ਸਬੰਧਿਤ ਮੰਤਰੀ ਅਤੇ ਪੁਲਿਸ ਅਫਸਰਾਂ ਤੇ ਕਾਰਵਾਈ ਦੀ ਕੀਤੀ ਮੰਗ
ਹਰੀਸ਼ ਕਾਲੜਾ
ਰੂਪਨਗਰ, 12 ਅਪ੍ਰੈਲ 2021: ਕੱਲ੍ਹ ਪਟਿਆਲਾ ਚ ਪੁਲਿਸ ਵਲੋਂ ਅਧਿਆਪਕਾਂ ਤੇ ਕਿਤੇ ਲਾਠੀਚਾਰਜ ਨੂੰ ਅਣਮਨੁੱਖੀ,ਗੈਰੀ ਕਨੂੰਨੀ ਦੱਸਦਿਆਂ ਆਮ ਆਦਮੀ ਪਾਰਟੀ ਨੇ ਇਸਦੀ ਸ਼ਿਕਾਇਤ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਕੋਲ਼ ਕੀਤੀ ਹੈ।ਕਮਿਸ਼ਨ ਕੋਲ ਦਾਇਰ ਕੀਤੀ ਸ਼ਿਕਾਇਤ ਚ ਪਾਰਟੀ ਦੇ ਬੁਲਾਰੇ ਵਕੀਲ ਦਿਨੇਸ਼ ਚੱਢਾ ਨੇ ਦੋਸ਼ ਲਗਾਇਆ ਹੈ ਕਿ ਸ਼ਾਂਤੀਪੂਰਵਕ ਆਪਣੇ ਰੁਜਗਾਰ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਤੇ ਲਾਠੀਚਾਰਜ ਲਈ ਸਬੰਧਿਤ ਮੰਤਰੀ ਅਤੇ ਵੱਡੇ ਅਫਸਰ ਨਿੱਜੀ ਤੌਰ ਤੇ ਜਿੰਮੇਵਾਰ ਨੇ।ਉਨ੍ਹਾਂ ਆਪਣੀ ਸ਼ਿਕਾਇਤ ਚ ਲਿਖਿਆ ਹੈ ਕਿ ਪੁਲਿਸ ਨੇ ਮਹਿਲਾ ਅਧਿਆਪਕਾਂ ਨੂੰ ਵੀ ਨਹੀਂ ਬਖਸ਼ਿਆ।ਮਾਨਯੋਗ ਸੁਪਰੀਮ ਕੋਰਟ ਨੇ ਵੀ ਹੱਕੀ ਮੰਗਾਂ ਲਈ ਪ੍ਰਦਰਸ਼ਨ ਕਰਨ ਨੂੰ ਕਨੂੰਨੀ ਦੱਸਿਆ ਹੈ।ਜਦਕਿ ਸਰਕਾਰ ਕੋਲ ਪ੍ਰਦਰਸ਼ਨਕਾਰੀਆਂ ਤੇ ਤਾਕਤ ਦੀ ਵਰਤੋਂ ਕਰਨ ਲਈ ਕੋਈ ਵੀ ਕਨੂੰਨ ਨਹੀਂ ਹੈ।ਇਸ ਸ਼ਿਕਾਇਤ ਚ ਮੰਗ ਕੀਤੀ ਗਈ ਹੈ ਕਿ ਲਾਠੀਚਾਰਜ ਲਈ ਜਿੰਮੇਵਾਰ ਦੋਸ਼ੀਆਂ ਵਿਰੁੱਧ ਪਰਚਾ ਦਰਜ ਕੀਤਾ ਜਾਵੇ ਅਤੇ ਵਿਭਾਗੀ ਕਾਰਵਾਈ ਵੀ ਕੀਤੀ ਜਾਵੇ।ਇਸ ਕਾਰਵਾਈ ਲਈ ਫੈਕਟ ਫਾਇੰਡਿੰਗ ਕਮੇਟੀ ਬਣਾਉਣ ਦੀ ਵੀ ਮੰਗ ਕੀਤੀ ਗਈ ਹੈ।
ਇਸ ਸਬੰਧੀ ਜਾਰੀ ਪ੍ਰੈਸ ਨੋਟ ਚ ਵਕੀਲ ਦਿਨੇਸ਼ ਚੱਢਾ ਨੇ ਕਿਹਾ ਕਿ ਪਹਿਲਾਂ ਘਰ ਘਰ ਰੋਜਗਾਰ ਦੇ ਜੁਮਲੇ ਸੁਣਾਕੇ ਨੌਜਵਾਨਾਂ ਨੂੰ ਭਰਮਾਉਣ ਵਾਲੇ ਕੈਪਟਨ ਸਾਹਿਬ ਹੁਣ ਰੁਜਗਾਰ ਦੀ ਮੰਗ ਕਰਨ ਤੇ ਵੀ ਡਾਂਗਾਂ ਮਾਰਕੇ ਡਰਾ ਰਹੇ ਹਨ।ਉਨ੍ਹਾਂ ਕਿਹਾ ਕਿ ਪੁਲਿਸ ਕਾਂਗਰਸੀਆਂ ਦੀ ਕਠਪੁਤਲੀ ਬਣਕੇ ਬੇਰੋਜਗਾਰਾਂ ਨਾਲ਼ ਗੈਰ ਮਨੁੱਖੀ ਵਿਵਹਾਰ ਕਰ ਰਹੀ ਹੈ।ਇਸ ਲਈ ਆਮ ਆਦਮੀ ਪਾਰਟੀ ਪੜੇ ਲਿਖੇ ਨੌਜਵਾਨਾਂ ਨਾਲ਼ ਇਸ ਗੈਰ ਮਨੁੱਖੀ ਵਰਤਾਰੇ ਖਿਲਾਫ ਕਨੂੰਨੀ ਅਤੇ ਸਮਾਜਿਕ ਅਵਾਜ ਉਠਾਉਂਦੀ ਰਹੇਗੀ।ਇਸ ਮੌਕੇ ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਲਾਲਪੁਰਾ,ਜ਼ਿਲ੍ਹਾ ਮੀਡੀਆ ਇੰਚਾਰਜ ਸੁਦੀਪ ਵਿੱਜ, ਜ਼ਿਲ੍ਹਾ ਦਫ਼ਤਰ ਇੰਚਾਰਜ ਮਨਜੀਤ ਸਿੰਘ ,ਆਪ ਨੇਤਾ ਸੰਤੋਖ ਸਿੰਘ ਵਾਲਿਆ,ਸੀਨੀਅਰ ਆਗੂ ਜਸਵਿੰਦਰ ਕੌਰ ਸ਼ਾਹੀ,ਅਮਨਦੀਪ ਸਿੰਘ,ਸੁਮੇਲ ਸਿੰਘ ਆਦਿ ਮੌਜੂਦ ਸਨ।