ਗੁਰਦੁਆਰਾ ਸਾਹਿਬ ਅੰਦਰ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਅਵਤਾਰ ਸਿੰਘ ਜ਼ੀਰਾ
ਜਗਦੀਸ਼ ਥਿੰਦ
ਜ਼ੀਰਾ 5 ਅਪ੍ਰੈਲ , ਪੰਜਾਬ ਵਿਧਾਨ ਸਭਾ ਦੀਆਂ ਅਗਾਮੀ ਚੋਣਾਂ ਦੇ ਸਬੰਧ ਵਿਚ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵੱਲੋਂ ਜਿੱਥੇ ਵੱਖ - ਵੱਖ ਵਿਧਾਨ ਸਭਾ ਹਲਕਿਆਂ ਅੰਦਰ ਕੀਤੀਆਂ ਜਾ ਰਹੀਆਂ ਚੋਣ ਰੈਲੀਆਂ ਮੌਕੇ ਹੀ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ , ਉੱਥੇ ਅੱਜ 5 ਅਪ੍ਰੈਲ ਨੂੰ ਵਿਧਾਨ ਸਭਾ ਹਲਕਾ ਜ਼ੀਰਾ ਦੇ ਇੰਚਾਰਜ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਫਿਰੋਜ਼ਪੁਰ ਅਵਤਾਰ ਸਿੰਘ ਜ਼ੀਰਾ (ਮਿੰਨਾ) ਵੱਲੋਂ ਗੁਰਦੁਆਰਾ ਸਾਹਿਬ ਵਿੱਚ ਕੀਤੀ ਗਈ ਵਰਕਰਾਂ ਦੀ ਇਕੱਤਰਤਾ ਮੌਕੇ ਐਲਾਨ ਕੀਤਾ ਕਿ ਪਾਰਟੀ ਚਾਹੇ ਕੁਝ ਵੀ ਫ਼ੈਸਲਾ ਕਰੇ ਪਰ ਉਹ ਅਗਲੀ ਵਿਧਾਨ ਸਭਾ ਚੋਣ (ਇੱਥੋਂ) ਹੀ ਲੜਣਗੇ ।
ਦੱਸਣਯੋਗ ਹੈ ਕਿ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਨਮੇਜਾ ਸਿੰਘ ਸੇਖੋਂ ਨੂੰ ਲੜਾਉਣ ਲਈ ਹਾਈ ਕਮਾਂਡ ਵੱਲੋਂ ਲਗਪਗ ਫ਼ੈਸਲਾ ਕਰ ਹੀ ਲਿਆ ਗਿਆ ਹੈ ਅਤੇ ਅਵਤਾਰ ਸਿੰਘ ਮਿੰਨਾਂ ਨੂੰ ਖਡੂਰ ਸਾਹਿਬ ਹਲਕੇ ਤੋਂ ਚੋਣ ਲੜਨ ਲਈ ਕਿਹਾ ਦੱਸਿਆ ਜਾਂਦਾ ਹੈ ।
ਵਰਨਣਯੋਗ ਹੈ ਕਿ ਜ਼ੀਰਾ ਵਿਧਾਨ ਸਭਾ ਹਲਕੇ ਦੀ ਲੰਬੇ ਸਮੇਂ ਤੋਂ ਜੱਥੇਦਾਰ ਹਰੀ ਸਿੰਘ ਜ਼ੀਰਾ ਦਾ ਪਰਿਵਾਰ ਨੁਮਾਇੰਦਗੀ ਕਰਦਾ ਆ ਰਿਹਾ ਸੀ ।
ਜਥੇਦਾਰ ਹਰੀ ਸਿੰਘ ਜ਼ੀਰਾ ਇਸ ਹਲਕੇ ਤੋਂ 5 ਵਾਰ ਵਿਧਾਇਕ ਚੁਣੇ ਜਾਂਦੇ ਰਹੇ ।
ਇਸ ਪਰਿਵਾਰ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਸੈਂਟਰਲ ਕੋਆਪਰੇਟਿਵ ਬੈਂਕ ਦੇ ਚੇਅਰਮੈਨ , ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਦੇ ਅਹੁਦੇ ਤੋਂ ਇਲਾਵਾ ਹੋਰ ਵੀ ਅਹਿਮ ਅਹੁਦੇਦਾਰੀਆਂ ਰਹੀਆਂ ਹਨ ।
ਪਿਛਲੀ ਅਕਾਲੀ ਸਰਕਾਰ ਮੌਕੇ ਜਥੇਦਾਰ ਹਰੀ ਸਿੰਘ ਜ਼ੀਰਾ ਨੂੰ ਮੰਤਰੀ ਮੰਡਲ ਵਿੱਚ ਨਾ ਲੈਣ ਦੇ ਰੋਸ ਵਜੋਂ ਇਸ ਪਰਿਵਾਰ ਨੇ ਬਾਗ਼ੀ ਰੁਖ਼ ਅਪਣਾਇਆ ਸੀ ਤਾਂ ਪਾਰਟੀ ਇਨ੍ਹਾਂ ਨੂੰ ਮਨਾਉਣ ਵਿੱਚ ਸਫ਼ਲ ਰਹੀ ਸੀ ।
ਅੱਜ ਦੀ ਇਕੱਤਰਤਾ ਮੌਕੇ ਜੈਕਾਰਿਆਂ ਦੀ ਗੂੰਜ ਵਿੱਚ ਫ਼ੈਸਲਾ ਲਿਆ ਗਿਆ ਕਿ ਉਹ ਇਸ ਵਿਧਾਨ ਸਭਾ ਹਲਕੇ ਤੋਂ ਅਗਲੀ ਚੋਣ ਲੜਨਗੇ ।
ਬੁਲਾਰਿਆਂ ਵਿਚ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਮੀਤ ਸਿੰਘ ਬੂਹ , ਸੀਨੀਅਰ ਅਕਾਲੀ ਆਗੂ ਗੁਰਬਖਸ਼ ਸਿੰਘ ਰਟੌਲ , ਅਵਤਾਰ ਸਿੰਘ ਮਿਨਾ ਤੋਂ ਇਲਾਵਾ ਹੋਰਨਾਂ ਬੁਲਾਰਿਆਂ ਨੇ ਵੀ ਇਸ ਗੱਲ ਉਪਰ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਪ੍ਰਤੀ ਕੁਰਬਾਨੀ ਨੂੰ ਦੇਖਦੇ ਹੋਏ ਇਸ ਵਿਧਾਨ ਸਭਾ ਹਲਕੇ ਦੀ ਵਾਗਡੋਰ ਇਸ ਪਰਿਵਾਰ ਕੋਲ ਹੀ ਰਹਿਣੀ ਚਾਹੀਦੀ ਹੈ ।
ਅੱਜ ਦੇ ਇਸ ਘਟਨਾਕ੍ਰਮ ਉਪਰ ਪਾਰਟੀ ਹਾਈ ਕਮਾਨ ਕਿਸ ਤਰ੍ਹਾਂ ਦਾ ਰੁਖ਼ ਅਪਣਾਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ।
ਪਾਰਟੀ ਹਾਈਕਮਾਂਡ ਵੱਲੋਂ ਜ਼ੀਰਾ ਹਲਕੇ ਦੇ ਇਨ੍ਹਾਂ ਲੋਕਾਂ ਦੀ ਦੀਆਂ ਭਾਵਨਾਵਾਂ ਅਨੁਸਾਰ ਫ਼ੈਸਲਾ ਨਾ ਲੈਣ ਤੇ ਕੀ ਜ਼ੀਰਾ ਪਰਿਵਾਰ ਆਜ਼ਾਦ ਉਮੀਦਵਾਰ ਵਜੋਂ ਇਸ ਹਲਕੇ ਤੋਂ ਲੜਨ ਦਾ ਦਾ ਰਸਤਾ ਚੁਣਦਾ ਹੈ ਜਾਂ ਨਹੀਂ ਇਹ ਹਾਲੇ ਸਮੇਂ ਦੇ ਗਰਭ ਵਿੱਚ ਹੈ ।
ਭਾਰਤੀ ਜਨਤਾ ਪਾਰਟੀ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਰਿਸ਼ਤਾ ਟੁੱਟਣ , ਕਿਰਸਾਨੀ ਨਾਲ ਸਬੰਧਤ ਮੋਰਚੇ ਪ੍ਰਤੀ ਆਮ ਆਦਮੀ ਪਾਰਟੀ ਦੇ ਸਕਾਰਾਤਮਕ ਰੁਖ਼ ਅਤੇ ਕਾਂਗਰਸ ਪਾਰਟੀ ਵੱਲੋਂ ਇਕ ਵਾਰ ਫਿਰ ਕੈਪਟਨ ਦੀ ਅਗਵਾਈ ਹੇਠ ਹੀ ਚੋਣਾਂ ਲੜਨ ਦੇ ਅਪਣਾਏ ਰਵੱਈਏ ਕਾਰਨ ਬਦਲੇ ਸਿਆਸੀ ਮਾਹੌਲ ਵਿੱਚ ਅਕਾਲੀ ਦਲ ਖ਼ਿਲਾਫ਼ ਉੱਠਣ ਲੱਗੀਆਂ ਬਾਗੀ ਸੁਰਾਂ ਚੋਣ ਨੂੰ ਜ਼ਾਬਤੇ ਵਿੱਚ ਰੱਖਣਾ ਸ਼੍ਰੋਮਣੀ ਅਕਾਲੀ ਦਲ ਲਈ ਵੱਡੀ ਚੁਣੌਤੀ ਹੈ ।