ਅਸ਼ੋਕ ਵਰਮਾ
ਮਾਨਸਾ,27ਫਰਵਰੀ2021:ਮਾਨਸਾ ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਅੱਜ ਨਸ਼ਿਆਂ ਦੀ ਤਸਕਰੀ ਨਾਲ ਜੁੜੇ ਰਹੇ ਮੁਲਜਮਾਂ ਅਤੇ ਸ਼ੱਕੀ ਲੋਕਾਂ ਨੂੰ ਥਾਣਿਆਂ ’ਚ ਸੱਦ ਕੇ ਆਪਣੇ ਅੰਦਾਜ਼ ’ਚ ਨਸੀਹਤ ਦਿੱਤੀ ਕਿ ਉਹ ਸੁਧਰ ਜਾਣ ਨਹੀਂ ਤਾਂ ਅਗਲੀ ਕਾਰਵਾਈ ਸਖਤ ਹੋਵੇਗੀ। ਅੱਜ ਦੀ ਮੁਹਿੰਮ ਦੌਰਾਨ ਵੱਖ ਵੱਖ ਥਾਣਿਆਂ ’ਚ 127 ਵਿਅਕਤੀਆਂ ਨੂੰ ਬੁਲਾਇਆ ਗਿਆ ਜਿੰਨ੍ਹਾਂ ’ਚ ਜਮਾਨਤ ਜਾਂ ਪੈਰੋਲ ਤੇ ਚੱਲ ਰਹੇ ਡਰੱਗ ਪੈਡਲਰ, ਆਦੀ ਮੁਜਰਮ ਅਤੇ ਨਸ਼ਿਆਂ ਦੀ ਧੰਦਾ ਕਰਨ ਵਾਲੇ ਸ਼ੱਕੀ ਸ਼ਾਮਲ ਹਨ। ਪੁਲਿਸ ਨੇ ਇੰਨ੍ਹਾਂ ਕੋਲੋਂ ਪੁੱਛ ਪੜਤਾਲ ਕੀਤੀ ਅਤੇ ਉਨ੍ਹਾਂ ਨੂੰ ਮਾਨਸਾ ਪੁਲਿਸ ਦੀ ਮੁਹਿੰਮ ਅਤੇ ਨਸ਼ਿਆਂ ਦੇ ਸਮਾਜ ਤੇ ਖੁਦ ਉਨ੍ਹਾਂ ਦੇ ਜੀਵਨ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਸਬੰਧੀ ਵੀ ਜਾਣਕਾਰੀ ਦਿੱਤੀ।
ਪੁਲਿਸ ਨੇ ਅੱਜ ਹੀ ਨਸ਼ਿਆਂ ਪ੍ਰਤੀ ਜਾਗਰੂਕਤਾ ਲਈ 13 ਮੀਟਿੰਗਾਂ ਵੀ ਕੀਤੀਆਂ। ਸੀਨੀਅਰ ਕਪਤਾਨ ਪੁਲਿਸ ਮਾਨਸਾ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਮਾਨਸਾ ਪੁਲਿਸ ਹੁਣ ਨਸ਼ਿਆਂ ਦੀ ਤਸਕਰੀ ਆਦਿ ਨੂੰ ਲੈਕੇ ਗੰਭੀਰ ਹੈ ਅਤੇ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਇਸ ਚੇਤਨਾਂ ਪ੍ਰੋਗਰਾਮ ਦੇ ਨਾਲ ਨਾਲ ਸਮੂਹ ਥਾਣਿਆਂ ਨੂੰ ਆਮ ਲੋਕਾਂ ਨੂੰ ਜਾਗਰੂਕ ਕਰਕੇ ਨਰੋੋਏ ਸਮਾਜ ਦੀ ਸਿਰਜਣਾ ਕਰਨ ਤੋਂ ਇਲਾਵਾ ,ਵੱਘ ਤੋਂ ਵੱਧ ਨਸ਼ੇ ਬਰਾਮਦ ਕਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਆਖਿਆ ਕਿ ਪੁਲਿਸ ਇਸ ਕੰਮ ਲਈ ਸ਼ੱਕੀ ਵਿਅਕਤੀਆਂ ਅਤੇ ਸ਼ੱਕ ਵਾਲੀਆਂ ਥਾਵਾਂ ਦੀ ਤਲਾਸ਼ੀ ਲਏਗੀ ਅਤੇ ਨਸ਼ਿਆਂ ਨਾਲ ਸਬੰਧਤ ਮੁਕੱਦਮਿਆਂ ’ਚ ਗ੍ਰਿਫਤਾਰ ਕਰਨ ਤੋਂ ਰਹਿੰਦੇੇ ਦੋਸ਼ੀਆਂ ਨੂੰ ਕਾਬੂ ਕਰੇਗੀ।
ਸੀਨੀਅਰ ਪੁਲਿਸ ਕਪਤਾਨ ਮਾਨਸਾ ਵੱਲੋਂ ਇਸ ਦੇ ਨਾਲ ਹੀ ਨਸ਼ਿਆਂ ਦੇ ਵੱਡੇ ਵਪਾਰੀਆਂ ਕੋਲੋਂ ਨਸ਼ਾ ਫੜ੍ਹਨ , ਨਿਗਰਾਨੀ ਰੱਖਣ, ਜਮਾਨਤ ਤੇ ਪੈਰੋੋਲ ਤੇ ਆਏ ਸਮੱਗਲਰਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਦੀਆਂ ਸਰਗਰਮੀਆਂ ਨੂੰ ਵਾਚਣ ਅਤੇ ਭਗੌੜਿਆਂ ਨੂੰ ਗ੍ਰਿਫਤਾਰ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੇ ਸਾਰਿਥਕ ਨਤੀਜੇ ਨਿਕਲਣ ਇਸ ਲਈ ਮਾਨਸਾ ਜਿਲ੍ਹੇ ਦੇ ਸਾਰੇ ਗਜਟਿਡ ਅਫਸਰਾਂ, ਐਸਐਚਓਜ਼, ਸੀ.ਆਈ.ਏ ਸਟਾਫ ਅਤੇ ਐਂਟੀ ਨਾਰਕੋਟਿਕਸ ਸੈਲ ਮਾਨਸਾ ਨੂੰ ਵੀ ਇਹੋ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਡੀਜੀਪੀ ਪੰਜਾਬ ਵੱਲੋਂ ਜਾਰੀ ਇੰਨ੍ਹਾਂ ਆਦੇਸ਼ਾਂ ਨੂੰ ਲਾਗੂ ਕਰਨ ਲਈ ਉਹ ਕੋਈ ਬਹਾਨਾਂ ਨਹੀਂ ਸੁਨਣਗੇ।
