ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 3 ਮਾਰਚ 2021-ਜ਼ਿਲ੍ਹੇ ਦੇ ਪਿੰਡ ਬੁੱਟਰ ਸ਼ਰੀਂਹ ਦੀ ਸ਼ਮਸਾਨਘਾਟ ’ਚ ਮੁਰਦੇ ਦਾ ਅੰਤਿਮ ਸਸਕਾਰ ਕਰਨ ਵਾਲੀ ਭੱਠੀ ਅਤੇ ਪਿੰਡ ਦਾ ਹੋਰ ਸਮਾਨ ਚੋਰੀ ਦਾ ਮਾਮਲਾ ਸਾਰੇ ਇਲਾਕੇ ’ਚ ਚਰਚੇ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ ਇਸ ਸਬੰਧੀ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ’ਤੇ ਪੁਲਿਸ ਥਾਣਾ ਕੋਟਭਾਈ ਵਿਖੇ ਇੱਕ ਦਰਖਾਸਤ ਵੀ ਦਿੱਤੀ ਗਈ ਹੈ, ਜਿਸ ’ਚ ਉਨ੍ਹਾਂ ਪਿੰਡ ਦੇ ਮੌਜੂਦਾ ਸਰਪੰਚ, ਉਸਦੇ ਬੇਟੇ ਅਤੇ ਕੁੱਝ ਅਣਪਛਾਤਿਆਂ ’ਤੇ ਲਗਭਗ 15 ਦਿਨ ਪਹਿਲਾਂ ਉਨਾਂ ਦੇ ਪਿੰਡ ਦੇ ਸ਼ਮਸ਼ਾਨਘਾਟ ’ਚੋ ਭੱਠੀ ਚੋਰੀ ਕਰਕੇ ਵੇਚਣ ਦੇ ਸਿੱਧੇ ਦੋਸ਼ ਲਗਾਏ ਹਨ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਆਪਣੀ ਲਿਖਤੀ ਸ਼ਿਕਾਇਤ ’ਚ ਪਿੰਡ ਦੇ ਪਸ਼ੂ ਡਿਸ਼ਪੈਂਸਰੀ ’ਚੋਂ ਪਸ਼ੂਆਂ ਨੂੰ ਦਵਾਈ ਦੇਣ ਲਈ ਲੱਗੇ ਸ਼ਿਕੰਜੇ ਨੂੰ ਵੀ ਵੇਚ ਕੇ ਖੁਰਦ ਬੁਰਦ ਕਰਨ ਬਾਰੇ ਜ਼ਿਕਰ ਕੀਤਾ। ਇਸ ਸਬੰਧੀ ਪਿੰਡ ਵਾਸੀਆਂ ਜੱਗ ਸਿੰਘ ਪੰਚ, ਸੁਖਦੀਪ ਸਿੰਘ, ਜੈਮਲ ਸਿੰਘ, ਮਨਜੀਤ ਸਿੰਘ, ਤੇਜ ਸਿੰਘ, ਸੀਤਾ, ਜਗਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਸ਼ਿਕਾਇਤ ਕਰਨ ਉਪਰੰਤ ਹੁਣ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਚੋਰੀ ’ਚ ਇੱਕ ਤੱਥ ਇਹ ਵੀ ਸਾਹਮਣੇ ਆਇਆ ਕਿ ਪਿੰਡ ਦੇ ਹੀ ਇੱਕ ਨੌਜਵਾਨ ਨੇ ਇਸ ਚੋਰੀ ਬਾਰੇ ਪਿੰਡ ਦੀ ਪੰਚਾਇਤ ਸਾਹਮਣੇ ਕਈ ਅਹਿਮ ਖੁਲਾਸੇ ਕੀਤੇ ਹਨ, ਜਿਸ ’ਚ ਪਿਛਲੇ ਸਮੇਂ ’ਚ ਪਿੰਡ ਅੰਦਰ ਹੋਈਆਂ ਕਈ ਚੋਰੀਆਂ ਵੀ ਸ਼ਾਮਿਲ ਹਨ। ਪਿੰਡ ਵਾਸੀਆਂ ਵੱਲੋਂ ਬਾਅਦ ’ਚ ਆਪਣੇ ਤੌਰ ’ਤੇ ਕੀਤੀ ਪੜਤਾਲ ’ਚ ਚੋਰੀ ਹੋਈ ਭੱਠੀ ਦਾ ਜ਼ਿਆਦਾਤਰ ਸਮਾਨ ਇੱਕ ਕਬਾੜੀਏ ਦੀ ਦੁਕਾਨ ’ਤੇ ਮਿਲ ਵੀ ਗਿਆ, ਪਰ ਪੁਲਿਸ ਵੱਲੋਂ ਉਨਾਂ ਦੀ ਦਰਖਾਸਤ ’ਤੇ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ। ਸ਼ਿਕਾਇਤਕਰਤਾ ਸਮੂਹ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਪੁਰਜੋਰ ਮੰਗ ਕੀਤੀ ਕਿ ਸ਼ੱਕੀ ਬੰਦਿਆਂ ਤੋਂ ਸਖਤੀ ਨਾਲ ਪੁਛਗਿੱਛ ਕੀਤੀ ਜਾਵੇ।
