ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 17 ਅਪ੍ਰੈਲ 2021 - ਪਿਛਲੇ ਦਿਨੀਂ ਲੂਈਸਿਆਨਾ ਸਟੇਟ ਯੂਨੀਵਰਸਿਟੀ (ਐਲ ਐਸ ਯੂ) ਦੀ ਲਾਪਤਾ ਹੋਈ ਵਿਦਿਆਰਥਣ ਕੋਰੀ ਗੌਥੀਅਰ ਦੀ ਲਾਸ਼ ਨੂੰ ਨਦੀ ਵਿੱਚੋਂ ਬਰਾਮਦ ਕੀਤਾ ਗਿਆ ਹੈ। ਇਸ ਸੰਬੰਧ ਵਿੱਚ ਪੁਲਿਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਸੇਂਟ ਜੋਹਨ ਬੈਪਟਿਸਟ ਪੈਰਿਸ਼ ਵਿੱਚ ਮਿਸੀਸਿਪੀ ਨਦੀ ਤੋਂ ਮਿਲੀ ਇੱਕ ਲਾਸ਼ ਦੀ ਪਛਾਣ ਲਾਪਤਾ ਐਲ ਐਸ ਯੂ ਦੀ ਵਿਦਿਆਰਥੀ ਕੋਰੀ ਗੌਥੀਅਰ ਵਜੋਂ ਹੋਈ ਕੀਤੀ ਗਈ ਹੈ। ਐਲ ਐਸ ਯੂ ਦੇ ਪੁਲਿਸ ਮੁਖੀ ਬਾਰਟ ਥੌਮਸਨ ਅਨੁਸਾਰ ਇਸ ਕੇਸ ਵਿੱਚ ਸੈੱਲ ਫੋਨ ਦੀ ਟਰੈਕਿੰਗ, ਵੀਡੀਓ ਫੁਟੇਜ, ਅਤੇ ਗੌਥੀਅਰ ਪਰਿਵਾਰ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਧਾਰ ਤੇ, ਕੋਈ ਅਪਰਾਧਿਕ ਗਤੀਵਿਧੀ ਸ਼ਾਮਿਲ ਨਹੀਂ ਹੈ ਅਤੇ ਇਸ ਵਿਦਿਆਰਥੀ ਦੀ ਲਾਸ਼ ਮੰਗਲਵਾਰ ਨੂੰ ਇੱਕ ਕਿਸ਼ਤੀ ਵਾਲੇ ਦੁਆਰਾ ਮਿਲੀ ਸੀ। ਗੌਥੀਅਰ, ਲੁਈਸਿਆਨਾ ਦੇ ਓਪਲੂਸਸ ਤੋਂ 6 ਅਪ੍ਰੈਲ ਤੋਂ ਲਾਪਤਾ ਸੀ। ਉਸਦੀ ਕਾਰ ਨੂੰ 7 ਅਪ੍ਰੈਲ ਨੂੰ ਸਵੇਰੇ 1 ਵਜੇ ਬੈਟਨ ਰੋਜ ਦੇ ਮਿਸੀਸਿਪੀ ਨਦੀ ਬ੍ਰਿਜ 'ਤੇ ਪਾਇਆ ਗਿਆ ਸੀ।
ਉਸਦੀ ਕਾਰ ਨੂੰ ਇੱਕ ਜੰਕਯਾਰਡ ਲਿਜਾਇਆ ਗਿਆ ਸੀ ਅਤੇ ਉਸਦੇ ਸੈੱਲ ਫੋਨ ਅਤੇ ਬਟੂਆ ਕਾਰ ਅੰਦਰ ਸੀ। ਐਲ ਐਸ ਯੂ ਦੇ ਪ੍ਰਧਾਨ ਟੌਮ ਗੈਲੀਗਨ ਨੇ ਕੋਰੀ ਗੌਥੀਅਰ ਦੀ ਮੌਤ ਤੇ ਅਫਸੋਸ ਪ੍ਰਗਟ ਕਰਦਿਆਂ ਉਸਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਇਸਦੇ ਇਲਾਵਾ ਗੌਥੀਅਰ ਪਰਿਵਾਰ ਨੇ ਵਲੰਟੀਅਰਾਂ ਅਤੇ ਅਧਿਕਾਰੀਆਂ ਦਾ ਉਨ੍ਹਾਂ ਦੀ ਸਹਾਇਤਾ ਲਈ ਧੰਨਵਾਦ ਕੀਤਾ ਹੈ।