ਦੀਦਾਰ ਗੁਰਨਾ
- ਕਾਂਗਰਸੀ ਅਤੇ ਅਕਾਲੀ ਖੇਤੀ ਕਾਨੂੰਨਾ ਦੀ ਆੜ ਵਿਚ ਪੰਜਾਬ ਦਾ ਮਾਹੋਲ ਖਰਾਬ ਕਰ ਰਹੇ ਹਨ- ਗਰਗ, ਮਿੱਤਲ
ਫਤਿਹਗੜ੍ਹ ਸਾਹਿਬ, 8 ਅਪ੍ਰੈਲ 2021 - ਮਹਿਲਾ ਮੋਰਚਾ ਭਾਜਪਾ ਵੱਲੋਂ ਜਿਲਾ ਪ੍ਰਧਾਨ ਲਕਸ਼ਮੀ ਮਿੱਤਲ ਦੀ ਅਗਵਾਈ ਵਿਚ ਪੰਜਾਬ ਦੀ ਕਾਨੂੰਨ ਵਿਵਸ਼ਥਾ ਫ਼ੇਲ੍ਹ ਹੋਣ ਤੇ ਕਾਂਗਰਸੀ ਵਿਧਾਇਕਾ ਨੂੰ ਚੂੜੀਆਂ ਦੇਣ ਦਾ ਪ੍ਰੋਗਰਾਮ ਸੀ, ਪਰ ਜ਼ਿਲ੍ਹਾ ਪ੍ਰਬੰਧਕੀ ਕੰਪਲੇਕਸ ਅੱਗੇ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਭਾਜਪਾ ਨੇਤਾਵਾ ਦੇ ਵਿਰੋਧ ਵਿਚ ਕਿਸਾਨ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ ਵਰਕਰ ਪਹੁੰਚਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖਿਲਾਫ ਨਾਅਰੇਬਾਜੀ ਕਰਨ ਲੱਗ ਪਏ। ਐਸ. ਡੀ. ਐੱਮ. ਡਾ. ਸੰਜੀਵ ਕੁਮਾਰ, ਡੀ. ਐਸ. ਪੀ. ਮਨਜੀਤ ਸਿੰਘ, ਥਾਣਾ ਸਰਹਿੰਦ ਦੇ ਐਸ. ਐਚ. ਓ. ਇੰਸਪੈਕਟਰ ਜੀ. ਐਸ. ਸਿਕੰਦ ਅਤੇ ਥਾਣਾ ਫਤਿਹਗੜ ਸਾਹਿਬ ਦੇ ਐਸ. ਐੱਚ. ਓ. ਇੰਸਪੈਕਟਰ ਰਜਨੀਸ਼ ਸੂਦ ਨੇ ਪੁਲਸ ਪਾਰਟੀ ਸਮੇਤ ਮੌਕੇ ਪਹੁੰਚਕੇ ਮਾਹੌਲ ਨੂੰ ਸ਼ਾਤ ਕੀਤਾ।
ਅੱਜ ਸਵੇਰੇ ਜਦੋਂ ਭਾਜਪਾ ਵਰਕਰ ਜ਼ਿਲ੍ਹਾ ਮਹਿਲਾ ਮੋਰਚਾ ਦੀ ਪ੍ਰਧਾਨ ਲਕਸ਼ਮੀ ਮਿੱਤਲ, ਜਿਲਾ ਭਾਜਪਾ ਦੇ ਪ੍ਰਧਾਨ ਪ੍ਰਦੀਪ ਗਰਗ, ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਵਿਚ ਕੈਪਟਨ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਹੋਏ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੇ ਦਫਤਰ ਵੱਲ ਜਾਣ ਲੱਗੇ ਤਾਂ ਉਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਐਡਵੋਕੇਟ ਰਾਜਵੀਰ ਸਿੰਘ ਗਰੇਵਾਲ, ਐਡਵੋਕੇਟ ਇੰਦਰਜੀਤ ਸਿੰਘ ਸਾਉ, ਕਾਂਗਰਸੀ ਆਗੂ ਬਹਾਦਰ ਸਿੰਘ ਸਾਨੀਪੁਰ ਬਲਾਕ ਸੰਮਤੀ ਮੈਂਬਰ, ਅਮਰਿੰਦਰ ਸਿੰਘ ਸਰਪੰਚ ਪਿੰਡ ਖੋਜੇਮਾਜਰਾ, ਕਿਸਾਨ ਆਗੂ ਨਿਰਮਲ ਸਿੰਘ ਰਿਉਣਾ ਅਤੇ ਸੁਰਿੰਦਰ ਸਿੰਘ ਧਤੋਦਾ ਸਮੇਤ ਸੈਕੜੇ ਲੋਕਾ ਨੇ ਭਾਜਪਾ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ।
ਜਿਸ ਕਰਕੇ ਸਥਿਤੀ ਇੰਨੀ ਤਣਾਪੂਰਨ ਹੋ ਗਈ ਕਿ ਭਾਜਪਾ ਆਗੂਆ ਅਤੇ ਵਿਰੋਧ ਕਰ ਰਹੇ ਆਗੂਆ ਵਿਚਕਾਰ ਇਕ ਦੁਸਰੇ ਖਿਲਾਫ ਨਾਅਰੇਬਾਜੀ ਸ਼ੁਰੂ ਹੋ ਗਈ, ਜੇਕਰ ਪੁਲਸ ਵਿਚ ਬਚਾਉ ਨਾ ਕਰਦੀ ਤਾਂ ਮਾਹੋਲ ਹੋਰ ਵੀ ਵਧੇਰੇ ਖਰਾਬ ਹੋ ਸਕਦਾ ਸੀ। ਪੁਲਸ ਨੇ ਸਥਿਤੀ ਨੂੰ ਦੇਖਦੇ ਹੋਏ ਭਾਜਪਾ ਨੇਤਾਵਾ ਨੂੰ ਜਿਲਾ ਪ੍ਰਬੰਧਕੀ ਕੰਪਲੇਕਸ ਵਿਚ ਲੇ ਗਈ, ਜਦਕਿ ਭਾਜਪਾ ਮਹਿਲਾ ਮੋਰਚਾ ਦੀਆਂ ਵਰਕਰਾ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੇਕਸ ਦੇ ਗੇਟ ਕੋਲ ਰੋਕ ਲਿਆ ਗਿਆ ਅਤੇ ਉਸ ਸਮੇਂ ਭਾਜਪਾ ਆਗੂਆ ਅਤੇ ਪੁਲਸ ਵਿਚਕਾਰ ਹਲਕੀ ਧੱਕਾ-ਮੁੱਕੀ ਵੀ ਹੋਈ। ਕੁਝ ਦੇਰ ਬਾਦ ਪੁਲਸ ਨੇ ਭਾਜਪਾ ਆਗੂਆ ਨੂੰ ਐਸ. ਐਸ. ਪੀ. ਵਾਲੇ ਗੇਟ ਤੋਂ ਬਾਹਰ ਕੱਢਿਆ ਅਤੇ ਵਾਪਸ ਭੇਜ ਦਿੱਤਾ। ਉਸੇ ਸਮੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਸਾਥੀਆਂ ਸਮੇਤ ਡੀ. ਸੀ. ਦਫਤਰ ਤੋਂ ਸੜਕ ਤੇ ਆ ਗਏ ਅਤੇ ਭਾਜਪਾ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ।
ਕੀ ਕਹਿੰਦੇ ਹਨ ਭਾਜਪਾ ਵਾਲੇ
ਜਿਲਾ ਭਾਜਪਾ ਦੇ ਪ੍ਰਧਾਨ ਪ੍ਰਦੀਪ ਗਰਗ, ਜਿਲਾ ਮਹਿਲਾ ਮੋਰਚਾ ਦੀ ਪ੍ਰਧਾਨ ਲਕਸ਼ਮੀ ਮਿੱਤਲ ਅਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਦੋਸ਼ ਲਗਾਇਆ ਕਿ ਅਕਾਲੀ ਅਤੇ ਕਾਂਗਰਸੀਆਂ ਵੱਲੋਂ ਪੁਲਸ ਤੇ ਪ੍ਰਸ਼ਾਸ਼ਨ ਦੀ ਸ਼ਹਿ ਤੇ ਭਾਜਪਾ ਦਾ ਵਿਰੋਧ ਕੀਤਾ ਹੈ। ਉਨਾ ਕਿਹਾ ਕਿ 3 ਖੇਤੀ ਕਾਨੂੰ ਕਿਸਾਨਾ ਦੇ ਹੱਕ ਵਿਚ ਹਨ, ਪਰ ਅਕਾਲੀ, ਕਾਂਗਰਸ ਅਤੇ ਆਪ ਪਾਰਟੀ ਵਾਲੇ ਖੇਤੀ ਕਾਨੂੰਨਾ ਤੇ ਵੋਟਾ ਕਰਕੇ ਰਾਜਨੀਤੀ ਕਰ ਰਹੇ ਹਨ। ਜਿਸ ਨਾਲ ਪੰਜਾਬ ਦਾ ਮਾਹੋਲ ਖਰਾਬ ਹੋ ਰਿਹਾ ਹੈ।
ਉਹਨਾਂ ਕਿਹਾ ਕਿ ਪੰਜਾਬ ਵਿਚ ਲੁੱਟਾ-ਖੋਹਾ ਹੋ ਰਹੀਆਂ ਹਨ, ਮਾਸੂਮ ਬੱਚੀਆਂ ਨਾਲ ਬਲਾਤਕਾਰ ਹੋ ਰਹੇ ਹਨ, ਸ਼ਰਾਬ ਮਾਫੀਆ ਅਤੇ ਰੇਤ ਮਾਫੀਆਂ ਸਰਗਰਮ ਹੈ, ਲੋਕ ਇਨਸਾਫ ਲਈ ਸਰਕਾਰੀ ਦਫਤਰਾ ਦੇ ਚੱਕਰ ਲਗਾ ਰਹੇ ਹਨ, ਪੁਲਸ ਥਾਣੇ ਕਾਂਗਰਸੀ ਚਲਾ ਰਹੇ ਹਨ, ਜੇਕਰ ਕੋਈ ਵਿਅਕਤੀ ਸਰਕਾਰ ਜਾਂ ਪ੍ਰਸ਼ਾਸ਼ਨ ਦੀ ਨਾਕਾਮੀ ਉਜਾਗਰ ਕਰਦਾ ਹੈ ਤਾਂ ਉਸਦੇ ਖਿਲਾਫ ਸਰਕਾਰੀ ਅਧਿਕਾਰੀਆਂ ਦੀ ਡਿਉਟੀ ਵਿਚ ਰੁਕਾਵਟ ਪਾਉਣ ਦਾ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ।
ਕੈਪਟਨ ਸਰਕਾਰ ਹਰੇਕ ਫਰੰਟ ਤੇ ਫੇਲ ਸਾਬਤ ਹੋਈ ਹੈ, ਇਸ ਲਈ ਭਾਜਪਾ ਮਹਿਲਾ ਮੋਰਚਾ ਵੱਲੋਂ ਅੱਜ ਕਾਂਗਰਸੀ ਵਿਧਾਇਕਾ ਨੂੰ ਚੂੜੀਆ ਦੇਣ ਦਾ ਪ੍ਰੋਗਾਰਮ ਸੀ, ਜਿਸਨੂੰ ਅੱਜ ਕਾਂਗਰਸੀ ਅਤੇ ਅਕਾਲੀ ਦਲ ਦੇ ਵਰਕਰਾ ਵੱਲੋਂ ਭਾਜਪਾ ਵਰਕਰਾ ਦਾ ਵਿਰੋਧ ਕਰਕੇ ਖਰਾਬ ਕੀਤਾ ਗਿਆ। ਇਸ ਮੌਕੇ ਦੇਵੀ ਦਿਆਲ ਪ੍ਰਾਸ਼ਰ, ਰਾਕੇਸ਼ ਗਰਗ, ਵਿਨੈ ਗੁਪਤਾ, ਅੰਕੂਰ ਸ਼ਰਮਾ ਪ੍ਰਧਾਨ ਸਰਹਿੰਦ ਮੰਡਲ, ਯੋਗੇਸ਼ ਰਤਨ ਜਨਰਲ ਸਕੱਤਰ ਸਰਹਿੰਦ, ਸੀਮਾ ਧੀਰ, ਮੰਡੀ ਗੋਬਿੰਦਗੜ ਮੰਡਲ ਦੀ ਪ੍ਰਧਾਨ ਮੀਨਲ ਗੁਪਤਾ, ਸਰਹਿੰਦ ਮੰਡਲ ਦੀ ਪ੍ਰਧਾਨ ਕੁਲਵੰਤ ਕੌਰ, ਬਸੀ ਪਠਾਣਾ ਦੀ ਪ੍ਰਧਾਨ ਨੀਲਮ ਪਾਠਕ, ਸੁਖਵਿੰਦਰ ਸਿੰਘ ਸੁੱਖੀ, ਐਮ.ਪੀ. ਗੁਪਤਾ ਅਤੇ ਹੋਰ ਭਾਜਪਾ ਵਰਕਰ ਹਾਜਰ ਸਨ।
ਇਸ ਮੌਕੇ ਅਕਾਲੀ ਆਗੂ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਅਤੇ ਕਿਸਾਨ ਆਗੂ ਨਿਰਮਲ ਸਿੰਘ ਰਿਉਣਾ ਨੇ ਵੱਖ ਵੱਖ ਤੋਰ ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਜਦੋਂ ਤੱਕ 3 ਖੇਤੀ ਕਾਨੂੰਨ ਰੱਦ ਨਹੀ ਕੀਤੇ ਜਾਂਦੇ ਉਦੋ ਤੱਕ ਭਾਜਪਾ ਦਾ ਵਿਰੋਧ ਜਾਰੀ ਰਹੇਗਾ। ਉਨਾ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇਸ਼ ਦੇ ਅੰਨਦਾਤਾ ਨੂੰ ਆਰਥਿਕ ਤੋਰ ਤੇ ਕਮਜੋਰ ਕਰਨ ਲਈ 3 ਕਾਲੇ ਕਾਨੂੰਨ ਲੇ ਕੇ ਆਈ ਹੈ ਜਿਸਦਾ ਪੁਰੀ ਦੁਨੀਆ ਵਿਰੋਧ ਕਰ ਰਹੀ ਹੈ।
ਕਾਂਗਰਸੀ ਆਗੂ ਬਹਾਦਰ ਸਿੰਘ ਸਾਨੀਪੁਰ ਬਲਾਕ ਸੰਮਤੀ ਮੈਂਬਰ ਅਤੇ ਅਮਰਿੰਦਰ ਸਿੰਘ ਸਰਪੰਚ ਪਿੰਡ ਖੋਜੇਮਾਜਰਾ ਨੇ ਕਿਹਾ ਕਿ ਉਹ ਫਤਿਹਗੜ੍ਹ ਸਾਹਿਬ ਕਚਿਹਰੀ ਵਿਚ ਗਏ ਸਨ ਅਤੇ ਜਦੋਂ ਭਾਜਪਾ ਵਾਲੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੇ ਦਫਤਰ ਵੱਲ ਵੱਧਣ ਲੱਗੇ ਤਾਂ ਉਨਾ ਨੇ ਭਾਜਪਾ ਦਾ ਵਿਰੋਧ ਕੀਤਾ।