ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 12 ਅਪ੍ਰੈਲ 2021-ਮੁੱਖ ਮੰਤਰੀ ਦੇ ਸ਼ਹਿਰ ਰੁਜ਼ਗਾਰ ਦਾ ਹੱਕ ਮੰਗਦੇ ਬੇਰੁਜ਼ਗਾਰ ਈ.ਟੀ.ਟੀ.ਅਧਿਆਪਕਾਂ ਤੇ ਪੁਲਸ ਵੱਲੋਂ ਕੀਤਾ ਗਿਆ ਲਾਠੀਚਾਰਜ ਨੰਗਾ ਚਿੱਟਾ ਸਰਕਾਰੀ ਦਮਨ ਹੈ। ਅਧਿਆਪਕਾਂ ਨੂੰ ਹੱਕ ਦੇਣ ਦੀ ਬਜਾਏ ਭਾਖੜਾ ਨਹਿਰ ਵਿੱਚ ਛਾਲਾਂ ਮਾਰਨ ਲਈ ਮਜਬੂਰ ਕਰਨਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਦਰਸਾਉਂਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਤਿਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ ਫਰੰਟ ਪੰਜਾਬ ਦੀ ਮੁਕਤਸਰ ਇਕਾਈ ਦੇ ਜ਼ਿਲਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਕਲਾਂ ਤੇ ਸਕੱਤਰ ਰਾਮ ਸਵਰਨ ਲੱਖੇਵਾਲੀ ਨੇ ਲਾਠੀਚਾਰਜ ਦੀ ਪੁਰਜੋਰ ਨਿਖੇਧੀ ਕੀਤੀ ਹੈ। ਉਨ੍ਹਾਂ ਆਖਿਆ ਕਿ ਘਰ-ਘਰ ਰੁਜਗਾਰ ਦੇਣ ਦੇ ਵਾਅਦੇ ਨਾਲ ਰਾਜ ਸੱਤਾ ਵਿਚ ਆਈ ਕੈਪਟਨ ਸਰਕਾਰ ਹੁਣ ਰੁਜ਼ਗਾਰ ਦੇਣ ਦੀ ਬਜਾਏ ਲਾਠੀ, ਗੋਲੀ ਦੀ ਨੀਤੀ ’ਤੇ ਉੱਤਰ ਆਈ ਹੈ। ਬਲਾਕ ਆਗੂਆਂ ਕੁਲਦੀਪ ਸ਼ਰਮਾ, ਵਰਿੰਦਰ ਬਹਿਲ, ਯਾਦਵਿੰਦਰ ਪਿਉਰੀ, ਪਰਮਿੰਦਰ ਖੋਖਰ, ਬੂਟਾ ਸਿੰਘ ਵਾਕਫ ਅਤੇ ਨਰਿੰਦਰ ਬੇਦੀ ਨੇ ਆਖਿਆ ਕਿ ਮੀਡੀਆ ਵਿਚ ਨਿੱਤ ਰੋਜ਼ ਵਿਕਾਸ ਦੇ ਝੂਠੇ ਦਾਅਵੇ ਕਰਦੇ ਲੱਖਾਂ ਰੁਪਏ ਦੇ ਇਸ਼ਤਿਹਾਰ ਦੇਣ ਵਾਲੀ ਸਰਕਾਰ ਬੇਰੁਜ਼ਗਾਰਾਂ ਦੀ ਗੱਲ ਸੁਣਨ ਨੂੰ ਤਿਆਰ ਨਹੀ ਹੈ। ਆਗੂਆਂ ਨੇ ਆਖਿਆ ਕਿ ਰੁਜ਼ਗਾਰ ਨੌਜਵਾਨਾਂ ਦਾ ਹੱਕ ਹੈ ਤੇ ਇਸ ਸਬੰਧੀ ਅਧਿਆਪਕਾਂ ਦੀ ਲਾਮਬੰਦੀ ਕਰਕੇ ਡੀ.ਟੀ.ਐੱਫ.ਵੱਲੋਂ 25 ਅਪ੍ਰੈਲ ਨੂੰ ਸਿੱਖਿਆ ਮੰਤਰੀ ਦੇ ਹਲਕੇ ਵਿਚ ਰੋਸ ਰੈਲੀ ਤੇ ਮੁਜ਼ਾਹਰਾ ਕਰਕੇ ਸਰਕਾਰ ਦਾ ਲੋਕ ਵਿਰੋਧੀ ਚੇਹਰਾ ਬੇਨਕਾਬ ਕੀਤਾ ਜਾਵੇਗਾ। ਇਸ ਮੌਕੇ ਸੁਰਿੰਦਰ ਸੁਖਨਾ, ਜਸਵਿੰਦਰ ਖੁੱਡੀਆਂ, ਰਣਜੀਤ ਰਾਣਾ, ਬਲਵਿੰਦਰ ਦੌਲਾ, ਜਗਦੀਪ ਬਿੱਟੂ, ਮਨੋਜ ਬੇਦੀ, ਗੁਰਜੀਤ ਸੋਢੀ ਅਤੇ ਸੰਦੀਪ ਸਰਮਾ ਨੇ ਸੰਘਰਸ਼ ਦੀ ਹਮਾਇਤ ਕੀਤੀ।