ਅਜੋਕੇ ਦੁੱਖਾਂ ਤੋਂ ਨਿਜ਼ਾਤ ਪਾਉਣ ਲਈ ਮਰਿਯਾਦਾ ਦੇ ਧਾਰਨੀ ਬਣਨਾ ਪਵੇਗਾ: ਬਾਬਾ ਬਲਬੀਰ ਸਿੰਘ
ਦਮਦਮਾ ਸਾਹਿਬ, 12 ਅਪ੍ਰੈਲ 2021-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਮੁਬਾਰਕ ਸਮੇਂ ਤੇ ਸਮੁੱਚੀ ਮਾਨਵਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਸੰਸਾਰ ਭਰ ਦੇ ਦੇਸ਼ਾਂ ’ਚ ਵੱਸਦੇ ਲੋਕ ਇੱਕ ਨਿਵੇਕਲੀ ਤੇ ਨਵੀਨ ਕਿਸਮ ਦੇ ਕਰੋਨਾ ਵਾਇਰਸ ਕਿਸਮ ਦੀ ਬਿਮਾਰੀ ਨਾਲ ਜੰਗ ਲੜ ਰਹੇ ਹਨ। ਇਸ ਜੰਗ ਦੇ ਮੁਕਾਬਲੇ ਲਈ ਜਿਹੜੀਆਂ ਤਜਵੀਜਾਂ, ਹਦਾਇਤਾਂ, ਢੰਗ-ਤਰੀਕੇ ਦੱਸੇ ਜਾ ਰਹੇ ਹਨ, ਉਹ ਅਕਾਲ ਪੁਰਖ ਵਲੋਂ ਸਾਜੇ ਦਸ਼ਮ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਰਿਯਾਦਾ ਦੱਸ ਕੇ ਸਮਾਜ ਨੂੰ ਸਵੈਹਿਤਕਾਰੀ ਤੇ ਕਲਿਆਣਕਾਰੀ ਬਣਾਇਆ ਸੀ। ਉਨ੍ਹਾਂ ਕਿਹਾ ਕਿ ਖਾਲਸਾ ਸਾਜਨਾ ਮੁਬਾਰਕ ਸਮੇਂ ’ਤੇ ਅੱਜ ਮੁੜ ਉਸੇ ਸਿਧਾਂਤ ਦੇ ਧਾਰਨੀ ਬਣਨਾ ਪਵੇਗਾ।
ਉਨ੍ਹਾਂ ਕਿਹਾ ਗੁਰੂੁ ਗੋਬਿੰਦ ਸਿੰਘ ਜੀ ਦਾ ਸਾਰਾ ਜੀਵਨ, ਉਨ੍ਹਾਂ ਦਾ ਹਰ ਬਚਨ, ਹਰ ਕਿਰਿਆ, ਹਰ ਕਰਤੱਵ ਹੀ ਉੱਤਮ ਤੋਂ ਉੱਚਤਮ ਦਰਜੇ ਦੀ ਚੜ੍ਹਦੀ ਕਲਾ ਦਾ ਸਾਕਾਰ ਰੂਪ ਸੀ। ਦੁਨੀਆ ਦੇ ਇਤਿਹਾਸ ਵਿੱਚ ਕਿਧਰੇ ਵੀ ਅਜਿਹੀ ਮਿਸਾਲ ਨਹੀਂ ਮਿਲਦੀ ਜਦੋਂ ਕਿਸੇ ਰਹਿਬਰ ਵਲੋਂ ਆਪਣੇ ਚੇਲਿਆਂ ਨੂੰ ਆਪਣੇ ਬਰਾਬਰ ਦੀ ਮਾਨਤਾ ਦਿੱਤੀ ਗਈ ਹੋਵੇ, ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਪੰਜ ਪਿਆਰਿਆਂ ਨੂੰ ਅੰਮਿ੍ਰਤ ਛਕਾਇਆ ਤੇ ਫਿਰ ਆਪ ਉਨ੍ਹਾਂ ਪਾਸੋਂ ਅੰਮਿ੍ਰਤ ਛੱਕ ਕੇ ‘ਗੁਰੂ ਤੋਂ ਚੇਲਾ’ ਹੋਣ ਦਾ ਇਤਿਹਾਸ ਸਿਰਜਿਆ। ਉਨ੍ਹਾਂ ਅਕਾਲ ਪੁਰਖ ਦੇ ਚਰਨਾਂ ’ਚ ਅਰਦਾਸ ਕਰਦਿਆਂ ਸਮੁੱਚੀ ਮਨੁੱਖਤਾ ਦੇ ਭਲੇ ਲਈ ਅਰਦਾਸ ਕੀਤੀ ਅਤੇ ਨਾਲ ਹੀ ਅਪੀਲ ਕਰਦਿਆਂ ਕਿਹਾ ਕਿ ਵੈਸਾਖੀ ਪੁਰਬ ਨੂੰ ਸਭ ਸੰਗਤਾਂ ਵੱਧ ਚੜ੍ਹ ਕੇ ਗੁਰੂ ਦੇ ਭੈ ਭਾਵਨੀ ’ਚ ਖਾਲਸਾ ਸਿਰਜਨਾ ਦਿਵਸ ਮਨਾਉਣ।