਦਰਪਾਲ ਸਿੰਘ, ਸ਼੍ਰੀ ਅਵਤਾਰ ਸਿੰਘ, ਸ਼੍ਰੀਮਤੀ ਦਰਸ਼ਨਾ ਕੁਮਾਰੀ ਅਤੇ ਸ਼੍ਰੀਮਤੀ ਰਮਨਦੀਪ ਕੌਰ ਵੀ ਹਾਜਰ ਸਨ।