ਹਰਜਿੰਦਰ ਸਿੰਘ ਭੱਟੀ
- ਘੱਟ ਗਿਣਤੀਆਂ ਭਾਈਚਾਰਿਆਂ ਦੀਆਂ ਮੁਸ਼ਕਿਲਾਂ ਦੇ ਹੱਲ ਸਬੰਧੀ ਚੇਅਰਮੈਨ, ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਵੱਲੋਂ ਡੀ.ਜੀ.ਪੀ. ਨਾਲ ਮੀਟਿੰਗ
ਐਸ ਏ ਐਸ ਨਗਰ, 26 ਮਾਰਚ 2021 - ਘੱਟ ਗਿਣਤੀਆਂ ਭਾਈਚਾਰਿਆਂ ਦੇ ਮਾਮਲਿਆਂ ਸਬੰਧੀ ਪ੍ਰੋ: ਇੰਮਾਨੂੰਏਲ ਨਾਹਰ, ਚੇਅਰਮੈਨ ਅਤੇ ਸ਼੍ਰੀ ਮੁਹੰਮਦ ਰਫੀ, ਸੀਨੀਅਰ ਵਾਈਸ ਚੇਅਰਮੈਨ, ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੁਆਰਾ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ, ਸ਼੍ਰੀ ਦਿਨਕੁਰ ਗੁਪਤਾ ਨਾਲ ਮੀਟਿੰਗ ਕੀਤੀ ਗਈ ਤੇ ਇਸ ਮੌਕੇ ਕਈ ਮਸਲੇ ਵਿਚਾਰੇ ਗਏ ਜਿਨ੍ਹਾਂ ਵਿਚੋਂ ਮੁੱਖ ਮਸਲੇ ਚਰਚ ਅਤੇ ਮਿਸ਼ਨਾਂ ਦੀਆਂ ਜ਼ਾਇਦਾਦਾਂ ਤੇ ਨਜ਼ਾਇਜ਼ ਕਬਜ਼ੇ ਅਤੇ ਉਨ੍ਹਾਂ ਜਾਇਦਾਦਾਂ ਨੂੰ ਕੁਝ ਵਿਅਕਤੀਆਂ ਜਾਂ ਕੁਝ ਗਰੁੱਪਾਂ ਵੱਲੋਂ ਗ਼ਲਤ ਢੰਗ ਨਾਲ ਵੱਖ ਵੱਖ ਥਾਵਾਂ ਉਤੇ ਵੇਚੇ ਜਾਣ ਦੇ ਮਸਲੇ ਸ਼ਾਮਲ ਸਨ।
ਡੀ.ਜੀ.ਪੀ. ਸ਼੍ਰੀ ਦਿਨਕਰ ਗੁਪਤਾ ਨੇ ਇਹ ਭਰੋਸਾ ਦਵਾਇਆ ਹੈ ਕਿ ਅਜਿਹੇ ਮਾਮਲਿਆਂ ਸਬੰਧੀ ਤੁਰੰਤ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਕਮਿਸ਼ਨ ਵਿੱਚ ਪ੍ਰਾਪਤ ਸ਼ਿਕਾਇਤਾਂ ਸਬੰਧੀ ਜਿਥੇ ਪੁਲਿਸ ਵਿਭਾਗ ਵਲੋਂ ਕੋਈ ਵੀ ਕਾਰਵਾਈ ਕੀਤੀ ਜਾਣੀ ਲੋੜੀਂਦੀ ਹੋਵੇਗੀ, ਉਹ ਤਰਜੀਹ ਦੇ ਆਧਾਰ ਉਤੇ ਕੀਤੀ ਜਾਵੇਗੀ।
ਕਮਿਸ਼ਨ ਨੂੰ ਪ੍ਰਾਪਤ ਘੱਟ ਗਿਣਤੀ ਭਾਈਚਾਰੇ ਦੀਆਂ ਗੁਰਦਾਸਪੁਰ, ਧਾਰੀਵਾਲ, ਪਠਾਨਕੋਟ ਅਤੇ ਅੰਮ੍ਰਿਤਸਰ ਤੋਂ ਪ੍ਰਾਪਤ ਸ਼ਿਕਾਇਤਾਂ ਉਤੇ ਵਿਸਥਾਰ ਪੂਰਵਕ ਵਿਚਾਰ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਕਿ ਘੱਟ ਗਿਣਤੀ ਭਾਈਚਾਰੇ ਦੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕਰਨ ਲਈ ਪੁਲਿਸ ਹੈਡਕੁਆਰਟਰ ਵਿਖੇ ਪੁਲਿਸ ਅਧਿਕਾਰੀ ਨੂੰ ਨੋਡਲ ਅਫਸਰ ਲਗਾਇਆ ਜਾਵੇਗਾ ਤਾਂ ਜੋ ਸਾਰੇ ਮਸਲਿਆਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ।