ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 26 ਫਰਵਰੀ 2021 - ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ (ਮਗਸੀਪਾ) ਦੇ ਰਿਜ਼ਨਲ ਸੈਂਟਰ ਬਠਿੰਡਾ ਨੇ ਡਿਸਟਿ੍ਰਕਟ ਰਿਸੋਰਸ ਪਰਸਨਜ਼ (ਡੀ ਪੀ ਆਰਜ਼) ਲਈ ਸੂਚਨਾ ਦੇ ਅਧਿਕਾਰ ਕਾਨੂੰਨ-2005 ਤਹਿਤ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਾਇਆ ਗਿਆ। ਇਸ ਵਿੱਚ ਸੱਤ ਜਿਲ੍ਹਿਆਂ ਫਿਰੋਜ਼ਪੁਰ, ਮੋਗਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫਾਜਲਿਕਾ, ਬਠਿੰਡਾ ਅਤੇ ਮਾਨਸਾ ਦੇ ਵਿਭਿੰਨ ਵਿਭਾਗਾਂ ਦੇ ਵਿਭਿੰਨ ਰੈਂਕਾਂ ਦੇ ਲਗਭਗ 30 ਅਧਿਕਾਰੀਆਂ/ਕਰਮਚਾਰੀਆਂ ਨੇ ਹਿੱਸਾ ਲਿਆ।
ਸਿਖਲਾਈ ਪ੍ਰੋਗਰਾਮ ਨੂੰ ਭਾਰਤ ਸਰਕਾਰ ਦੇ ਅਮਲਾ ਅਤੇ ਸਿਖਲਾਈ ਵਿਭਾਗ (ਡੀ ਓ ਪੀ ਟੀ) ਦੁਆਰਾ ਸਪਾਂਸਰ ਕੀਤਾ ਗਿਆ ਹੈ। ਇਸ ਦਾ ਉਦੇਸ਼ ਸਬੰਧਤ ਅਧਿਕਾਰੀਆਂ ਨੂੰ ਕਾਨੂੰਨ ਬਾਰੇ ਸੰਵੇਦਨਸ਼ੀਲ ਕਰਨਾ ਅਤੇ ਉਨ੍ਹਾਂ ਨੂੰ ਕੇਂਦਰੀ/ਰਾਜ ਸੂਚਨਾ ਕਮਿਸ਼ਨ ਅਤੇ ਮਾਨਯੋਗ ਅਦਾਲਤਾਂ ਦੇ ਫ਼ੈਸਲਿਆਂ ਦੇ ਆਧਾਰ ’ਤੇ ਹੋਈਆਂ ਤਾਜ਼ਾ ਪ੍ਰਗਤੀਆਂ ਬਾਰੇ ਜਾਗਰੂਕ ਕਰਨਾ ਹੈ।
ਮਗਸੀਪਾ, ਚੰਡੀਗੜ੍ਹ ਦੇ ਖੇਤਰੀ ਪ੍ਰਾਜੈਕਟ ਡਾਇਰੈਕਟਰ ਸ. ਜਰਨੈਲ ਸਿੰਘ ਨੇ ਆਰ ਟੀ ਆਈ ਐਕਟ, 2005 ਦੇ ਸਿਖਲਾਈ ਪ੍ਰੋਗਰਾਮਾਂ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਲੋਕਤੰਤਰ ਵਿੱਚ ਲੋਕਾਂ ਨੂੰ ਸ਼ਕਤੀਸ਼ਾਲੀ ਬਣਾਉਣ ਦੇ ਨਾਲ-ਨਾਲ ਭਿ੍ਰਸ਼ਟਾਚਾਰ ਨੂੰ ਰੋਕਣ ਅਤੇ ਪ੍ਰਸ਼ਾਸਨ ਵਿੱਚ ਹਰ ਪੱਧਰ ’ਤੇ ਪਾਰਦਰਸ਼ਤਾ ਅਤੇ ਜਵਾਬਦੇਹੀ ਲਿਆਉਣ ਦਾ ਇੱਕ ਮਹੱਤਵਪੂਰਨ ਸਾਧਨ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਲੋਕ ਪੱਖੀ ਐਕਟ ਹੈ ਅਤੇ ਮਗਸੀਪਾ ਸਾਰੇ ਜਿਲ੍ਹਿਆਂ ਵਿੱਚ ਇਸ ਮਹੱਤਵਪੂਰਨ ਐਕਟ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅਜਿਹੇ ਪ੍ਰੋਗਰਾਮ ਆਯੋਜਿਤ ਕਰਦਾ ਹੈ।