ਵ੍ਹਾਈਟ ਹਾਊਸ ਨੇ ਬੱਚਿਆਂ ਦੀ ਦੇਖਭਾਲ ਕਰਨ ਵਾਲੀਆਂ ਸੰਸਥਾਵਾਂ ਲਈ ਜਾਰੀ ਕੀਤਾ 39 ਬਿਲੀਅਨ ਡਾਲਰ ਦਾ ਰਾਹਤ ਫੰਡ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 17 ਅਪ੍ਰੈਲ 2021 - ਬਾਈਡੇਨ ਪ੍ਰਸ਼ਾਸਨ ਬੱਚਿਆਂ ਦੀ ਦੇਖਭਾਲ ਕਰਨ ਵਾਲੀਆਂ ਸੰਸਥਾਵਾਂ ਨੂੰ ਕਾਰੋਬਾਰ ਵਿੱਚ ਬਣੇ ਰਹਿਣ ਜਾਂ ਦੁਬਾਰਾ ਖੋਲ੍ਹਣ ਵਿੱਚ ਸਹਾਇਤਾ ਕਰਨ ਲਈ ਰਾਜਾਂ ਨੂੰ 39 ਬਿਲੀਅਨ ਡਾਲਰ ਦਾ ਰਾਹਤ ਫੰਡ ਜਾਰੀ ਕਰ ਰਿਹਾ ਹੈ,ਜੋ ਕਿ ਅਮਰੀਕੀ ਇਤਿਹਾਸ ਵਿੱਚ ਬੱਚਿਆਂ ਦੀ ਦੇਖਭਾਲ ਸੰਬੰਧੀ ਇੱਕ ਵੱਡਾ ਨਿਵੇਸ਼ ਹੈ। ਵ੍ਹਾਈਟ ਹਾਊਸ ਅਨੁਸਾਰ ਇਹ ਪੈਸਾ, 1.9 ਟ੍ਰਿਲੀਅਨ ਡਾਲਰ ਦੇ ਰਾਹਤ ਪੈਕੇਜ ਤੋਂ ਮਿਲਿਆ ਹੈ, ਜਿਸ 'ਤੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਪਿਛਲੇ ਮਹੀਨੇ ਦਸਤਖਤ ਕੀਤੇ ਸਨ। ਇਹ ਸੈਕੜੇ ਔਰਤਾਂ ਨੂੰ ਕੰਮ' ਤੇ ਵਾਪਸ ਆਉਣ ਅਤੇ ਆਰਥਿਕ ਪੁਨਰ ਸੁਰਜੀਤੀ ਨੂੰ ਮਜ਼ਬੂਤ ਕਰਨ ਵਿੱਚ ਵੀ ਸਹਾਇਤਾ ਕਰੇਗਾ। ਚਾਈਲਡ ਕੇਅਰ ਸੰਸਥਾਵਾਂ ਇਸ ਫੰਡ ਦੀ ਵਰਤੋਂ ਕਿਰਾਏ, ਬੀਮਾ,ਬਿੱਲਾਂ, ਤਨਖਾਹਾਂ ਅਤੇ ਕਰਜ਼ੇ ਦਾ ਭੁਗਤਾਨ ਕਰਨ ਲਈ ਕਰ ਸਕਦੇ ਹਨ। ਇਸ ਪੈਸੇ ਦੀ ਵਰਤੋਂ ਨਿੱਜੀ ਸੁਰੱਖਿਆ ਉਪਕਰਣਾਂ (ਪੀ ਪੀ ਈ) ਨੂੰ ਖਰੀਦਣ ਅਤੇ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨ ਲਈ ਵੀ ਕੀਤੀ ਜਾ ਸਕਦੀ ਹੈ।
ਇਸਦੇ ਇਲਾਵਾ ਰਾਜ ਬੱਚਿਆਂ ਦੀ ਦੇਖਭਾਲ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਪਰਿਵਾਰਾਂ ਨੂੰ ਸਿੱਧੀ ਸਬਸਿਡੀ ਵੀ ਦੇ ਸਕਦੇ ਹਨ। ਪ੍ਰਸ਼ਾਸਨ ਦੇ ਅਨੁਸਾਰ ਲੱਖਾਂ ਦੇਖਭਾਲ ਪ੍ਰਦਾਤਾ ਅਤੇ ਸਿਖਿਅਕ, ਜੋ ਕਿ 50 ਲੱਖ ਤੋਂ ਵੱਧ ਬੱਚਿਆਂ ਦੀ ਸੇਵਾ ਕਰ ਰਹੇ ਹਨ, ਨੂੰ ਇਸ ਫੰਡ ਨਾਲ ਲਾਭ ਪਹੁੰਚਣਾ ਚਾਹੀਦਾ ਹੈ। ਰਾਸ਼ਟਰ ਦੀ ਚਾਈਲਡ ਕੇਅਰ ਅਤੇ ਲੰਮੇ ਸਮੇਂ ਦੀ ਦੇਖਭਾਲ ਦੇ ਨੈਟਵਰਕ ਨੂੰ ਉਤਸ਼ਾਹਿਤ ਕਰਨਾ ਰਾਸ਼ਟਰਪਤੀ ਅਤੇ ਕਾਂਗਰਸ ਦੇ ਡੈਮੋਕਰੇਟਸ ਲਈ ਸਭ ਤੋਂ ਵੱਡੀ ਤਰਜੀਹ ਹੈ, ਜਿਨ੍ਹਾਂ ਨੇ ਇਸ ਸਾਲ ਦੇ ਅਰੰਭ ਵਿੱਚ ਰਾਹਤ ਬਿੱਲ ਨੂੰ ਸਭਾ ਦੇ ਰਿਪਬਲਿਕਨਾਂ ਦੇ ਸਮਰਥਨ ਤੋਂ ਬਿਨਾਂ ਪਾਸ ਕਰ ਦਿੱਤਾ ਸੀ।