ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, ਫਰਵਰੀ 25, 2021 - ਪੰਜਾਬ ਸਰਕਾਰ ਵੱਲੋਂ ਪ੍ਰਾਈਮ ਮਨਿਸਟਰ ਸਟਰੀਟ ਵੈਂਡਰਜ਼ ਆਤਮ ਨਿਰਭਰ ਨਿਧੀ ਸਕੀਮ ਤਹਿਤ ਰੇਹੜੀ/ਫੜੀ ਲਾਉਣ ਵਾਲਿਆਂ ਨੂੰ ਬੈਂਕਾਂ ਤੋਂ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਦੱਸ ਹਜ਼ਾਰ ਰੁਪਏ ਤੱਕ ਦਾ ਲੋਨ ਦਵਾ ਕੇ ਉਨਾਂ ਨੂੰ ਆਪਣੇ ਰੁਜ਼ਗਾਰ ਪ੍ਰਤੀ ਆਤਮ ਨਿਰਭਰ ਬਣਾਇਆ ਜਾਵੇਗਾ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਇਸ ਸਬੰਧੀ ਜ਼ਿਲਾ ਪੱਧਰੀ ਕਮੇਟੀ ਦੀ ਪ੍ਰਧਾਨਗੀ ਕਰਦਿਆਂ ਦਿੱਤੀ ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਦੇਣ ਲਈ ਨਗਰ ਕੌਂਸਲ ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਖੇ ਲਾਭਪਾਤਰੀਆਂ ਦਾ ਟੀਚਾ ਨਿਰਧਾਰਤ ਕੀਤਾ ਗਿਆ। ਉਨਾਂ ਕਿਹਾ ਕਿ ਨਗਰ ਕੌਂਸਲ ਫਰੀਦਕੋਟ, ਜੈਤੋ ਅਤੇ ਕੋਟਕਪੂਰਾ ਲਈ ਸਬੰਧਤ ਐਸ.ਡੀ.ਐਮ. ਨੋਡਲ ਅਫਸਰ ਹੋਣਗੇ ਜਦਕਿ ਸਬੰਧਤ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸਹਾਇਕ ਨੋਡਲ ਅਫਸਰ ਹੋਣਗੇ। ਉਨਾਂ ਇਹ ਵੀ ਦੱਸਿਆ ਕਿ ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਏ.ਡੀ.ਸੀ.ਡੀ ਇਸ ਸਕੀਮ ਸਬੰਧੀ ਜ਼ਿਲਾ ਪੱਧਰੀ ਨੋਡਲ ਅਫਸਰ ਲਗਾਏ ਗਏ ਹਨ।
ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਅੱਗੇ ਦੱਸਿਆ ਕਿ ਇਸ ਸਕੀਮ ਸਬੰਧੀ ਲਾਭਪਾਤਰੀਆਂ ਰੇਹੜੀ/ ਫੜੀ ਵਾਲਿਆਂ ਨੂੰ ਜਾਗਰੂਕ ਕਰਨ ਲਈ ਨਗਰ ਕੌਂਸਲ ਵਾਈਜ਼ ਕੈਂਪ ਲਗਾਏ ਜਾਣਗੇ। ਜਿਨਾਂ ਦੀ ਅਗਵਾਈ ਜ਼ਿਲਾ ਲੀਡ ਬੈਂਕ ਮੈਨੇਜਰ ਫ਼ਰੀਦਕੋਟ ਕਰਨਗੇ ਅਤੇ ਯੋਗ ਲਾਭਪਾਤਰੀਆਂ ਦੀ ਚੋਣ ਉਪਰੰਤ ਉਨਾਂ ਨੂੰ ਬੈਂਕਾਂ ਤੋਂ ਕਰਜ਼ੇ ਦਿਵਾਏ ਜਾਣਗੇ ਤਾਂ ਜੋ ਉਹ ਆਪਣਾ ਕੰਮਕਾਜ ਸ਼ੁਰੂ ਕਰ ਸਕਣ।
ਉਨਾਂ ਦੱਸਿਆ ਕਿ ਇਸ ਸਬੰਧੀ ਪਹਿਲਾਂ ਕੈਂਪ ਨਗਰ ਕੌਂਸਲ ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਖੇ 27 ਫਰਵਰੀ ਦਿਨ ਸ਼ਨੀਵਾਰ ਨੂੰ ਲਗਾਇਆ ਜਾਵੇਗਾ ਅਤੇ ਇਸ ਉਪਰੰਤ ਜ਼ਿਲਾ ਪੱਧਰੀ ਰੀਵਿਊ ਕਮੇਟੀ ਦੀ ਮੀਟਿੰਗ ਕੀਤੀ ਜਾਵੇਗੀ। ਉਨਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਸਬੰਧਤ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।