ਉਨ੍ਹਾਂ ਨੇ ਅਧਿਕਾਰੀਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਇਸ ਐਕਟ ਬਾਰੇ ਆਪਣੇ ਗਿਆਨ ਨੂੰ 3 ਦਿਨਾਂ ਦੇ ਪ੍ਰੋਗਰਾਮ ਵਿੱਚ ਆਰ ਟੀ ਆਈ ਮਾਹਿਰਾਂ ਵੱਲੋਂ ਦਿੱਤੇ ਸੁਝਾਵਾਂ ਦੇ ਆਧਾਰ ’ਤੇ ਅਪਡੇਟ ਕਰਨ।ਮਗਸੀਪਾ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਇਸ ਦੀ ਸਥਾਪਨਾ 1978 ਵਿੱਚ ਕੀਤੀ ਗਈ ਸੀ ਅਤੇ ਇਸ ਮੌਕੇ ਇਸ ਦੀ ਅਗਵਾਈ ਪੰਜਾਬ ਸਰਕਾਰ ਦੇ ਵਿਸ਼ੇਸ਼ ਮੁੱਖ ਸਕੱਤਰ ਅਤੇ ਮਗਸੀਪਾ ਦੇ ਡਾਇਰੈਕਟਰ ਜਨਰਲ ਸ੍ਰੀ ਕਰਨ ਬੀਰ ਸਿੰਘ ਸਿੱਧੂ ਅਤੇ ਪੰਜਾਬ ਸਰਕਾਰ ਦੀ ਪ੍ਰਮੁੱਖ ਸਕੱਤਰ ਅਤੇ ਮਗਸੀਪਾ ਦੀ ਡਾਇਰੈਕਟਰ ਸ੍ਰੀਮਤੀ ਜਸਪ੍ਰੀਤ ਤਲਵਾਰ ਵੱਲੋਂ ਕੀਤੀ ਜਾ ਰਹੀ ਹੈ।
ਸੰਸਥਾ ਹਰ ਸਾਲ 200 ਤੋਂ ਵੱਧ ਪ੍ਰੋਗਰਾਮਾਂ ਦਾ ਆਯੋਜਨ ਕਰਦੀ ਹੈ ਜਿਵੇਂ ਆਰ.ਟੀ.ਆਈ., ਸੇਵੋਤਮ, ਦਫ਼ਤਰ ਵਿਧੀ, ਸਿਵਲ ਸੇਵਾ ਨਿਯਮ, ਵਿੱਤੀ ਪ੍ਰਬੰਧਨ, ਆਫ਼ਤ ਪ੍ਰਬੰਧਨ, ਔਰਤਾਂ ਦਾ ਸਸ਼ਕਤੀਕਰਨ, ਲਿੰਗ ਆਧਾਰਿਤ ਮੁੱਦੇ, ਸੌਫਟ ਸਕਿੱਲਜ਼ ਅਤੇ ਇਸ ਤੋਂ ਇਲਾਵਾ ਸਲਾਹ-ਮਸ਼ਵਰੇ, ਪ੍ਰਕਾਸ਼ਨਾਂ ਅਤੇ ਵਿਚਾਰਾਂ ਦੇ ਪ੍ਰਸਾਰ ਸਬੰਧੀ ਏਕੀਕਿ੍ਰਤ ਢੰਗ ਨਾਲ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ। ਸਿਖਲਾਈ ਪ੍ਰੋਗਰਾਮਾਂ ਨਾਲ ਰਿਸੋਰਸ ਪਰਸਨ, ਵਿਭਿੰਨ ਵਿਸ਼ਿਆਂ ਦੇ ਉੱਘੇ ਮਾਹਿਰ ਜੁੜੇ ਹੋਏ ਹਨ।
ਇਸ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਦੌਰਾਨ ਆਰ ਟੀ ਆਈ ਮਾਹਿਰ ਜਿਨ੍ਹਾਂ ਵਿਚ ਫਰੀਦਕੋਟ ਦੇ ਵਕੀਲ ਸ੍ਰੀ ਕਸ਼ਮੀਰ ਲਾਲ, ਜਿਲ੍ਹਾ ਅਦਾਲਤ ਫਿਰੋਜ਼ਪੁਰ ਦੀ ਵਕੀਲ ਸ੍ਰੀਮਤੀ ਪ੍ਰਤਿਭਾ ਵਰਮਾ ਅਤੇ ਬਾਬਾ ਫਰੀਦ ਯੂਨੀਵਰਸਿਟੀ, ਤਲਵੰਡੀ ਸਾਬੋ ਨੇ ਪੇਸ਼ਕਾਰੀਆਂ ਅਤੇ ਲੈਕਚਰ ਸੈਸ਼ਨਾਂ ਰਾਹੀਂ ਕਾਨੂੰਨ ਦੀਆਂ ਵਿਸ਼ੇਸ਼ਤਾਵਾਂ ਅਤੇ ਸਮੁੱਚੇ ਕਾਨੂੰਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਮਗਸੀਪਾ, ਰਿਜ਼ਨਲ ਸੈਂਟਰ, ਬਠਿੰਡਾ ਦੇ ਪ੍ਰਾਜੈਕਟ ਕੋਆਰਡੀਨੇਟਰ ਸ੍ਰੀ ਮਨਦੀਪ ਸਿੰਘ ਨੇ ਸਿਖਲਾਈ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ।