ਦੀਪਕ ਜੈਨ
- ਲੁਟੇਰਿਆਂ ਅਤੇ ਚੋਰਾਂ ਦੇ ਕਹਿਰ ਤੋਂ ਜਨਤਾ ਪਰੇਸ਼ਾਨ
ਜਗਰਾਓਂ, 2 ਮਾਰਚ 2021 - ਸ਼ਹਿਰ ਜਗਰਾਓਂ ਅੱਜ ਕਲ ਲੁੱਟਾਂਖੋਹਾਂ ਕਾਰਨ ਚਰਚਾ ਵਿਚ ਰਹਿ ਰਿਹਾ ਹੈ ਕਿਓਂਕਿ ਕੁਝ ਦਿਨਾਂ ਬਾਅਦ ਹੀ ਕੀਤੇ ਨਾ ਕੀਤੇ ਲੁੱਟਖੋਹ ਦੀ ਵਾਰਦਾਤ ਹੋ ਰਹੀ ਹੈ ਅਤੇ ਪੁਲਿਸ ਇੰਨਾ ਲੁਟੇਰਿਆਂ ਅਤੇ ਚੋਰਾਂ ਅੱਗੇ ਬੇਬਸ ਦਿਖਾਈ ਦੇ ਰਹੀ ਹੈ। ਸ਼ਹਿਰ ਵਿਚ ਵੇਖਣ ਨੂੰ ਮਿਲ ਰਿਹਾ ਹੈ ਕਿ ਕਦੇ ਵਿਚ ਬਜਾਰ ਕਿਸੇ ਦਾ ਮੋਬਾਈਲ ਖੋਹਿਆ ਜਾਂਦਾ ਹੈ ਅਤੇ ਕਦੇ ਪਰਸ ਖੋਹਿਆ ਜਾ ਰਿਹਾ ਹੈ ਅਤੇ ਘਟਨਾਵਾਂ ਨੂੰ ਅੰਜਾਮ ਦੇਕੇ ਬੜੇ ਆਰਾਮ ਨਾਲ ਇਹ ਲੁਟੇਰੇ ਅਤੇ ਚੋਰ ਗੁੱਮ ਹੋ ਜਾਂਦੇ ਹਨ ਅਤੇ ਪੁਲਿਸ ਬਸ ਹੀ ਕਹਿੰਦੀ ਰਹਿ ਜਾਂਦੀ ਹੈ ਕਿ ਜਲਦੀ ਹੀ ਲੁਟੇਰੇ ਅਤੇ ਚੋਰ ਪੁਲਿਸ ਦੇ ਹੱਥ ਚੜ ਜਾਣਗੇ ਪਰ ਪੁਲਿਸ ਦੇ ਹੱਥ ਜ਼ਿਆਦਾਤਰ ਖਾਲੀ ਹੀ ਵਿਖਾਈ ਦਿੰਦੇ ਹਨ।
ਸ਼ਹਿਰ ਵਿਚ ਪਿਛਲੇ ਦਿਨੀ ਭੀੜ ਵਾਲੇ ਇਲਾਕੇ ਪੁਰਾਣੀ ਸਬਜ਼ੀ ਮੰਡੀ ਰੋਡ 'ਤੇ ਇਕ ਢਾਬੇ ਵਾਲੇ ਨੂੰ ਸਰੇਆਮ ਕੁੱਟ ਕੇ ਉਸਦੀ ਦੁਕਾਨ 'ਤੇ ਲੁੱਟਖੋਹ ਕੀਤੀ ਗਈ। ਪਰ ਪੁਲਿਸ ਵਲੋਂ ਇਸ ਸੰਬੰਧੀ ਸਿਰਫ ਮੁਕਦਮਾ ਦਰਜ ਕੀਤਾ ਗਿਆ ਹੈ ਪਰ ਦੋਸ਼ੀ ਅਜੇ ਨਹੀਂ ਫੜੇ ਗਏ। ਕਲ ਵੀ ਇਕ ਕੱਪੜੇ ਦੀ ਦੁਕਾਨ ਬਾਹਰ ਪਾਏ ਸਮਾਨ ਨੂੰ ਚੋਰ ਚੋਰੀ ਕਰਕੇ ਲੈ ਗਏ ਪਰ ਪੁਲਿਸ ਸਿਰਫ ਇਹ ਹੀ ਕਹਿ ਰਹੀ ਹੈ ਕਿ ਜਲਦੀ ਹੀ ਚੋਰ ਕਾਬੂ ਹੋਣਗੇ। ਪਰ ਇਹ ਕਾਬੂ ਕਦੋਂ ਕੀਤੇ ਜਾਣਗੇ ਇਹ ਕੋਈ ਨਹੀਂ ਦਸ ਸਕਦਾ। ਕੁਝ ਦਿਨ ਪਹਿਲਾਂ ਫਾਸਟਵੇਂ ਦੇ ਜਗਰਾਓਂ ਦਫਤਰ ਵਿਖੇ ਵੀ ਲੁਟੇਰਿਆਂ ਵਲੋ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਕੇ ਓਥੇ ਮੌਜੂਦ ਮੁਲਾਜਮ ਦੀ ਕੁੱਟਮਾਰ ਵੀ ਕੀਤੀ ਗਈ ਪਰ ਪੁਲਿਸ ਅੱਜ ਤਕ ਇਹ ਹੀ ਕਹਿ ਰਹੀ ਹੈ ਕਿ ਜਲਦੀ ਹੀ ਲੁਟੇਰੇ ਪੁਲਿਸ ਦੀ ਗ੍ਰਿਫਤ ਚ ਹੋਣਗੇ।
ਹੁਣ ਨਜਰ ਮਾਰਦੇ ਹਾਂ ਪਿਛਲੇ ਮਹੀਨੇ ਹੋਈ ਪਤਰਕਾਰ ਨਾਲ ਲੁੱਟਖੋਹ ਦੀ ਵਾਰਦਾਤ ਉਪਰ। ਪਿਛਲੇ ਮਹੀਨੇ ਪਤਰਕਾਰ ਦੀ ਦੁਕਾਨ 'ਤੇ ਆਕੇ ਪਹਿਲਾਂ ਤਾਂ ਲੁਟੇਰਿਆਂ ਵਲੋਂ ਉਸਦੀ ਕੁੱਟਮਾਰ ਕੀਤੀ ਗਈ ਅਤੇ ਬਾਅਦ ਵਿਚ ਉਸਦਾ ਮਹਿੰਗਾ ਮੋਬਾਈਲ ਅਤੇ ਪੈਸੇ ਖੋਹਕੇ ਫਰਾਰ ਹੋ ਗਏ। ਪੁਲਿਸ ਨੂੰ ਪਤਰਕਾਰ ਵਲੋਂ ਇਕ ਲੁਟੇਰਾ ਤਾਂ ਓਦੋਂ ਹੀ ਫੜਾ ਦਿੱਤਾ ਗਿਆ ਸੀ ਅਤੇ ਬਾਕੀ ਤਿੰਨ ਲੁਟੇਰਿਆਂ ਦੇ ਨੰਬਰ ਅਤੇ ਪਤੇ ਵੀ ਪੁਲਿਸ ਨੂੰ ਦੇ ਦਿੱਤੇ ਗਏ ਹਨ। ਪਰ ਪੁਲਿਸ ਵਲੋਂ ਅਜੇ ਤਕ ਵੀ ਲੁਟੇਰਿਆਂ ਨੂੰ ਗਿਰਫ਼ਤਾਰ ਨਹੀਂ ਕੀਤਾ ਗਿਆ। ਸ਼ਹਿਰ ਵਿਚ ਹੁਣ ਇਹ ਚਰਚਾ ਹੋ ਰਹੀ ਹੈ ਕਿ ਜੇਕਰ ਪਤਰਕਾਰ ਵਲੋਂ ਪੁਲਿਸ ਨੂੰ ਸਬ ਕੁਝ ਮੁਹਈਆ ਕਰਵਾ ਦਿੱਤਾ ਗਿਆ ਹੈ ਤਾਂ ਪੁਲਿਸ ਲੁਟੇਰਿਆਂ ਨੂੰ ਕਿਓਂ ਨਹੀਂ ਫੜ ਰਹੀ ਹੈ। ਇਹ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ।