ਚੰਡੀਗੜ੍ਹ, 3 ਮਾਰਚ 2021 - ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਸਰੇ ਦਿਨ ਅਕਾਲੀ ਵਿਧਾਇਕ ਸ਼ਰਨਜੀਤ ਢਿੱਲੋਂ ਨੇ ਕੈਪਟਨ ਸਰਕਾਰ ਨੂੰ ਚੋਣ ਮੈਨਫੈਸਟੋ ਯਾਦ ਕਰਵਾਉਦੇ ਕਿਹਾ ਕਿ ਕੈਪਟਨ ਨੇ ਕਿਹਾ ਸੀ ਕਿ ਉਹ ਸਰਕਾਰ ਆਉਣ 'ਤੇ ਨੈਸ਼ਨਲ ਬੈਂਕ ਦੇ ਕਰਜ਼ੇ ਮਾਫ ਕਰਨਗੇ।
ਉਨ੍ਹਾਂ ਕਿਹਾ ਕਿ ਕਿਸਾਨਾਂ ਸਿਰ ਕਰੀਬ 90 ਹਜ਼ਾਰ ਕਰੋੜ ਦਾ ਕਰਜ਼ਾ ਸੀ ਅਤੇ ਮਾਫ਼ ਸਿਰਫ 4625 ਕਰੋੜ ਰੁਪਏ ਹੀ ਕੀਤਾ ਹੈ। ਢਿੱਲੋਂ ਨੇ ਕਿਹਾ ਕਿ ਅਕਾਲੀ ਸਰਕਾਰ ਨੇ 1500 ਦੇ ਕਰੀਬ ਸੇਵਾ ਕੇਂਦਰ ਬਣਾਏ । ਜਿਸ ਨਾਲ ਰੋਜ਼ਗਾਰ ਪੈਦਾ ਹੋਣਾ ਸੀ , 6 ਹਜ਼ਾਰ ਲੋਕਾਂ ਨੂੰ ਰੋਜ਼ਗਾਰ ਮਿਲਣਾ ਸੀ ਅਤੇ ਆਮ ਲੋਕਾਂ ਨੂੰ ਵੀ ਕੰਮ ਕਰਵਾਉਣ ਦੀ ਸਹੂਲਤ ਮਿਲਣੀ ਸੀ। ਪਰ ਕਾਂਗਰਸ ਸਰਕਾਰ ਨੇ ਸੇਵਾ ਕੇਂਦਰ ਹੀ ਬੰਦ ਕਰ ਦਿੱਤੇ।
ਉਨ੍ਹਾਂ ਕਿਹਾ ਕਿ ਸਰਕਾਰੀ ਮੁਲਜ਼ਮਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਵੀ ਪੂਰੇ ਨਹੀਂ ਕੀਤੇ। ਠੇਕੇ 'ਤੇ ਭਰਤੀ ਮੁਲਾਜ਼ਮ ਵੀ ਪੱਕੇ ਨਹੀਂ ਕੀਤੇ। ਨਾ ਪੇ-ਕਮੀਸ਼ਨ ਲਾਗੂ ਕੀਤਾ। ਸਗੋਂ ਉਹਨਾਂ ਦੀ ਤਨਖ਼ਾਹ ਤੇ 200 ਰੁ ਪ੍ਰਤੀ ਮਹੀਨਾ ਟੈਕਸ ਲਗਾ ਦਿੱਤਾ। ਪੰਜਾਬ ਵਿੱਚ ਬਿਜਲੀ ਮਹਿੰਗੀ ਕਰ ਦਿੱਤੀ।
ਢਿੱਲੋਂ ਨੇ ਕਿਸਾਨੀ ਦੇ ਮੁੱਦੇ ਤੇ ਬੋਲਦਿਆਂ ਕਿਹਾ ਕਿ ਸਰਕਾਰ ਨੇ ਇੱਕ ਵੀ ਟਿਊਬਵੈੱਲ ਕਨੈਕਸ਼ਨ ਨਹੀਂ ਦਿੱਤਾ ਜਦੋਂਕਿ ਅਕਾਲੀ ਸਰਕਾਰ ਨੇ 1,90,000 ਟਿਊਬਵੈੱਲ ਕਨੈਕਸ਼ਨ ਦਿੱਤੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਬੇਰੁਜ਼ਗਾਰੀ ਭੱਤਾ 2500 ਦਾ ਵਾਅਦਾ ਕੀਤਾ ਸੀ ਪਰ ਹਾਲੇ ਤੱਕ ਕਿਸੇ ਨੂੰ ਨਹੀਂ ਦਿੱਤਾ। ਕੁੜੀਆਂ ਨੂੰ ਪਹਿਲੀ ਕਲਾਸ ਤੋਂ ਲੈ ਪੀ.ਐਚ.ਡੀ ਤੱਕ ਮੁਫ਼ਤ ਸਿੱਖਿਆ ਦੇਣ ਦੀ ਗੱਲ ਆਖੀ ਸੀ, ਪਰ ਹਾਲੇ ਤੱਕ ਉਹ ਵਾਅਦਾ ਵੀ ਸਿਖਰ ਚੜ੍ਹਦਾ ਨਜ਼ਰ ਨੀ ਆ ਰਿਹਾ।