ਮਾਨਸਾ ਜਿਲ੍ਹੇ ਨੇ ਦੇਸ਼ ਭਰ ਚੋਂ ਅਜਿਹਾ ਕਰਨ ਵਿੱਚ ਕੀਤੀ ਪਹਿਲਕਦਮੀ
ਸੰਜੀਵ ਜਿੰਦਲ
ਮਾਨਸਾ , 12 ਅਪ੍ਰੈਲ 2021: ਕੋਰੋਨਾ ਆਪਣਾ ਕਹਿਰ ਪੂਰੇ ਦੇਸ਼ ਭਰ ਵਿੱਚ ਢਾਹ ਰਿਹਾ ਹੈ । ਦੂਸਰੇ ਪਾਸੇ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਨਾਲ ਜ਼ੋੜਨ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਇਸ ਦੇ ਚਲਦਿਆਂ ਅੱਜ ਇਕ ਬਹੁਤ ਵੱਡੀ ਖ਼ਬਰ ਆਈ ਹੈ ਕਿ ਮਾਨਸਾ ਜਿਲ੍ਹੇ ਨੇ ਦੇਸ਼ ਭਰ ਵਿੱਚ ਪਹਿਲ ਕਰਦਿਆਂ ਕਰੋਨਾਂ ਵੈਕਸੀਨੇਸ਼ਨ ਨੂੰ ਘਰ ਘਰ ਪਹੁੰਚਾਉਣ ਲਈ ਮਾਨਸਾ ਸ਼ਹਿਰ ਦੇ ਸਲੱਮ ਏਰੀਏ ਕੋਟ ਦਾ ਟਿੱਬਾ ਉੱਪਰ ਜਾ ਕੇ ਗਰੀਬ ਲੋਕਾਂ ਨੂੰ ਕੋਰੋਨਾ ਵੈਕਸੀਨੇਸ਼ਨ ਸਬੰਧੀ ਜਿੱਥੇ ਜਾਗਰੂਕ ਕੀਤਾ ਉਥੇ 45 ਸਾਲ ਤੋਂ ਉਪਰ ਦੇ ਵਿਅਕਤੀਆਂ, ਜ਼ੋ ਸਵੈਇੱਛਕ ਤੌਰ ਤੇ ਕੋਰੋਨਾ ਵੈਕਸੀਨ ਲਗਵਾਉਣਾ ਚਾਹੁੰਦੇ ਸਨ, ਉਨ੍ਹਾਂ ਨੂੰ ਵੈਕਸੀਨੇਸ਼ਨ ਕੀਤੀ ਗਈ। ਇਸ ਮੁਹਿੰਮ ਦੀ ਸ਼ੁਰੂਆਤ ਡਾ. ਜੀ.ਬੀ.ਸਿੰਘ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਨੇ ਕੀਤੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਕਿਸੇ ਡਰ ਤੋਂ ਕੋਰੋਨਾ ਵੈਕਸੀਨੇਸ਼ਨ ਕਰਵਾਈ ਜਾਵੇ । ਇਹ ਬਿਲਕੁਲ ਸੇਫ ਹੈ। ਸੋਸ਼ਲ ਮੀਡੀਆ ਤੇ ਇਸ ਸਬੰਧੀ ਜ਼ੋ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਉਹ ਬਿਲਕੁਲ ਗਲਤ ਹਨ। ਇਸ ਸਮੇਂ ਡਾ. ਸੁਖਵਿੰਦਰ ਸਿੰਘ ਸਿਵਲ ਸਰਜਨ ਮਾਨਸਾ ਅਤੇ ਡਾ. ਰਣਜੀਤ ਰਾਏ ਡੀ.ਐਮ.ਸੀ., ਮਾਨਸਾ ਨੇ, ਜ਼ੋ ਮਾਨਸਾ ਦੀਆਂ ਸਮਾਜਿਕ,ਵਪਾਰਕ ਜਥੇਬੰਦੀਆਂ ਅਤੇ ਐੱਨਜੀਓਜ਼ ਕੋਰੋਨਾ ਵੈਕਸੀਨੇਸ਼ਨ ਵਿੱਚ ਯੋਗਦਾਨ ਪਾ ਰਹੇ ਹਨ, ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇੰਨ੍ਹਾਂ ਸੰਸਥਾਵਾਂ ਦੇ ਸਹਿਯੋਗ ਕਾਰਨ ਹੀ ਕਰੋਨਾ ਵੈਕਸੀਨੇਸ਼ਨ ਮੁਹਿੰਮ ਨੂੰ ਘਰ ਘਰ ਤੱਕ ਲਿਜਾਇਆ ਗਿਆ ਹੈ। ਉਨ੍ਹਾਂ ਮਾਨਸਾ ਸ਼ਹਿਰ ਦੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਜਿਲ੍ਹਾ ਪ੍ਰਸ਼ਾਸਨ ਨਾਲ ਮਿਲਕੇ ਕੋਰੋਨਾ ਵੈਕਸੀਨੇਸ਼ਨ ਕਰਵਾਉਣ ਵਿੱਚ ਸਰਕਾਰ ਦੀ ਮੱਦਦ ਕਰਨ। ਇਸ ਸਮੇਂ ਐਡਵੋਕੇਟ ਗੁਰਲਾਭ ਸਿੰਘ ਮਾਹਲ ਪ੍ਰਧਾਨ ਬਹੁਮੰਤਵੀ ਖੇਡ ਸਟੇਡੀਅਮ ਸੁਧਾਰ ਕਮੇਟੀ ਮਾਨਸਾ, ਡਾ. ਜਨਕ ਰਾਜ ਸਿੰਗਲਾ ਪ੍ਰਧਾਨ ਆਈਐਮਏ ਮਾਨਸਾ, ਸੰਜੀਵ ਪਿੰਕਾ ਪ੍ਰਧਾਨ ਮਾਨਸਾ ਸਾਇਕਲ ਗਰੁੱਪ ਨੇ ਇਸ ਡੋਰ ਟੂ ਡੋਰ ਮੁਹਿੰਮ ਨੂੰ ਵਾਰਡ ਨੰਬਰ 6 ਵਿੱਚ ਐਡਵੋਕੇਟ ਅਮਨਦੀਪ ਸਿੰਘ ਢੂੰਡਾ ਦੇ ਸਹਿਯੋਗ ਨਾਲ ਕਰਵਾਇਆ। ਇਸ ਸਮੇਂ ਉਪਰੋਕਤ ਵਿਅਕਤੀਆਂ ਵੱਲੋਂ ਕੋਰੋਨਾ ਵੈਕਸੀਨੇਸ਼ਨ ਸਬੰਧੀ ਵਾਰਡ ਵਾਸੀਆਂ ਦੇ ਭਰਮ ਭੁਲੇਖੇ ਵੀ ਦੂਰ ਕੀਤੇ।