- ਮਾਪੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਤੋਂ ਖੁਸ਼ ਹੋ ਬੱਚਿਆਂ ਨੂੰ ਦਾਖ਼ਲ ਕਰਵਾਉਣ ਲੱਗੇ
- ਸਿੱਖਿਆ ਵਿਭਾਗ ਦੇ ਅਧਿਆਪਕਾਂ ਵੱਲੋਂ ਨੁੱਕੜ ਨਾਟਕਾਂ ਨਾਲ ਸਰਕਾਰੀ ਸਕੂਲਾਂ ਦਾ ਬੇਹਤਰੀਨ ਅਕਸ ਪੇਸ਼ ਕਰਨਾ ਸ਼ਲਾਘਾਯੋਗ – ਸਿੱਖਿਆ ਸਕੱਤਰ
ਐਸ.ਏ.ਐਸ. ਨਗਰ 9 ਅਪ੍ਰੈਲ 2021 - ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਵਿਭਾਗ ਵੱਲੋਂ ਚਲਾਈ ਜਾ ਰਹੀ ਦਾਖ਼ਲਾ ਮੁਹਿੰਮ 'ਈਚ ਵਨ-ਬਰਿੰਗ ਵਨ' ਨੂੰ ਐਨਰੋਲਮੈਂਟ ਬੂਸਟਰ ਟੀਮਾਂ ਰਾਹੀਂ ਆਸ-ਪਾਸ ਪਿੰਡਾਂ ਅਤੇ ਸ਼ਹਿਰਾਂ ਵਿੱਚ ਪ੍ਰਦਰਸ਼ਿਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਵਿਭਾਗ ਵੱਲੋਂ ਦਾਖਲਾ ਮੁਹਿੰਮ ਨੂੰ ਪ੍ਰਭਾਵੀ ਬਨਾਉਣ ਲਈ ਨਿਰੰਤਰ ਸੁਹਿਰਦ ਉਪਰਾਲੇ ਅਤੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਵੱਖ-ਵੱਖ ਜ਼ਿਲਿ੍ਹਆਂ ਦੇ ਸਿੱਖਿਆ ਅਧਿਕਾਰੀਆਂ, ਸਕੂਲ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਦੇ ਨਾਲ ਆਨਲਾਈਨ ਮੀਟਿੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦਾ ਸੁਧਾਰ ਹੋਇਆ ਹੈ ਅਤੇ ਬੱਚਿਆਂ ਨੂੰ ਸਕੂਲਾਂ ਵਿੱਚ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ। ਸਕੂਲ ਮੁਖੀਆਂ ਦੀ ਅਗਵਾਈ ਸਦਕਾ ਅਧਿਆਪਕ ਵਿਦਿਆਰਥੀਆਂ ਦੇ ਕੌਸ਼ਲਾਂ ਅਤੇ ਕੁਸ਼ਲਤਾਵਾਂ ਨੂੰ ਪ੍ਰਫੁੱਲਤ ਕਰਕੇ ਸ਼ਾਨਦਾਰ ਨਤੀਜੇ ਪ੍ਰਾਪਤ ਕਰ ਰਹੇ ਹਨ। ਇਹਨਾਂ ਨਤੀਜਿਆਂ ਨੂੰ ਆਮ ਜਨਤਾ ਤੱਕ ਪਹੁੰਚਾਉਣ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ ਨਿਵੇਕਲੀ ਵਿਉਂਤਬੰਦੀ ਕਰਨ ਦੀ ਲੋੜ ਹੈ।
ਸਿੱਖਿਆ ਸਕੱਤਰ ਨੇ ਮੀਟਿੰਗ ਵਿੱਚ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਅਤੇ ਅਣਥੱਕ ਯਤਨਾਂ ਨਾਲ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਹੈ ਅਤੇ ਮਾਪਿਆਂ ਸਾਹਮਣੇ ਸਰਕਾਰੀ ਸਕੂਲਾਂ ਦਾ ਅਕਸ ਬਹੁਤ ਵਧੀਆ ਬਣਿਆ ਹੈ। ਜਿਸ ਦਾ ਨਤੀਜਾ ਇਹ ਆ ਰਿਹਾ ਹੈ ਕਿ ਮੌਜੂਦਾ ਦਾਖਲਿਆਂ ਵਿੱਚ ਨਿਜੀ ਸਕੂਲਾਂ ਤੋਂ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਲੈਣ ਆ ਰਹੇ ਹਨ। ਅਧਿਆਪਕਾਂ ਵੱਲੋਂ ਦਾਖ਼ਲਾ ਮੁਹਿੰਮ ਤਹਿਤ ਘਰ-ਘਰ ਪਹੁੰਚ ਕਰਕੇ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਜਾ ਰਿਹਾ ਹੈ। ਅਧਿਆਪਕਾਂ ਵੱਲੋਂ ਮਾਪਿਆਂ ਨਾਲ ਕਿਸੇ ਕਿਸਮ ਦੀ ਜ਼ਬਰਦਸਤੀ ਨਹੀਂ ਕੀਤੀ ਜਾ ਰਹੀ ਸਗੋਂ ਸਕੂਲ ਮੁਖੀ ਅਤੇ ਅਧਿਆਪਕ ਜੋ ਵੀ ਗੱਲਾਂ ਕਰਦੇ ਹਨ ਉਸ ਨੂੰ ਮਾਪੇ ਸਕੂਲ ਵਿੱਚ 'ਸਕੂਲ ਦਰਸ਼ਨ' ਪ੍ਰੋਗਰਾਮ ਤਹਿਤ ਆ ਕੇ ਪ੍ਰਤੱਖ ਦੇਖ ਰਹੇ ਹਨ।
ਸਿੱਖਿਆ ਸਕੱਤਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਜਿਵੇਂ ਕਿ ਸਮਾਰਟ ਕਲਾਸਰੂਮ, ਮਾਪਿਆਂ ਦੀ ਮੰਗ ਅਨੁਸਾਰ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਈ, ਆਨਲਾਈਨ ਪੜ੍ਹਾਈ ਦੀ ਸੁਵਿਧਾ, ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵੱਖ-ਵੱਖ ਕਲੱਬਾਂ ਦੀ ਹੋਂਦ ਜਿਵੇਂ ਕਿ ਇੰਗਲਿਸ਼ ਬੂਸ਼ਟਰ ਕਲੱਬ, ਈਕੋ ਕਲੱਬ, ਸਾਹਿਤਕ ਕਲੱਬ, ਸਰਕਾਰੀ ਸਕੂਲਾਂ ਦੀਆਂ ਸੁੰਦਰ ਅਤੇ ਰੰਗਦਾਰ ਇਮਾਰਤਾਂ, ਆਦਿ ਨਾਲ ਬੱਚੇ ਅਤੇ ਮਾਪੇ ਬਹੁਤ ਜਿਆਦਾ ਪ੍ਰਭਾਵਿਤ ਹੋ ਰਹੇ ਹਨ। ਸਿੱਖਿਆ ਸਕੱਤਰ ਨੇ ਮੀਟਿੰਗ ਵਿੱਚ ਕਿਹਾ ਕਿ ਵਿਦਿਆਰਥੀਆਂ ਦੀ ਗਿਣਤੀ ਵਧਣ ਨਾਲ ਸਕੂਲਾਂ ਵਿੱਚ ਅਧਿਆਪਕਾਂ ਦੀ ਮੰਗ ਵਧ ਰਹੀ ਸੀ ਜਿਸ ਕਾਰਨ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ। ਬਹੁਤ ਸਾਰੇ ਅਧਿਆਪਕ ਨਵਾਂ ਸ਼ੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿਖਲਾਈ ਲੈ ਚੁੱਕੇ ਹਨ ਅਤੇ ਇਸਤੋਂ ਇਲਾਵਾ ਬਹੁਤ ਸਾਰੇ ਅਧਿਆਪਕਾਂ ਦੀ ਭਰਤੀ ਜਲਦ ਹੀ ਕੀਤੀ ਜਾਣ ਵਾਲੀ ਹੈ।
ਇਸ ਮੌਕੇ ਸਕੂਲ ਮੁਖੀਆਂ ਵੱਲੋਂ ਕੀਤੇ ਜਾ ਰਹੇ ਦਾਖ਼ਲਾ ਮੁਹਿੰਮ ਤਹਿਤ ਨੁੱਕੜ ਨਾਟਕਾਂ ਬਾਰੇ ਵੀ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਅਧਿਆਪਕ ਇੱਕ ਹੁਨਰਮੰਦ ਕਲਾਕਾਰ ਦੇ ਰੂਪ ਵਿੱਚ ਵੀ ਆਪਣੀ ਪਛਾਣ ਬਣਾਉਣ ਵਿੱਚ ਕਾਮਯਾਬ ਹੋ ਰਿਹਾ ਹੈ। ਆਮ ਲੋਕਾਂ ਤੱਕ ਜਿੱਥੇ ਬੱਚਿਆਂ ਨੂੰ ਪੜ੍ਹਣ ਲਈ ਜਾਗਰੂਕ ਕਰ ਰਹੇ ਹਨ, ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਦੀ ਮਹੱਤਤਾ ਸਮਝਾ ਰਹੇ ਹਨ ਉੱਥੇ ਨਾਲ ਹੀ ਕੋਰੋਨਾ ਵਰਗੀ ਬਿਮਾਰੀ ਤੋਂ ਬਚਾਅ ਲਈ ਸਾਵਧਾਨੀਆਂ ਬਾਰੇ ਵੀ ਜਾਗਰੂਕ ਕਰ ਰਹੇ ਹਨ। ਇਸ ਆਨਲਾਈਨ ਮੀਟਿੰਗ ਵਿੱਚ ਸਲਿੰਦਰ ਸਿੰਘ ਸਹਾਇਕ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ, ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ-ਕਮ-ਸਟੇਟ ਕੋਆਰਡੀਨੇਟਰ ਐਨਰੋਲਮੈਂਟ ਬੂਸਟਰ ਟੀਮ ਪੰਜਾਬ, ਸਬੰਧਿਤ ਜ਼ਿਲਿ੍ਹਆਂ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ, ਪ੍ਰਿੰਸੀਪਲ ਡਾਇਟ, ਬਲਾਕ ਨੋਡਲ ਅਫ਼ਸਰ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।