ਅਮਰੀਕਾ : ਟੈਕਸਾਸ 'ਚ ਹੋਈ ਗੋਲੀਬਾਰੀ , 1 ਦੀ ਮੌਤ, 4 ਗੰਭੀਰ ਜ਼ਖਮੀ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 10 ਅਪ੍ਰੈਲ 2021
ਅਮਰੀਕੀ ਸੂਬੇ ਟੈਕਸਾਸ ਵਿੱਚ ਬ੍ਰਾਇਨ ਸ਼ਹਿਰ ਵਿੱਚ ਕੈਬਨਿਟ ਬਣਾਉਣ ਵਾਲੀ ਕੰਪਨੀ ਵਿੱਚ ਹੋਈ ਗੋਲੀਬਾਰੀ ਦੌਰਾਨ ਘੱਟੋ ਘੱਟ ਛੇ ਵਿਅਕਤੀਆਂ ਨੂੰ ਗੋਲੀ ਲੱਗੀ। ਇਸਦੇ ਨਾਲ ਹੀ ਹਮਲੇ ਦੇ ਸ਼ੱਕੀ ਵਿਅਕਤੀ ਨੂੰ ਫੜਨ ਦੌਰਾਨ ਵਿਭਾਗ ਦੇ ਪਬਲਿਕ ਸੇਫਟੀ ਅਧਿਕਾਰੀ ਨੂੰ ਵੀ ਗੋਲੀ ਲੱਗੀ। ਬ੍ਰਾਇਨ ਪੁਲਿਸ ਵਿਭਾਗ ਦੇ ਮੁਖੀ ਏਰਿਕ ਬੁਸਕੇ ਨੇ ਦੱਸਿਆ ਕਿ ਕੈਂਟ ਮੂਰ ਕੈਬਨਿਟ ਕੰਪਨੀ ਵਿੱਚ ਹੋਈ ਗੋਲੀਬਾਰੀ ਵਿੱਚ ਚਾਰ ਲੋਕ ਗੰਭੀਰ ਜ਼ਖਮੀ ਹੋਏ ,ਜਿਹਨਾਂ ਨੂੰ ਸੇਂਟ ਜੋਸਫ ਖੇਤਰੀ ਹਸਪਤਾਲ ਲਿਜਾਇਆ ਗਿਆ। ਇੱਕ ਹੋਰ ਵਿਅਕਤੀ ਨੂੰ ਗੋਲੀ ਲੱਗਣ ਕਾਰਨ , ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਇਸਦੇ ਇਲਾਵਾ ਗੋਲੀਬਾਰੀ ਦੇ ਪੀੜ੍ਹਤ ਇੱਕ ਵਿਅਕਤੀ ਨੂੰ ਘਟਨਾ ਵਾਲੀ ਥਾਂ 'ਤੇ ਮ੍ਰਿਤਕ ਐਲਾਨ ਕੀਤਾ ਗਿਆ। ਇਸ ਗੋਲੀਬਾਰੀ ਦੇ ਸੰਬੰਧ ਵਿੱਚ ਪੁਲਿਸ ਨੇ ਟੈਕਸਾਸ ਦੇ ਆਇਓਲਾ ਨਾਲ ਸੰਬੰਧਿਤ 27 ਸਾਲਾ ਲੈਰੀ ਬੋਲਿਨ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਉੱਤੇ ਕਤਲ ਦਾ ਇਲਜ਼ਾਮ ਲਗਾਇਆ। ਜੇਲ ਦੇ ਰਿਕਾਰਡ ਅਨੁਸਾਰ ਉਸ ਨੂੰ 10 ਲੱਖ ਡਾਲਰ ਦੇ ਬਾਂਡ ‘ਤੇ ਰੱਖਿਆ ਗਿਆ ਹੈ। ਇਹ ਦੋਸ਼ੀ ਵਿਅਕਤੀ ਬੋਲਿਨ ਕੈਂਟ ਮੂਰ ਕੈਬਿਨੇਟਸ ਦਾ ਹੀ ਇੱਕ ਕਰਮਚਾਰੀ ਹੈ। ਪੁਲਿਸ ਅਨੁਸਾਰ ਹਮਲਾਵਰ ਘਟਨਾ ਸਥਾਨ ਤੋਂ ਭੱਜ ਗਿਆ ਸੀ , ਜਿਸਨੂੰ ਬਾਅਦ ਵਿੱਚ ਗਰਿਮਜ਼ ਕਾਉਂਟੀ ਵਿੱਚੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਇਸ ਘਟਨਾ ਨਾਲ ਸੰਬੰਧਿਤ ਇੱਕ ਹੋਰ ਵਿਅਕਤੀ ਨੂੰ ਦਮੇ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਕੰਪਨੀ ਦੇ ਕਰਮਚਾਰੀਆਂ ਨੇ ਦੱਸਿਆ ਸ਼ੱਕੀ ਵਿਅਕਤੀ ਨੇ ਵੱਡੇ ਗੁਦਾਮ ਵਿੱਚ ਗੋਲੀਬਾਰੀ ਕਰਨ ਤੋਂ ਪਹਿਲਾਂ ਕੁੱਝ ਨਹੀਂ ਕਿਹਾ।ਇਸ ਘਟਨਾ ਸੰਬੰਧੀ ਟੈਕਸਾਸ ਦੇ ਗਵਰਨਰ ਗ੍ਰੈਗ ਐਬੋਟ ਅਨੁਸਾਰ ਗੋਲੀਬਾਰੀ ਦੀ ਜਾਂਚ ਲਈ ਟੈਕਸਾਸ ਦੇ ਜਨਤਕ ਸੁਰੱਖਿਆ ਵਿਭਾਗ ਅਤੇ ਟੈਕਸਾਸ ਰੇਂਜਰਾਂ ਦੇ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ।