ਸੰਜੀਵ ਸੂਦ
- ਲੁਧਿਆਣਾ ਦੇ ਵਿੱਚ ਅੱਜ ਭਾਜਪਾ ਅਤੇ ਕਾਂਗਰਸ ਦੇ ਵਿਚਕਾਰ ਧਰਨੇ ਦੌਰਾਨ ਹੋਈ ਤਿੱਖੀ ਬਹਿਸ
- ਭਾਜਪਾ ਮਹਿਲਾ ਵਰਕਰਾਂ ਨੇ ਕੈਬਨਿਟ ਮੰਤਰੀ ਆਸ਼ੂ ਦੇ ਘਰ ਸੁੱਟੀਆਂ ਚੂੜੀਆਂ
- ਮੰਤਰੀ ਆਸ਼ੂ ਦੀ ਪਤਨੀ ਨੇ ਜਤਾਇਆ ਵਿਰੋਧ ਕਿਹਾ ਇਹ ਕਿਹੋ ਜਿਹਾ ਪ੍ਰੋਟੈਸਟ
ਲੁਧਿਆਣਾ, 7 ਅਪ੍ਰੈਲ 2021 - ਪੰਜਾਬ ਭਰ ਦੇ ਵਿੱਚ ਅੱਜ ਭਾਜਪਾ ਮਹਿਲਾ ਮੋਰਚਾ ਵੱਲੋਂ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਇਸੇ ਨੂੰ ਲੈ ਕੇ ਅੱਜ ਲੁਧਿਆਣਾ ਮਹਿਲਾ ਭਾਜਪਾ ਮੋਰਚਾ ਵੱਲੋਂ ਜ਼ਿਲਾ ਭਾਜਪਾ ਪ੍ਰਧਾਨ ਦੀ ਅਗਵਾਈ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਦੇ ਬਾਹਰ ਮੁਜ਼ਾਹਰਾ ਕਰਨਾ ਸੀ। ਇਸ ਦੌਰਾਨ ਭਾਜਪਾ ਮਹਿਲਾ ਵਰਕਰਾਂ ਵੱਲੋਂ ਆਪਣੀਆਂ ਚੂੜੀਆਂ ਲਾਹ ਕੇ ਮੰਤਰੀ ਆਸ਼ੂ ਦੇ ਘਰ ਸੁੱਟੀਆਂ ਗਈਆਂ। ਜਿਸ ਤੋਂ ਬਾਅਦ ਮੰਤਰੀ ਆਸ਼ੂ ਦੀ ਪਤਨੀ ਅਤੇ ਕੌਂਸਲਰ ਮਮਤਾ ਆਸ਼ੂ ਨੇ ਇਸ ਦਾ ਵਿਰੋਧ ਕੀਤਾ ਅਤੇ ਬਾਹਰ ਆ ਕੇ ਉਨ੍ਹਾਂ ਦੀ ਭਾਜਪਾ ਵਰਕਰਾਂ ਨਾਲ ਤਿੱਖੀ ਬਹਿਸ ਸ਼ੁਰੂ ਹੋ ਗਈ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਨੇ ਕਿਹਾ ਕਿ ਅੱਜ ਮਮਤਾ ਆਸ਼ੂ ਵਿਰੋਧ ਕਰ ਰਹੀ ਹੈ। ਪਰ ਉਸ ਨੂੰ ਉਨ੍ਹਾਂ ਧੀਆਂ ਵੱਲ ਦੇਖਣਾ ਚਾਹੀਦਾ ਹੈ ਜਿਨ੍ਹਾਂ ਦਾ ਬਲਾਤਕਾਰ ਹੋ ਰਿਹਾ ਹੈ। ਉਨ੍ਹਾਂ ਦੇ ਖਿਲਾਫ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਲਗਾਤਾਰ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ। ਜਿਸ ਲਈ ਮੰਤਰੀ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ, ਜਦੋਂ ਕਿ ਉੱਧਰ ਦੂਜੇ ਪਾਸੇ ਮਮਤਾ ਆਸ਼ੂ ਨੇ ਕਿਹਾ ਕਿ ਚੂੜੀਆਂ ਸੁੱਟਣਾ ਮਹਿਲਾ ਦੀ ਆਤਮ ਸਨਮਾਨ ਨੂੰ ਢਾਹ ਲਾਉਣਾ ਹੈ ਜੋ ਕਿਸੇ ਵੀ ਸੂਰਤ ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਭਾਜਪਾ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੀ ਹੈ। ਬਿਨਾਂ ਕਿਸੇ ਮੈਮੋਰੰਡਮ ਧਰਨਾ ਦੇਣ ਲਈ ਪਹੁੰਚ ਗਏ ਨੇ ਇਨ੍ਹਾਂ ਨੂੰ ਖੁਦ ਹੀ ਨਹੀਂ ਪਤਾ ਕਿ ਧਰਨਾ ਕਿਉਂ ਦੇ ਰਹੇ ਹਨ।