ਹੋਣਹਾਰ ਵਿਦਿਆਰਥਣਾਂ ਨੂੰ ਸਨਮਾਨਤ ਕਰਨ ਮੌਕੇ ਜ਼ਿਲਾ ਤੇ ਸੈਸ਼ਨਜ਼ ਜੱਜ ਸ਼੍ਰੀ ਤਰਸੇਮ ਮੰਗਲਾ ਅਤੇ ਹੋਰ ਅਧਿਕਾਰੀ
ਜਗਦੀਸ਼ ਥਿੰਦ
ਅਬੋਹਰ 9 ਮਾਰਚ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅੱਜ ਇਥੋਂ ਦੇ ਡੀ.ਏ. ਵੀ. ਕਾਲਜ ਦੇ ਆਡੀਟੋਰੀਅਮ ਵਿਖੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਇਕ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਵੱਜੋਂ ਪੁੱਜੇ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੈਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਤਰਸੇਮ ਮੰਗਲਾ ਨੇ ਕੌਮਾਂਤਰੀ ਮਹਿਲਾ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਮਾਜ ਵਿਚ ਔਰਤ ਦੀ ਬਰਾਬਰੀ ਦੇ ਟੀਚੇ ਦੀ ਪ੍ਰਾਪਤੀ ਲਈ ਵੱਡੀ ਸਮਾਜਿਕ ਜਾਗਰੂਕਤਾ ਲਹਿਰ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਚੇਤਨਾ ਅਤੇ ਸੋਚ ਵਿਚ ਬਦਲਾਅ ਰਾਹੀਂ ਹੀ ਅਸੀਂ ਬਰਾਬਰੀ ਤੇ ਅਧਾਰਤ ਸਮਾਜ ਸਿਰਜ ਸਕਦੇ ਹਾਂ।
ਸ੍ਰੀ ਤਰਸੇਮ ਮੰਗਲਾ ਨੇ ਕਿਹਾ ਕਿ ਸਾਡੇ ਆਸਪਾਸ ਅਪਾਰ ਸੰਭਾਵਨਾਵਾਂ ਹਨ ਅਤੇ ਅਸੀਂ ਇਨ੍ਹਾਂ ਸੰਭਾਵਨਾਵਾਂ ਨੂੰ ਮੌਕੇ ਵਿਚ ਤਬਦੀਲ ਕਰਕੇ ਜਿੱਤ ਪ੍ਰਾਪਤ ਕਰਨੀ ਹੈ। ਉਨ੍ਹਾਂ ਨੇ ਇਸ ਮੌਕੇ ਵਿਦਿਆਰਥਣਾਂ ਨੂੰ ਕਿਹਾ ਕਿ ਉਹ ਆਪਣੀਆਂ ਅਸੀਮ ਸ਼ਕਤੀਆਂ ਨੂੰ ਪਹਿਚਾਨਣ ਅਤੇ ਆਪਣੇ ਸੁਪਨਿਆਂ ਦੀ ਪ੍ਰਵਾਜ ਭਰਨ।ਉਨ੍ਹਾਂ ਨੇ ਕਿਹਾ ਕਿ ਅਪਰਾਧ ਹੋਦ ਤੋਂ ਬਾਅਦ ਅਪਰਾਧੀ ਨੂੰ ਦੰਡ ਦੇਣ ਦੀ ਬਜਾਏ ਸਾਨੂੰ ਅਜਿਹੇ ਸਮਾਜ ਲਈ ਯਤਨ ਕਰਨੇ ਚਾਹੀਦੇ ਹਨ ਜਿਥੇ ਅਪਰਾਧ ਹੋਵੇ ਹੀ ਨਾ। ਉਨ੍ਹਾਂ ਨੇ ਦੱਸਿਆ ਕਿ ਪੀੜਤ ਔਰਤਾਂ ਲਈ ਸਖੀ ਸੈਂਟਰ ਬਣਾਇਆ ਗਿਆ ਜਿਥੇ ਪੀੜਤ ਔਰਤਾਂ ਦੀ ਹਰ ਪ੍ਰਕਾਰ ਨਾਲ ਮਦਦ ਕੀਤੀ ਜਾਂਦੀ ਹੈ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ੍ਰੀ ਰਾਜਪਾਲ ਰਾਵਲ ਨੇ ਇਸ ਮੌਕੇ ਪੀੜਤ ਮੁਆਵਜਾ ਸਕੀਮ ਅਤੇ ਗਵਾਹਾਂ ਦੀ ਸੁਰੱਖਿਆ ਸਕੀਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮੁਫਤ ਕਾਨੂੰਨੀ ਸਹਾਇਤਾ ਬਾਰੇ ਵੀ ਜਾਣਕਾਰੀ ਦਿੱਤੀ
ਸੀਜੇਐਮ. ਮੇਘਾ ਧਾਲੀਵਾਲ ਨੇ ਔਰਤਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਦੇ ਸੰਵਿਧਾਨਕ ਹੱਕਾਂ ਬਾਰੇ ਵਿਸਥਾਰ ਨਾਲ ਚਾਣਨਾ ਪਾਇਆ। ਇਸ ਤੋਂ ਪਹਿਲਾਂ ਸ੍ਰੀ ਬੀ.ਐਲ. ਸਿੱਕਾ ਨੇ ਔਰਤਾਂ ਨਾਲ ਜੁੜੇ ਸਮਾਜਿਕ ਪਹਿਲੂਆਂ ਦਾ ਜਿਕਰ ਕਰਦਿਆਂ ਸਮਾਜਿਕ ਬਦਲਾਅ ਦਾ ਸੱਦਾ ਦਿੱਤਾ।
ਐਡਵੋਕੇਟ ਦੇਸ ਰਾਜ ਕੰਬੋਜ਼ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕੰਮ-ਕਾਜ ਬਾਰੇ ਦੱਸਿਆ।ਐਡਵੋਕੇਟ ਅਜੈ ਗਿਲਹੋਤਰਾ ਨੇ ਪੋਸਕੋ ਐਕਟ ਅਤੇ ਘਰੇਲੂ ਹਿੰਸਾ ਸਬੰਧੀ ਕਾਨੂੰਨੀ ਪਹਿਲੂ ਦਸੇ।
ਡੀ.ਏ.ਵੀ. ਕਾਲਜ ਪ੍ਰਿੰਸੀਪਲ ਸ੍ਰੀ ਰਾਜੇਸ਼ ਮਹਾਜਨ ਨੇ ਸਭ ਨੂੰ ਜੀ ਆਇਆ ਨੂੰ ਕਿਹਾ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਰਵਿੰਦਰ ਸੇਤੀਆ, ਪ੍ਰਿੰਸੀਪਲ ਰੇਖਾ ਹਾਂਡਾ, ਪ੍ਰਿੰਸੀਪਲ ਉਰਮਿਲਾ ਸੇਠੀ ਵੀ ਹਾਜ਼ਰ ਸਨ।ਇਸ ਮੌਕੇ ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ ਵੀ ਕੀਤਾ ਗਿਆ।