ਦੀਪਕ ਜੈਨ
- ਲੁੱਟਖੋਹ ਦੀ ਘਟਨਾ ਹੋਈ ਸੀਸੀਟੀਵੀ ਚ ਕੈਦ
ਜਗਰਾਓਂ, 24 ਫਰਵਰੀ 2021 - ਜਗਰਾਓਂ ਦੇ ਤਹਿਸੀਲ ਰੋਡ ' ਫਾਸਟਵੇਅ ਨੈੱਟਪਲੱਸ ਦੇ ਦਫਤਰ ਵਿਖੇ ਦਫਤਰ ਮੁਲਾਜ਼ਮ ਨਾਲ ਕੁਝ ਵਿਅਕਤੀਆਂ ਵਲੋਂ ਕੁੱਟਮਾਰ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦਿਤਾ ਗਿਆ ਅਤੇ ਕਥਿਤ ਤੌਰ 'ਤੇ 20-25 ਹਜਾਰ ਦੀ ਲੁੱਟਖੋਹ ਵੀ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਗੁਰਪ੍ਰੀਤ ਸਿੰਘ ਨਿਵਾਸੀ ਮਲਕ ਨੇ ਦਸਿਆ ਕਿ ਉਹ ਫਾਸਟਵੇਅ ਦੇ ਦਫਤਰ ਵਿਚ ਬਤੌਰ ਰਿਸਪਸ਼ਨਿਸਟ ਦੀ ਨੌਕਰੀ ਕਰਦਾ ਹੈ ਅਤੇ ਕਲ ਉਸਨੂੰ ਰਾਜਪਾਲ ਸਿੰਘ ਵਾਸੀ ਆਤਮ ਨਗਰ ਜਗਰਾਓਂ ਦੇ ਘਰੋਂ ਕੇਬਲ ਨਾ ਚਲਣ ਦੀ ਸ਼ਿਕਾਇਤ ਸੰਬੰਧੀ ਫੋਨ ਆਇਆ ਸੀ ਪਰ ਪੂਰੇ ਇਲਾਕੇ ਦੀ ਕੇਬਲ ਖਰਾਬ ਹੋਣ ਕਾਰਨ ਉਹ ਉਸਦੀ ਕੇਬਲ ਨਹੀਂ ਚਲਵਾ ਸਕਿਆ ਅਤੇ ਉਸਨੂੰ ਫੋਨ 'ਤੇ ਪੁੱਠਾ ਬੋਲਣਾ ਸ਼ੁਰੂ ਕਰ ਦਿੱਤਾ।
ਪੀੜਤ ਮੁਤਾਬਿਕ ਮਨੀ ਨਾਮਕ ਲੜਕੇ ਨੇ ਇਸੇ ਰੰਜਿਸ਼ ਕਾਰਨ ਦਫਤਰ ਵਿਚ ਆਪਣੇ ਨਾਲ 12-15 ਲੜਕੇ ਲਿਆਕੇ ਉਸਦੀ ਬੇਸਬਾਲ ਬੱਲੇ ਵਰਗੇ ਹਥਿਆਰਾਂ ਨਾਲ ਉਸਦੀ ਕੁੱਟਮਾਰ ਕੀਤੀ ਅਤੇ 20-25 ਹਜਾਰ ਰੁਪਏ ਨਕਦ ਦਰਜ ਵਿੱਚੋ ਕੱਢ ਲਏ। ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਜਿਸਦੀ ਫੁਟੇਜ ਪੁਲਿਸ ਨੂੰ ਦੇ ਦਿੱਤੀ ਗਈ ਹੈ। ਜਖਮੀ ਹਾਲਤ ਵਿਚ ਗੁਰਪ੍ਰੀਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਐਸਐਚਓ ਸਿਟੀ ਗਗਨਪ੍ਰੀਤ ਨੇ ਕਿਹਾ ਕਿ ਪੁਲਿਸ ਵਲੋਂ ਜਲਦੀ ਹੀ ਦੋਸ਼ੀ ਕਾਬੂ ਕਰ ਲਏ ਜਾਣਗੇ।