ਕੀ ਕਹਿਣਾ ਕਬਾੜੀਏ ਦਾ
ਜਦ ਇਸ ਸਬੰਧੀ ਪਿੰਡ ਭਲਾਈਆਣਾ ਵਿਖੇ ਕਬਾੜ ਦੀ ਦੁਕਾਨ ਕਰਨ ਵਾਲੇ ਧਰਮ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਕੁੱਝ ਦਿਨ ਪਹਿਲਾਂ ਕੁੱਝ ਲੜਕੇ ਉਸ ਕੋਲ ਤੇਲ ਕੱਢਣ ਵਾਲੇ ਕੋਹਲੂ ਦਾ ਸਮਾਣ ਕਹਿ ਕੇ ਕੁੱਝ ਕੁਇੰਟਲ ਲੋਹਾ ਵੇਚ ਗਏ ਸਨ, ਪਰ ਉਸ ਨੂੰ ਭੱਠੀ ਚੋਰੀ ਦੇ ਸਮਾਨ ਬਾਰੇ ਬਾਅਦ ’ਚ ਜਾਣਕਾਰੀ ਮਿਲੀ ਹੈ। ਉਸ ਨੇ ਦੱਸਿਆ ਕਿ ਉਸ ਲੜਕਿਆਂ ਵੱਲੋਂ ਸਮਾਨ ਵੇਚਣ ਵਾਲੀ ਕਾਰ ਦਾ ਅਤੇ ਮੋਬਾਇਲ ਨੰਬਰ ਦੋਵੇਂ ਹੀ ਗਲਤ ਹਨ, ਇਸ ਬਾਰੇ ਵੀ ਉਸ ਨੂੰ ਪਿੰਡ ਬੁੱਟਰ ਸ਼ਰੀਂਹ ਵਾਸੀਆਂ ਤੋਂ ਹੀ ਪਤਾ ਲੱਗਾ।
ਕੀ ਕਹਿਣਾ ਪਿੰਡ ਦੇ ਸਰਪੰਚ ਦਾ
ਜਦ ਇਸ ਸਬੰਧੀ ਪਿੰਡ ਦੇ ਮੌਜੂਦਾ ਸਰਪੰਚ ਰਾਜਾ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਪਿੰਡ ਵਾਸੀਆਂ ਵੱਲੋਂ ਲਾਏ ਗਏ ਸਾਰੇ ਇਲਜਾਮਾਂ ਨੂੰ ਇੱਕ ਡਰਾਮੇਬਾਜੀ ਦੱਸਦਿਆਂ ਕਿਹਾ ਕਿ ਸਿਰਫ ’ਤੇ ਸਿਰਫ ਅਜਿਹਾ ਵਿਰੋਧੀਆਂ ਵੱਲੋਂ ਉਸ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਸਰਪੰਚ ਨੇ ਅੱਗੇ ਕਿਹਾ ਉਸ ਨੇ ਨਾ ਤਾਂ ਕੋਈ ਭੱਠੀ ਚੋਰੀ ਕੀਤੀ ਅਤੇ ਨਾ ਹੀ ਕੋਈ ਹੋਰ ਸਮਾਨ।
ਕੀ ਕਹਿਣਾ ਪੁਲਿਸ ਦਾ
ਜਦ ਇਸ ਸਬੰਧੀ ਐਸ.ਐਚ.ਓ. ਕੋਟਭਾਈ ਲਵਮੀਤ ਕੌਰ ਅਤੇ ਪੜਤਾਲੀਆਂ ਅਫਸਰ ਏ.ਐਸ.ਆਈ. ਹਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਦਿੱਤੀ ਦਰਖਾਸਤ ਮਿਲ ਗਈ ਹੈ ਅਤੇ ਉਨਾਂ ਵੱਲੋਂ ਹਰ ਪੱਖ ਤੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਜਲਦੀ ਹੀ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕਰਕੇ ਮਸਲਾ ਹੱਲ ਕੀਤਾ ਜਾ ਰਿਹਾ।
ਕੀ ਕਹਿਣਾ ਸਬੰਧਤ ਡੀ.ਐਸ.ਪੀ. ਦਾ
ਜਦ ਇਸ ਸਬੰਧੀ ਨਰਿੰਦਰ ਸਿੰਘ ਡੀ.ਐਸ.ਪੀ. ਗਿੱਦੜਬਾਹਾ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਉਂਦਿਆਂ ਹੀ ਬਣਦੀ ਪੜਤਾਲ ਕਰਨ ਉਪਰੰਤ ਮਾਮਲਾ ਦਰਜ ਕਰਨ ਦੇ ਉਦੇਸ਼ ਜਾਰੀ ਕਰ ਦਿੱਤੇ ਹਨ।