ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 17 ਅਪ੍ਰੈਲ 2021 - ਕੈਲੀਫੋਰਨੀਆ ਦੇ ਲਾਸ ਏਂਜਲਸ ਸ਼ਹਿਰ ਵਿੱਚ, ਇੱਕ ਬੱਸ 'ਚ ਤਕਰੀਬਨ 70 ਸਾਲਾਂ ਦੀ ਬਜ਼ੁਰਗ ਮਹਿਲਾ ਨਾਲ ਏਸ਼ੀਅਨ ਸਮਝ ਕੇ ਕੁੱਟਮਾਰ ਕੀਤੀ ਗਈ ਹੈ। ਅਧਿਕਾਰੀਆਂ ਅਨੁਸਾਰ 70 ਸਾਲਾਂ ਦੀ ਇੱਕ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਅਤੇ ਇੱਕ ਨਫ਼ਰਤ ਨਾਲ ਭਰੀ ਹੋਈ ਮਹਿਲਾ ਹਮਲਾਵਰ ਨੇ ਉਸਨੂੰ ਲਾਸ ਏਂਜਲਸ ਦੀ ਇੱਕ ਬੱਸ ਵਿੱਚ ਖਿੱਚ ਲਿਆ। ਇਸ ਹਮਲੇ ਦੀ ਪੀੜਤ ਬਜ਼ੁਰਗ ਮਹਿਲਾ ਜੋ ਮੈਕਸੀਕਨ ਅਮਰੀਕੀ ਹੈ, ਸ਼ੁੱਕਰਵਾਰ ਨੂੰ ਇੱਕ ਸਿਟੀ ਬੱਸ ਤੋਂ ਉਤਰਨ ਦੀ ਕੋਸ਼ਿਸ਼ ਕਰ ਰਹੀ ਸੀ।
ਇਸੇ ਦੌਰਾਨ ਇੱੱਕ ਹੋਰ ਔਰਤ ਯਾਤਰੀ ਨੇ ਉਸ 'ਤੇ ਚੀਨੀ-ਵਿਰੋਧੀ ਸ਼ਬਦਾਂ ਦੀ ਵਰਤੋਂ ਕੀਤੀ। ਇੰਨਾ ਹੀ ਨਹੀਂ ਇਸ ਮਹਿਲਾ ਹਮਲਾਵਰ ਨੇ ਬਜ਼ੁਰਗ ਔਰਤ ਨੂੰ ਫੜ ਲਿਆਅਤੇ ਉਸ ਨਾਲ ਮਾਰਕੁੱਟ ਕੀਤੀ। ਬਜ਼ੁਰਗ ਮਹਿਲਾ ਦੇ ਬੇਟੇ ਪੀਟ ਨੇ ਕਿਹਾ ਕਿ ਇਸ ਦੌਰਾਨ ਕਿਸੇ ਨੇ ਉਸਦੀ ਮੱਦਦ ਨਹੀਂ ਕੀਤੀ ਅਤੇ ਇਹ ਕੁੱਟਮਾਰ 911 ਤੇ ਸੰਪਰਕ ਕਰਨ ਤੋਂ ਬਾਅਦ ਰੁਕੀ। ਇਹ ਪੀੜਤ ਮਹਿਲਾ ਜੋ ਕਿ ਆਪਣੀ ਪੋਤੀ ਲਈ ਕਰਿਆਨੇ ਦੀ ਦੁਕਾਨ 'ਤੇ ਜਾ ਰਹੀ ਸੀ, ਗੰਭੀਰ ਰੂਪ ਵਿੱਚ ਜਖਮੀ ਹੋਈ ਹੈ।ਪੁਲਿਸ ਅਨੁਸਾਰ ਇਸ ਹਮਲੇ ਦੇ ਦੋਸ਼ ਵਿੱਚ ਇੱਕ 23 ਸਾਲਾ ਯਾਸਮੀਨ ਬੀਸਲੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।