ਆਮ ਆਦਮੀ ਪਾਰਟੀ ਦੀ ਸਫਲਤਾ ਤੋਂ ਘਬਰਾ ਕੇ ਕੈਪਟਨ ਸਰਕਾਰ ਲੈ ਰਹੀ ਹੈ ਕਰੋਨਾ ਦਾ ਸਹਾਰਾ
ਮਾਨਸਾ, 10 ਅਪ੍ਰੈਲ 2021-ਮਹਿੰਗੀ ਬਿਜਲੀ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਪਿੰਡ-ਪਿੰਡ, ਵਾਰਡ-ਵਾਰਡ ਵਿੱਚ ਲੋਕ ਚੇਤਨਾ ਜਨ ਸਭਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿੰਨਾਂ ਵਿੱਚ ਪੰਜਾਬ ਦੇ ਲੋਕਾਂ ਦੇ ਮਿਲ ਰਹੇ ਭਾਰੀ ਸਹਿਯੋਗ ਨੂੰ ਵੇਖਦੇ ਹੋਏ ਕੈਪਟਨ ਸਰਕਾਰ ਨੇ ਰਾਜਨੀਤਿਕ ਗਤੀਵਿਧੀਆਂ ਅਤੇ ਜਨ ਸਭਾਵਾਂ ਤੇ ਕੋਰੋਨਾ ਦਾ ਬਹਾਨਾ ਲਾ ਕੇ ਰੋਕ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਆਗੂ ਪਿ੍ਰੰਸੀਪਲ ਬੁੱਧ ਰਾਮ ਨੇ ਕਿਹਾ ਕਿ ਕੈਪਟਨ ਨੇ ਵੱਡੇ-ਵੱਡੇ ਝੂਠ ਬੋਲਕੇ ਸਰਕਾਰ ਬਣਾਈ ਸੀ ਤੇ ਅੱਜ ਲੋਕ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਦਾ ਜਵਾਬ ਮੰਗ ਰਹੇ ਹਨ। ਸਰਕਾਰ ਦੇ ਸਾਰੇ ਵਾਅਦੇ ਵਫ਼ਾ ਨਹੀਂ ਹੋਏ ਤੇ ਆਮ ਲੋਕਾਂ ਦਾ ਕਚੂੰਬਰ ਕੱਢਿਆ ਜਾ ਰਿਹਾ ਹੈ। ਬਿਜਲੀ ਦੇ ਆ ਰਹੇ ਵੱਡੇ-ਵੱਡੇ ਬਿੱਲਾਂ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਸੂਬਾ ਵਿਆਪੀ ਮੁਹਿੰਮ ਸ਼ੁਰੂ ਕੀਤੀ ਹੈ ਕਿ ਬਿਜਲੀ ਦੇ ਸਮਝੌਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਰੱਦ ਕੀਤੇ ਜਾਣਗੇ ਅਤੇ ਆਮ ਲੋਕਾਂ ਦੇ ਬਿਲ ਦਿੱਲੀ ਦੀ ਤਰਜ ’ਤੇ ਜੀਰੋ ਆਉਣਗੇ ਅਤੇ ਯੂਨਿਟ ਦਾ ਰੇਟ ਵੀ ਘਟਾਕੇ ਦਿੱਲੀ ਦੀਆਂ ਦਰਾਂ ਅਨੁਸਾਰ ਕੀਤਾ ਜਾਵੇਗਾ। ਚਰਨਜੀਤ ਸਿੰਘ ਅੱਕਾਂਵਾਲੀ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਮਾਨਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਬਿਜਲੀ ਅੰਦੋਲਨ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਕਰਕੇ ਹੁਣ ਕੈਪਟਨ ਸਰਕਾਰ ਕੋਰੋਨਾ ਦੀ ਆੜ ਵਿੱਚ ਰਾਜਸੀ ਗਤੀਵਿਧੀਆਂ ’ਤੇ ਰੋਕ ਲਾਉਣਾ ਚਾਹੁੰਦੀ ਹੈ ਜਿਸ ਨੂੰ ਆਮ ਆਦਮੀ ਪਾਰਟੀ ਬਰਦਾਸ਼ਿਤ ਨਹੀਂ ਕਰੇਗੀ ਅਤੇ ਬਿਜਲੀ ਮੁਹਿੰਮ ਅੰਦੋਲਨ ਹਰ ਪਿੰਡ, ਹਰ ਵਾਰਡ ਵਿੱਚ ਹੋਵੇਗਾ ਅਤੇ ਹਰ ਜਗ੍ਹਾ ਮਹਿੰਗੇ ਬਿਲਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।