ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 9 ਅਪ੍ਰੈਲ 2021 - ਗੁਰੂ ਦੀ ਨਗਰੀ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਵਾਟਾਂਵਾਲੀ ਵਿਚ ਚਾਰ ਪੰਜ ਮਹੀਨੇ ਪਹਿਲਾਂ ਸੀਵਰੇਜ ਪਾਇਆ ਗਿਆ ਅਤੇ ਇੰਟਰਲੌਕ ਟਾਇਲ ਲਗਾਈ ਗਈ ਸੀ। ਇਸ ਕੰਮ ਲਈ ਗਰਾਂਟ ਹਲਕੇ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਜਾਰੀ ਕਰਵਾਈ ਗਈ ਸੀ ਜਿਸ ਲਈ ਲੋਕ ਉਨ੍ਹਾਂ ਦੇ ਧੰਨਵਾਦੀ ਹਨ ਪਰ ਵੱਡੇ ਦੁੱਖ ਦੀ ਗੱਲ ਇਹ ਹੈ ਕਿ ਪਾਇਆ ਗਿਆ ਇਹ ਸੀਵਰੇਜ ਅਤੇ ਲਗਾਈ ਗਈ ਇੰਟਰਲੌਕ ਟਾਇਲ ਚਾਰ ਪੰਜ ਮਹੀਨਿਆਂ ਵਿਚ ਹੀ ਖੱਖੜੀਆਂ ਵਾਂਗ ਖਿੱਲਰ ਗਈ ਹੈ।
ਇਸ ਨੂੰ ਦੇਖ ਕੇ ਇੰਝ ਲੱਗਦਾ ਹੀ ਨਹੀਂ ਕਿ ਇਹ ਵਿਕਾਸ ਕਾਰਜ ਚਾਰ ਪੰਜ ਮਹੀਨੇ ਪਹਿਲਾਂ ਹੀ ਕਰਵਾਏ ਗਏ ਹਨ ਬਲਕਿ ਇੰਝ ਲੱਗਦਾ ਹੈ ਕਿ ਇਹ ਕੰਮ 30-35 ਸਾਲ ਪਹਿਲਾਂ ਹੋਇਆ ਹੋਵੇਗਾ। ਹਾਲਾਤ ਇਹ ਹਨ ਕਿ ਪਿੰਡ ਦੀ ਫਿਰਨੀ ਉਤੋਂ ਲੋਕਾਂ ਲਈ ਲੰਘਣਾ ਵੀ ਮੁਸ਼ਕਿਲ ਹੋਇਆ ਪਿਆ ਹੈ ਅਤੇ ਥਾਂ-ਥਾਂ 'ਤੇ ਪਏ ਟੋਏ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਫਿਰਨੀ 'ਤੇ ਵੱਸਦੇ ਲੋਕਾਂ ਨੇ ਦੱਸਿਆ ਕਿ ਬੀਤੇ ਦਿਨੀਂ ਸੀਵਰੇਜ ਦੇ ਇਸ ਟੋਏ ਵਿੱਚ ਇਕ ਘੜੁੱਕਾ ਵੀ ਡਿੱਗ ਚੁੱਕਾ ਹੈ ਜੋ ਪਲਟਣ ਤੋਂ ਮੁਸ਼ਕਿਲ ਨਾਲ ਬਚਿਆ ਸੀ। ਇਹੀ ਹਾਲ ਪਿੰਡ ਦੀ ਇੰਟਰਲੌਕ ਵਾਲੀ ਫਿਰਨੀ ਦਾ ਵੀ ਹੈ।
ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਇਸ ਗੱਲ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਕਿ ਆਖਰਕਾਰ ਚਾਰ ਪੰਜ ਮਹੀਨਿਆਂ ਵਿਚ ਹੀ ਕਿਉਂ ਖੱਖੜੀਆਂ ਵਾਂਗ ਖਿੱਲਰ ਗਏ ਹਨ ਇਹ ਵਿਕਾਸ ਕਾਰਜ ? ਉਨ੍ਹਾਂ ਕਿਹਾ ਕਿ ਇਸ ਕੰਮ ਦੌਰਾਨ ਹੱਦ ਦਰਜੇ ਘਟੀਆ ਮਟੀਰੀਅਲ ਵਰਤਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਘਟੀਆ ਕੰਮ ਲਈ... ਕੰਮ ਕਰਨ ਵਾਲੇ ਜਿੰਮੇਵਾਰ ਹਨ ਜਾਂ ਕਰਵਾਉਣ ਵਾਲੇ !!!