ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 3 ਮਾਰਚ 2021-ਸਿੱਖਿਆ ਵਿਭਾਗ ਵੱਲੋਂ ਬਦਲੀ ਪ੍ਰਕਿਰਿਆ ਦੌਰਾਨ ਪੰਜਾਬ ਦੇ ਸਕੂਲਾਂ ਵਿਚੋਂ ਸਾਰੇ ਕਾਡਰਾਂ ਦੀਆਂ ਵੱਡੀ ਗਿਣਤੀ ਵਿਚ ਖਾਲੀ ਅਸਾਮੀਆਂ ਨੂੰ ਛੁਪਾਉਣ ਅਤੇ ਅਧਿਆਪਕਾਂ ਵਿਚ ਉਨ੍ਹਾਂ ਦੀ ਅਸਾਮੀ ਸਰਪਲੱਸ ਹੋਣ ਦਾ ਡਰ ਪੈਦਾ ਕਰਨ ਖਿਲਾਫ ਅੱਜ ਜ਼ਿਲਾ ਸਿੱਖਿਆ ਦਫਤਰ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਜ਼ਿਲਾ ਆਗੂਆਂ ਮਨੋਹਰ ਲਾਲ ਸ਼ਰਮਾ, ਪਵਨ ਕੁਮਾਰ, ਪ੍ਰਗਟ ਜੰਬਰ ਅਤੇ ਮੇਘਇੰਦਰ ਸਿੰਘ ਨੇ ਪੰਜਾਬ ਸਰਕਾਰ ਪਾਸੋਂ ਅਧਿਆਪਕਾਂ ਦੇ ਉਜਾੜੇ ਦੀ ਨੀਤੀ ਨੂੰ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਖਰੀ ਸਾਹਾਂ ’ਤੇ ਚੱਲ ਰਹੀ ਸਰਕਾਰੀ ਸਿੱਖਿਆ ਦਾ ਪੂਰਨ ਤੌਰ ’ਤੇ ਭੋਗ ਪਾ ਕੇ ਗਰੀਬਾਂ ਨੂੰ ਸਿੱਖਿਆ ਤੋਂ ਵਾਂਝੇ ਕਰਨ ਦੀ ਤਿਆਰੀ ਕਰ ਰਹੀ ਹੈ। ਉਨਾਂ ਦੋਸ਼ ਲਾਇਆ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ ਸਿੱਖਿਆ ਦਾ ਉਜਾੜਾ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ, ਇਸੇ ਤਰ੍ਹਾਂ ਹੀ ਪੰਜਾਬ ਵਿੱਚ ਆਨਲਾਇਨ ਬਦਲੀ ਪ੍ਰਕਿਰਿਆ ਦੇ ਨਾਂ ’ਤੇ ਸਕੂਲਾਂ ਵਿਚੋਂ ਪੋਸਟਾਂ ਖਤਮ ਕਰਕੇ ਰੈਸਨਲਾਈਜੇਸਨ ਦੇ ਏਜੰਡੇ ਨੂੰ ਲੁਕਵੇਂ ਰੂਪ ਵਿਚ ਲਾਗੂ ਕਰਨ, ਮਿਡਲ ਸਕੂਲਾਂ ਵਿਚੋਂ 228 ਪੀਟੀਆਈਜ ਨੂੰ ਧੱਕੇ ਨਾਲ ਅਸਾਮੀ ਸਹਿਤ ਸ਼ਿਫ਼ਟ ਕਰਨ ਦੀਆਂ ਅਸਾਮੀਆਂ ਖਤਮ ਕਰਨ ਲਈ ਚਾਲਾਂ ਖੇਡੀਆਂ ਜਾ ਰਹੀਆਂ ਹਨ। ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਵੱਲੋਂ ਜ਼ਿਲਾ ਸਿੱਖਿਆ ਅਫਸਰ ਅੰਜੂ ਗੁਪਤਾ ਅਤੇ ਪ੍ਰਭਜੋਤ ਕੌਰ ਨੂੰ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖਿਲਾਫ ਰੋਸ ਪੱਤਰ ਸੌਂਪਿਆ ਗਿਆ। ਇਸ ਉਪਰੰਤ ਪੰਜਾਬ ਸਰਕਾਰ ਦੀ ਅਰਥੀ ਫੂਕਦੇ ਹੋਏ ਆਗੂਆਂ ਨੇ ਪ੍ਰਾਇਮਰੀ ਵਿਭਾਗ ਵਿਚ 1904 ਹੈੱਡ ਟੀਚਰਾਂ ਦੀਆਂ ਖਤਮ ਕੀਤੀਆਂ ਅਸਾਮੀਆਂ ਬਹਾਲ ਕਰਨ, ਸਾਰੇ ਕਾਡਰਾਂ ਦੀਆਂ ਪੈਡਿੰਗ ਤਰੱਕੀਆਂ ਕਰਨ, ਛੇਵੇਂ ਤਨਖਾਹ ਕਮਿਸਨ ਦੀ ਰਿਪੋਰਟ ਲਾਗੂ ਕਰਨ ਅਤੇ ਲੰਮੇ ਸਮੇਂ ਤੋਂ ਪੈਡਿੰਗ ਡੀਏ ਦੀ ਕਿਸ਼ਤਾਂ ਜਾਰੀ ਕਰਨ ਦੀਆਂ ਮੰਗਾਂ ਨੂੰ ਫਿਰ ਤੋਂ ਦੁਹਰਾਇਆ ਅਤੇ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਕੁਲਵਿੰਦਰ ਸਿੰਘ, ਨਵਦੀਪ ਸਿੰਘ, ਪ੍ਰਮਾਤਮਾ ਸਿੰਘ, ਮਨਜੀਤ ਸਿੰਘ, ਪਰਮਜੀਤ ਸਿੰਘ, ਲਖਵੀਰ ਸਿੰਘ ਨੇ ਵੀ ਸੰਬੋਧਨ ਕੀਤਾ। ਅੱਜ ਦੇ ਇਸ ਰੋਸ ਪ੍ਰਦਰਸ਼ਨ ਵਿਚ ਜਸਵਿੰਦਰ ਝਬੇਲਵਾਲੀ, ਬਲਵਿੰਦਰ ਸਿੰਘ ਥਾਂਦੇਵਾਲਾ, ਸੁਦਰਸਨ ਜੱਗਾ ਤੋਂ ਇਲਾਵਾ ਰਾਜਵਿੰਦਰ ਸਿੰਘ, ਪਵਨ ਚੌਧਰੀ,ਰਵੀ ਕੁਮਾਰ, ਸੰਜੇ ਕੁਮਾਰ, ਸੁਮੇਸ ਕੁਮਾਰ, ਸੁਰਜੀਤ ਸਿੰਘ ਅਤੇ ਹਰਬਖਸ ਬਹਾਦਰ ਵੀ ਸ਼ਾਮਲ ਹੋਏ।