ਛੇੜਛਾੜ ਤੋਂ ਰੋਕਣ ਵਾਲੇ ਨੌਜਵਾਨ ਦੀ ਅਣਪਛਾਤਿਆਂ ਨੇ ਕੀਤੀ ਸ਼ਰੇ੍ਹਆਮ ਕੁੱਟਮਾਰ, ਮਾਮਲਾ ਦਰਜ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 5 ਮਾਰਚ 2021-ਜ਼ਿਲੇ ਦੀ ਮੰਡੀ ਗਿੱਦੜਬਾਹਾ ਦੇ ਬੱਸ ਸਟੈਂਡ ’ਤੇ ਇੱਕ ਨੌਜਵਾਨ ਦੀ 15-20 ਅਣਪਛਾਤਿਆਂ ਵੱਲੋਂ ਸ਼ਰ੍ਹੇਆਮ ਕੁੱਟਮਾਰ ਕਰਨ ਦੀ ਵੀਡਿਓ ਵਾਇਰਲ ਹੋ ਰਹੀ ਹੈ, ਜਿਸ ਸਬੰਧੀ ਫ਼ਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਿਕ ਬਿਨਾਂ ਕਿਸੇ ਡਰ ਭੈਅ ਦੇ ਨਾਲ ਕਿਸ ਤਰ੍ਹਾਂ ਨਾਲ ਗੁੰਡਾਗਰਦੀ ਕੀਤੀ ਜਾ ਰਹੀ ਹੈ, ਇਸ ਗੱਲ ਦੀ ਗਵਾਹੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਇਹ ਵੀਡਿਓ ਭਰਦੀ ਹੈ। ਦਿਨ ਦਿਹਾੜੇ ਗਿੱਦੜਬਾਹਾ ਦੇ ਬੱਸ ਸਟੈਂਡ ’ਤੇ ਇੱਕ ਨੌਜਵਾਨ ਦੀ 15-20 ਨੌਜਵਾਨ ਕੁੱਟਮਾਰ ਕਰ ਰਹੇ ਹਨ ਤੇ ਇਹ ਮਾਮਲਾ ਮਾਮੂਲੀ ਕਹਾ ਸੁਣੀ ਤੋਂ ਬਾਅਦ ਵਧਿਆ ਹੈ।
ਇਸ ਸਬੰਧੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜ੍ਹਤ ਨੌਜਵਾਨ ਨੇ ਦੱਸਿਆ ਕਿ ਉਹ ਗਿੱਦੜਬਾਹਾ ਤੋਂ ਆਪਣੇ ਪਿੰਡ ਬੱਸ ’ਚ ਜਾਣ ਲਈ ਬੈਠਾ ਸੀ ਕਿ ਇੱਕ-ਦੋ ਨੌਜਵਾਨ ਉਸਦੀ ਪਿਛਲੀ ਸੀਟ ’ਤੇ ਬੈਠੀ ਕੁੜੀ ਨੂੰ ਪਰਚੀ ’ਤੇ ਮੋਬਾਇਲ ਨੰਬਰ ਲਿਖਕੇ ਫੜ੍ਹਾਉਣ ਲੱਗੇ ਤੇ ਕੁੜੀ ਨੂੰ ਪਰੇਸ਼ਾਨ ਕਰਨ ਲੱਗੇ, ਜਦੋਂ ਉਸਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਪਹਿਲਾਂ ਇੰਨਾਂ ਨੌਜਵਾਨਾਂ ਨੇ ਉਸਨੂੰ ਧਮਕੀਆਂ ਦਿੱਤੀਆਂ ਤੇ ਫ਼ਿਰ ਹੋਰ ਨੌਜਵਾਨਾਂ ਨੂੰ ਨਾਲ ਲਿਆ ਕੇ ਉਸਦੀ ਕੁੱਟਮਾਰ ਕੀਤੀ। ਫ਼ਿਲਹਾਲ ਪੁਲਸ ਨੇ ਇਸ ਨੌਜਵਾਨ ਦੇ ਬਿਆਨਾਂ ’ਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਡੀਐਸਪੀ ਨੇ ਕਿਹਾ ਕਿ ਅਜਿਹੀ ਗੁੰਡਾਗਰਦੀ ਬਰਦਾਸ਼ਿਤ ਨਹੀਂ ਕੀਤੀ ਜਾਵੇਗੀ ਤੇ ਜਲਦੀ ਇਹ ਸਾਰੇ ਕਾਬੂ ਕਰ ਲਏ ਜਾਣਗੇ।