ਸਾਹਿਬ ਹੁਣ ਸਖਤੀ ਕਰਨਗੇ
ਐਸ ਐਸ ਪੀ ਸੁਰੇਂਦਰ ਲਾਂਬਾ ਨੇ ਪੁਲਿਸ ਮੁਲਾਜਮਾਂ ਨੂੰ ਡੰਗ ਟਪਾਊ ਪਹੁੰਚ ਛੱਡ ਕੇ ਥਾਣਿਆਂ ਵਿੱਚੋਂ ਬਾਹਰ ਨਿਕਲਣ ਦੀ ਹਦਾਇਤ ਕੀਤੀ ਹੈ। ਐਸ ਐਸ ਪੀ ਨੇ ਦੱਸਿਆ ਕਿ ਅੱਜ ਸੱਦੇ ਮੁਲਜਮਾਂ ਕੋਲੋਂ ਕੀਤੀ ਪੱਛਗਿਛ ਦੇ ਅਧਾਰ ਤੇ ਲੋੜ ਅਨੁਸਾਰ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਆਖਿਆ ਕਿ ਪੁਲਿਸ ਆਮ ਆਦਮੀ ਦੀ ਪਹਿਰੇਦਾਰ ਬਣੇਗੀ ਅਤੇ ਗੈਰ ਸਮਾਜੀ ਅਨਸਰਾਂ ਨਾਲ ਸਖਤੀ ਨਾਲ ਨਜਿੱਠੇਗੀ । ਐਸ.ਐਸ.ਪੀ ਨੇ ਇਹ ਵੀ ਦੱਸਿਆ ਕਿ ਨਸ਼ੇ ਰੋਕਣਾ ਉਨ੍ਹਾਂ ਦਾ ਤਰਜੀਹੀ ਏਜੰਡਾ ਹੈ ਅਤੇ ਨਸ਼ਿਆਂ ਦੇ ਕਾਰੋਬਾਰੀ ਲੋਕਾਂ ਦੀਆਂ ਸੂਚੀਆਂ ਤਿਆਰ ਕਰਕੇ ਉਨ੍ਹਾਂ ਦੀ ਧਰਪਕੜ ਲਈ ਆਪਰੇਸ਼ਨ ਵੀ ਚਲਾਇਆ ਜਾਏਗਾਾ ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਕਿਸੇ ਵੀ ਕਿਸਮ ਦੇ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀ ਜਾਵੇਗਾ।
ਚੇਤਨਾਂ ਮੁਹਿੰਮ ਤਹਿਤ ਜਾਗਰੂਕ ਕਰ ਰਹੀ ਪੁਲਿਸ
ਸੀਨੀਅਰ ਕਪਤਾਨ ਪੁਲਿਸ ਮਾਨਸਾ ਸੁਰੇਂਦਰ ਲਾਂਬਾ ਦਾ ਕਹਿਣਾ ਸੀ ਕਿ ਪੁਲਿਸ ਵੱਲੋੋਂ ਲੋੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਨਸ਼ੇ ਜਿੰਦਗੀ ਨੂੰ ਤਬਾਹ ਕਰ ਰਹੇ ਹਨ ਅਤੇ ਨਸ਼ਾ ਕਰਨਾ ਮੌੌਤ ਨੂੰ ਬੁਲਾਵਾ ਦੇਣਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਸਕੂਲਾਂ ਅਤੇ ਕਾਲਜਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਬਜਾਏ ਪੜ੍ਹਾਈ ਵੱਲ ਧਿਆਨ ਦੇਣ ਅਤੇ ਖੇਡਾਂ ਵੱਲ ਪ੍ਰੇਰਿਤ ਕਰ ਰਹੀ ਹੈ ਤਾਂ ਜੋੋ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਨ੍ਹਾਂ ਆਮ ਲੋਕਾਂ ਨੂੰ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਪੁਲਿਸ ਨੂੰ ਜਾਣਕਾਰੀ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਅਜਿਹੇ ਵਿਅਕਤੀਆਂ ਦਾ ਨਾਮ ਗੁਪਤ ਰੱਖੇਗੀ। ਉਨ੍ਹਾਂ ਦੱਸਿਆ ਕਿ ਜੋ ਨਸ਼ਾ ਪੀੜਤ ਨਸ਼ਾ ਛੱਡਣਾ ਚਾਹੁੰਦੇ ਹਨ, ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਕਰਵਾ ਕ ਨਸ਼ਾ ਛੁਡਾਇਆ ਜਾਵੇਗਾ।