ਅਸ਼ੋਕ ਵਰਮਾ
ਬਠਿੰਡਾ, 01 ਮਾਰਚ 2021: ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵੱਲੋਂ ਵਾਈਸ ਚਾਂਸਲਰ ਪੀ ਰਾਘਵੇਂਦਰ ਤਿਵਾੜੀ ਦੀ ਅਗਵਾਈ ਹੇਠ ਕਰਵਾਏ ਲਗਾਤਾਰ 8 ਦਿਨ ਚੱਲੇ12ਵੇਂ ਸਥਾਪਨਾ ਦਿਵਸ ਸਮਾਗਮ ਧੂਮਧਾਮ ਨਾਲ ਸਮਾਪਤ ਹੋ ਗਏ। ਆਖਰੀ ਦਿਨ ਦੇ ਸਮਾਗਮ ਦੌਰਾਨ ਮੁੱਖ ਮਹਿਮਾਨ ਨਾਲੰਦਾ ਯੂਨੀਵਰਸਿਟੀ ਦੇ ਚਾਂਸਲਰ ਪਦਮ ਭੂਸ਼ਣ ਪ੍ਰੋ. ਵਿਜੇ ਪੀ ਭੱਟਕਰ ਸਨ ਜਦੋਂਕਿ ਸ਼੍ਰੀਮਤੀ ਕਰੁਣਾ ਤਿਵਾੜੀ ਨੇ ਇਸ ਪ੍ਰੋਗਰਾਮ ’ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋ. ਵਿਜੇ ਪੀ. ਭੱਟਕਰ ਨੇ 12 ਸਾਲਾਂ ਦੇ ਥੋਹੜੇ ਸਮੇਂ ਦੌਰਾਨ ਯੂਨੀਵਰਸਿਟੀ ਨੂੰ ਐਨਆਈਆਰਐਫ 2020 ਰੈਂਕਿੰਗ ਵਿੱਚ ਭਾਰਤ ਦੀ ਚੋਟੀ ਦੀਆਂ 100 ਯੂਨੀਵਰਸਿਟੀਆਂ ਦੀ ਸੂਚੀ ’ਚ ਸਭ ਤੋਂ ਘੱਟ ਉਮਰ ਦੀ ਕੇਂਦਰੀ ਯੂਨੀਵਰਸਿਟੀ ਬਣਨ ਤੇ ਫੈਕਲਟੀ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਖੋਜਕਰਤਾਵਾਂ ਨੂੰ ਅੰਤਰਅਨੁਸ਼ਾਸਨੀ ਖੋਜ ਤੇ ਫੋਕਸ ਕਰਨ ਅਤੇ ਸਮਾਜਿਕ ਸਮੱਸਿਆਵਾਂ ਦੇ ਢੁੱਕਵੇਂ ਹੱਲ ਕੱਢਣ ਵਾਸਤੇ ਉਤਸ਼ਾਹਿਤ ਕੀਤਾ।
ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਯੂਨੀਵਰਸਿਟੀ ਪਰਿਵਾਰ ਨੂੰ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਬਾਰਾਂ ਵਰ੍ਹੇ ਪੂਰੇ ਹੋਣ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨਵੇਂ ਗਿਆਨ ਦੀ ਸਿਰਜਣਾ ਅਤੇ ਸਿੱਖਿਆ ਤੇ ਖੋਜ ਦੇ ਖੇਤਰ ਵਿੱਚ ਉੱਚ ਮਾਪਦੰਡ ਸਥਾਪਤ ਕਰਨ ਦੇ ਆਪਣੇ ਟੀਚੇ ਨੂੰ ਅਮਲੀ ਰੂਪ ਦੇਣ ਲਈ ਵਚਨਬੱਧ ਹੈ। ਉਨ੍ਹਾਂ ਇਸ ਸਥਾਪਨਾ ਦਿਵਸ ਸਮਾਰੋਹਾਂ ਦੌਰਾਨ ਪੂਰੇ ਜੋਸ਼ ਖਰੋਸ ਨਾਲ ਭਾਗ ਲੈਣ ਅਤੇ ਸੱਭਿਆਚਾਰਕ ਵਿਰਾਸਤ ਪੇਸ਼ ਕਰਨ ਲਈ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਵਿਦਿਆਰਥੀਆਂ, ਖੋਜਕਰਤਾਵਾਂ, ਅਧਿਆਪਕਾਂ ਅਤੇ ਸਟਾਫ ਨੂੰ ਉਨ੍ਹਾਂ ਦੀ ਸਾਲਾਨਾ ਕਾਰਗੁਜਾਰੀ ਦੇ ਅਧਾਰ ਤੇ ਵਿਸ਼ੇਸ਼ ਪੁਰਸਕਾਰ ਅਤੇ ਪ੍ਰਸੰਸਾ ਪੱਤਰ ਦਿੱਤੇ ਗਏ। ਡਾ. ਅਕਲੰਕ ਜੈਨ (ਵਿਗਿਆਨ) ਅਤੇ ਲੋਕ ਸੰਪਰਕ ਤੇ ਮੀਡੀਆ ਸਟੱਡੀਜ਼ ਵਿਭਾਗ ਦੇ ਡਾ ਰੂਬਲ ਕਨੋਜੀਆ ਨੂੰ ਆਉਟਸਟੈਂਡਿੰਗ ਰਿਸਰਚ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਡਾ. ਖੇਤਾਨ ਸ਼ੇਵਕਨੀ ਨੇ ਸਰਬੋਤਮ ਅਧਿਆਪਕ ਦਾ ਪੁਰਸਕਾਰ ਪ੍ਰਾਪਤ ਕੀਤਾ। ਡਾ. ਸ਼ਸ਼ਾਂਕ ਕੁਮਾਰ, ਡਾ. ਪ੍ਰਫੁੱਲ ਕੁਮਾਰ, ਡਾ. ਅਸ਼ੋਕ ਕੁਮਾਰ, ਪ੍ਰੋ. ਰਾਜ ਕੁਮਾਰ, ਡਾ. ਸਚਿਨ ਕੁਮਾਰ, ਡਾ. ਸੰਦੀਪ ਸਿੰਘ, ਡਾ. ਯੋਗ ਕਸਮੀ ਕੇ.ਐਨ., ਡਾ. ਕਿ੍ਰਸ਼ਨਾ ਕਾਂਤ ਹਲਦਰ, ਡਾ. ਵਿਨੋਦ ਕੁਮਾਰ, ਪ੍ਰੋ. ਅੰਜਨਾ ਮੁਨਸ਼ੀ, ਡਾ. ਪੁਨੀਤ ਕੁਮਾਰ, ਡਾ. ਰਾਕੇਸ਼ ਕੁਮਾਰ ਅਤੇ ਪ੍ਰੋ. ਪੀ.ਕੇ. ਮਿਸ਼ਰਾ ਨੂੰ ਰਿਸਰਚ ਐਵਾਰਡ ਪ੍ਰਦਾਨ ਕੀਤੇ ਗਏ। ਪੀ.ਐਚ.ਡੀ. ਵਿਦਿਆਰਥੀ ਰਥੀਂਦਰਨਾਥ ਵਿਸ਼ਵਾਸ਼, ਅਤੁਲ ਕੁਮਾਰ ਸਿੰਘ, ਉੱਤਮ ਸ਼ਰਮਾ ਅਤੇ ਨਿਸ਼ਾਂਤ ਕੁਮਾਰ ਨੇ ਪੁਰਸਕਾਰ ਪ੍ਰਾਪਤ ਕੀਤੇ। ਸ੍ਰੀ ਪੁਨੀਤ, ਸ੍ਰੀਮਤੀ ਪ੍ਰਾਚੀ ਸ੍ਰੀਵਾਸਤਵ ਅਤੇ ਸ੍ਰੀ ਪਰਮਿੰਦਰ ਸਿੰਘ ਨੂੰ ਸਰਬੋਤਮ ਨਾਨ-ਟੀਚਿੰਗ ਕਰਮਚਾਰੀਆਂ ਵਜੋਂ ਰਜਿਸਟਰਾਰ ਅਵਾਰਡ ਦਿੱਤਾ ਗਿਆ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਤਿਵਾੜੀ ਨੇ ਡਾ. ਪੁਨੀਤ ਬਾਂਸਲ ਵੱਲੋਂ ਲਿਖੀ ਕਿਤਾਬ ਜਾਰੀ ਕੀਤੀ। ਰਜਿਸਟਰਾਰ ਕੰਵਲ ਪਾਲ ਸਿੰਘ ਮੁੰਦਰਾ ਨੇ ਧੰਨਵਾਦ ਅਤੇ ਅੰਤ ’ਚ ਵਿਦਿਆਰਥਣਾਂ ਵੱਲੋਂ ਗਿੱਧਾ ਪੇਸ਼ ਕੀਤਾ ਗਿਆ।