ਅਸ਼ੋਕ ਵਰਮਾ
ਬਠਿੰਡਾ, 05 ਮਾਰਚ 2021: ਬਠਿੰਡਾ ਦਿਹਾਤੀ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ ਨੇ ਵਿਧਾਨ ਸਭਾ ਸੈਸ਼ਨ ਦੇ 5ਵੇਂ ਦਿਨ ਆਪਣੇ ਹਲਕੇ ’ਚ ਨਿੱਘਰੀਆਂ ਸਿਹਤ ਸੇਵਾਵਾਂ ਨੂੰ ਲੈਕੇ ਪੰਜਾਬ ਸਰਕਾਰ ਨੂੰ ਕਟਹਿਰੇ ’ਚ ਖੜ੍ਹਾਇਆ। ਉਨ੍ਹਾਂ ਇਮਾਰਤਾਂ ਦੇ ਨਾਲ ਨਾਲ ਹਸਪਤਾਲਾਂ ’ਚ ਬੁਨਿਆਦੀ ਢਾਂਚੇ ਦੀ ਘਾਟ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ। ਇੱਕ ਧਿਆਨ ਦਿਵਾਉ ਮਤੇ ਤੇ ਬਹਿਸ ਦੌਰਾਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਮਾਰਤਾਂ ਦੇ ਖਸਾਤਹਾਲ ਹੋਣ ਬਾਰੇ ਮੰਨਿਆ ਕਿ ਅਤੇ ਇਮਾਰਤਾਂ ਦੀ ਉਸਾਰੀ ਲਈ ਨਵੇਂ ਬੱਜਟ ਵਿੱਚ ਫ਼ੰਡ ਰੱਖਣ ਬਾਰੇ ਆਖਿਆ। ਇਸ ਮੌਕੇ ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਸਿਹਤ ਮੰਤਰੀ ਨੂੰ ਦੱਸਿਆ ਕਿ ਪਿੰਡ ਕੋਟਫੱਤਾ ਵਿੱਚ ਅਰਬਨ ਸਲਮ ਏਰੀਆ ਡਿਸਪੈਂਸਰੀ ਕੋਲ ਆਪਣੀ ਇਮਾਰਤ ਨਹੀਂ ਹੈ ਜਿਸ ਕਾਰਨ ੳੱੁਥੇ ਲੋਕਾਂ ਨੂੰ ਡਾਕਟਰੀ ਸੇਵਾਵਾਂ ਨਹੀਂ ਮਿਲ ਪਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸੰਘਣੀ ਆਬਾਦੀ ਵਾਲੇ ਪਿੰਡਾਂ ਚੋਂ ਪਿੰਡ ਕੋਟਸ਼ਮੀਰ ’ਚ ਸਥਾਪਤ ਪ੍ਰਾਇਮਰੀ ਹੈਲਥ ਸੈਂਟਰ ਦੀ ਇਮਾਰਤ ਅਸੁਰੱਖਿਅਤ ਹੈ। ਉਨ੍ਹਾਂ ਜਣੇਪਾ ਸਹੂਲਤਾਂ ਲਈ ਮਾਡਲ ਮੈਟਰਨਲ ਚਾਈਲਡ ਹੈਲਥ ਯੋਜਨਾ ਤਹਿਤ ਵੱਡਾ ਹਸਪਤਾਲ ਬਨਾਉਣ ਦੀ ਮੰਗ ਰੱਖੀ। ਉਨ੍ਹਾਂ ਇਸ ਦੌਰਾਨ ਸੰਗਤ ਮੰਡੀ ਵਿਚਲੇ ਕਮਿਊਨਿਟੀ ਹੈਲਥ ਸੈਂਟਰ ਦੀ ਅਸੁਰੱਖਿਅਤ ਇਮਾਰਤ ਅਤੇ ਕਈ ਸਾਲਾਂ ਤੋਂ ਖ਼ਰਾਬ ਪਏ ਜਲ ਘਰ ਦੇ ਮੁੱਦੇ ਵੱਲ ਵੀ ਧਿਆਨ ਦਿਵਾਇਆ। ਉਨ੍ਹਾਂ ਨੇ ਪਿੰਡ ਮਹਿਤਾ, ਪਥਰਾਲਾ, ਨੰਦਗੜ੍ਹ, ਰਾਏ ਕੇ ਕਲਾ, ਜੰਗੀਰਾਣਾ, ਬੰਬੀਹਾ, ਚੱਕ ਅਤਰ ਸਿੰਘ ਵਾਲਾ , ਚੱਕ ਰੁਲਦੂ ਸਿੰਘ ਵਾਲਾ ਅਤੇ ਬੱਲੂਆਣਾ ਦੇ ਸਬ ਸੈਂਟਰਾਂ ਦੀਆਂ ਖ਼ਰਾਬ ਇਮਾਰਤਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਸਦਨ ਨੂੰ ਦਿੱਤੀ। ਵਿਧਾਇਕਾ ਵੱਲੋਂ ਉਠਾਏ ਮੁੱਦਿਆਂ ਦੇ ਜਵਾਬ ’ਚ ਮੰਨਿਆ ਕਿ ਦਿਹਾਤੀ ਹਲਕੇ ਦੀਆਂ ਸਿਹਤ ਸੰਸਥਾਵਾਂ ਦੀ ਇਮਾਰਤਾਂ ਨੂੰ ਨਵੇਂ ਸਿਰੇ ਤੋਂ ਬਨਾਉਣ ਦੀ ਲੋੜ ਹੈ।
ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਦੱਸਿਆ ਕਿ ਉਨ੍ਹਾਂ ਨੂੰ ਮੁੱਦਿਆਂ ਦੇ ਜਾਵਾਬ ’ਚ ਇਹ ਵੀ ਜਾਣਕਾਰੀ ਦਿੱਤੀ ਹੈ ਗਈ ਕਿ ਕੋਟਫੱਤਾ ਦੀ ਅਰਬਨ ਸਲਮ ਏਰੀਆ ਡਿਸਪੈਂਸਰੀ ਤੇ ਕੋਟਸ਼ਮੀਰ ਦੇ ਪੀ ਐਚ ਸੀ ਦੀਆਂ ਇਮਾਰਤਾਂ ਲਈ 80- 80 ਲੱਖ ਰੁਪਏ, ਸੰਗਤ ਕਮਿਊਨਿਟੀ ਸੈਂਟਰ ਦੀ ਇਮਾਰਤ ਤੇ 57.80 ਲੱਖ, ਹੈਲਥ ਵੈਲਨੈਸ ਸੈਂਟਰ ਦੀ ਉਸਾਰੀ ਲਈ 1ਕਰੋੜ50 ਲੱਖ ਰੁਪਏ, ਸਬ ਸੈਂਟਰ ਰਾਏ ਕੇ ਕਲਾਂ, ਜੰਗੀਰਾਣਾ, ਬੰਬੀਹਾ, ਬੱਲੂਆਣਾ ਆਦਿ ਦੀਆਂ ਨਵੀਆਂ ਇਮਾਰਤਾਂ ਬਨਾਉਣ ਦੀ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਹੈ। ਉਹਨਾਂ ਬੱਜਟ 2021 ਦੇ ਫ਼ੰਡਾਂ ਚੋ ਇੰਨ੍ਹਾਂ ਇਮਾਰਤਾਂ ਦੀ ਹਾਲਤ’ਚ ਸੁਧਾਰ ਕਰਨ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਦੱਸਿਆ ਕਿ ਸਿਹਤ ਮੰਤਰੀ ਨੇ ਵਿਧਾਨਸਭਾ ਵਿੱਚ ਵਿਧਾਇਕਾ ਉਨ੍ਹਾਂ ਨੂੰ ਨਾਲ ਲੈ ਕੇ ਸਾਰੀਆਂ ਇਮਾਰਤਾਂ ਦਾ ਦੌਰਾ ਕਰਨ ਦਾ ਵਿਸ਼ਵਾਸ਼ ਵੀ ਦਿਵਾਇਆ ਹੈ।