ਹਰਜਿੰਦਰ ਸਿੰਘ ਭੱਟੀ
- ਮਾਜਰਾ ਦੀ ਸਰਪੰਚ ਦੀ ਅਗਵਾਈ ਵਿੱਚ ਪਿੰਡ ਵਿੱਚ ਹੋ ਰਹੇ ਹਨ ਵਿਕਾਸ ਕਾਰਜ
- ਪਾਰਕ, ਗਲੀਆਂ ਨਾਲੀਆਂ, ਸ਼ਮਸ਼ਾਨਘਾਟ ਦੇ ਸ਼ੈੱਡ ਦੀ ਉਸਾਰੀ, ਗੰਦੇ ਪਾਣੀ ਦੀ ਨਿਕਾਸੀ ਅਤੇ ਪੇਵਰ ਲਗਾ ਕੇ ਰਸਤਾ ਪੱਕਾ ਕਰਵਾਉਣ ਦੇ ਕੰਮ ਅਪਣੀ ਨਿਗਰਾਨੀ ਹੇਠ ਜਾ ਰਹੇ ਹਨ ਕਰਵਾਏ
- ਪਿੰਡ ਦੀਆਂ ਲੜਕੀਆਂ ਨੂੰ ਉਚੇਰੀ ਸਿੱਖਿਆ ਲਈ ਜਾਗਰੂਕ ਅਤੇ ਆਤਮ ਨਿਰਭਰ ਹੋਣ ਲਈ ਕੀਤਾ ਜਾ ਰਿਹਾ ਹੈ ਸੁਚੇਤ
ਐਸ.ਏ.ਐਸ ਨਗਰ, 27 ਜਨਵਰੀ 2021 - ਪੰਜਾਬ ਸਰਕਾਰ ਦੀ ਰਿਜਰਵੇਜ਼ਨ ਪਾਲਿਸੀ ਤਹਿਤ ਔਰਤਾਂ ਨੂੰ ਪੰਚਾਇਤੀ ਸੰਸਥਾਵਾਂ ਚ ਮਿਲੇ ਰਾਂਖਵਾਕਰਨ ਦੇ ਸਾਰਥ ਨਤੀਜੇ ਸਾਹਮਣੇ ਆ ਰਹੇ ਹਨ। ਇਸ ਦੀ ਮਿਸਾਲ ਹੈ ਗਰਾਮ ਪੰਚਾਇਤ ਕਾਦੀ ਮਾਜਰਾ ਦੀ ਸਰਪੰਚ ਸ਼੍ਰੀਮਤੀ ਮਨਜੀਤ ਕੌਰ ਵੱਲੋਂ ਪਾਰਟੀਬਾਜੀ ਅਤੇ ਭੇਦਭਾਵ ਤੋਂ ਉਪਰ ਉੱਠ ਕੇ ਪਿੰਡ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ।
ਸਰਪੰਚ ਮਨਜੀਤ ਕੌਰ ਦਾ ਕਹਿਣਾ ਹੈ ਕਿ "ਮੈਂ ਵਾਹਿਗੁਰੂ ਵੱਲੋਂ ਬਖਸ਼ੇ ਅਹੁੱਦੇ ਅਤੇ ਪਿੰਡ ਵਾਸੀਆਂ ਦੁਆਰਾ ਦਿੱਤੀ ਗਈ ਜਿੰਮੇਵਾਰੀ ਨੂੰ ਸਮਝਦਿਆਂ ਹੋਇਆ ਪਿੰਡ ਦੀ ਸੇਵਾ ਕਰ ਰਹੀ ਹਾਂ; ਪਿੰਡ ਦਾ ਵਿਕਾਸ ਮੇਰੇ ਲਈ ਸਿਰਫ ਕੀਤੇ ਜਾਣ ਵਾਲੇ ਕੰਮ ਨਹੀਂ ਬਲਕਿ ਮੇਰਾ ਫਰਜ਼ ਅਤੇ ਨੈਤਿਕ ਜ਼ਿੰਮੇਵਾਰੀ ਹੈ।
ਮੈਂ ਆਪਣੇ ਪਿੰਡ ਵਾਸੀਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਪਿੰਡ ਵਿੱਚ ਪਾਰਕ ਦੀ ਉਸਾਰੀ ਕਰਵਾਈ ਹੈ ਤਾਂ ਜੋ ਪਿੰਡ ਦੇ ਲੋਕ ਸਵੇਰੇ ਸ਼ਾਮ ਨੂੰ ਸੈਰ ਦਾ ਆਨੰਦ ਮਾਣ ਸਕਣ। ਪਿੰਡ ਦੀ ਸਾਫ ਸਫਾਈ ਦਾ ਧਿਆਨ ਰੱਖਦੇ ਹੋਏ ਗੰਦੇ ਪਾਣੀ ਦੀ ਨਿਕਾਸੀ ਲਈ ਫਿਰਨੀ ਦੇ ਨਾਲ ਨਾਲ ਪਾਈਪਲਾਈਨ ਪਾ ਕੇ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਟੋਭੇ ਵਿੱਚ ਕਰਵਾਈ ਹੈ।
ਪਿੰਡ ਦੀਆਂ ਗਲੀਆਂ ਨਾਲੀਆਂ ਦੀ ਉਸਾਰੀ, ਸ਼ਮਸ਼ਾਨਘਾਟ ਦੇ ਸ਼ੈੱਡ ਦੀ ਉਸਾਰੀ ਅਤੇ ਸ਼ਮਸ਼ਾਨਘਾਟ ਨੂੰ ਜਾਂਦੇ ਰਸਤੇ ਵਿੱਚ ਪੇਵਰ ਲਗਾ ਕੇ ਰਸਤਾ ਪੱਕਾ ਕਰਵਾਉਣ ਦੇ ਕੰਮ ਨੂੰ ਤਰਜੀਹ ਦਿੰਦੇ ਹੋਏ ਨੇਪਰੇ ਚਾੜਿਆ ਹੈ।
ਇਸ ਤੋਂ ਇਲਾਵਾ ਮੈਂ ਪਿੰਡ ਦੀਆਂ ਲੜਕੀਆਂ ਨੂੰ ਉਚੇਰੀ ਸਿੱਖਿਆ ਲਈ ਜਾਗਰੂਕ ਕਰਨ ਲਈ ਯਤਨਸ਼ੀਲ ਹਾਂ। ਸਾਡੀਆਂ ਲੜਕੀਆਂ ਪੜ੍ਹਨਗੀਆਂ ਤਾਂ ਆਤਮ ਨਿਰਭਰ ਹੋ ਸਕਣਗੀਆਂ , ਇਸ ਲਈ ਮੈਂ ਉਨ੍ਹਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਹਾਂ ।