ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 17 ਅਪ੍ਰੈਲ 2021 - ਅਮਰੀਕਾ ਵਿੱਚ ਪਿਛਲੇ ਹਫਤੇ ਮੈਕਸੀਕੋ ਦੇ ਇੱਕ ਡਰੱਗ ਗਿਰੋਹ ਦੇ ਮੈਂਬਰਾਂ ਨਾਲ ਹੋਈ ਗੋਲੀਬਾਰੀ ਵਿੱਚ ਉੱਤਰੀ ਕੈਰੋਲੀਨਾ ਦੇ ਇੱਕ ਅਧਿਆਪਕ ਦੀ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਬਾਰਨੇ ਹੈਰਿਸ ਨਾਮ ਦਾ ਇਹ ਵਿਅਕਤੀ ਜੋ ਕਿ ਮੁਨਰੋ ਦੀ ਯੂਨੀਅਨ ਅਕੈਡਮੀ ਵਿੱਚ ਬਾਸਕਟਬਾਲ ਦੀ ਸਿਖਲਾਈ ਅਤੇ ਕੋਚਿੰਗ ਦਿੰਦਾ ਸੀ, ਅਤੇ ਉਸਦਾ ਜੀਜਾ ਸਟੀਵਨ ਸਟੀਵਰਟ, ਪਿਛਲੇ ਵੀਰਵਾਰ ਨੂੰ ਗਿਰੋਹ ਦੁਆਰਾ ਵਰਤੇ ਗਏ ਟ੍ਰੇਲਰ ਵਿਚੋਂ ਨਸ਼ੇ ਅਤੇ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਇਸੇ ਦੌਰਾਨ ਗੋਲੀਬਾਰੀ ਦੀ ਇਹ ਘਟਨਾ ਵਾਪਰੀ।ਸ਼ੈਰਿਫ, ਟੈਰੀ ਜੌਹਨਸਨ ਨੇ ਬੁੱਧਵਾਰ ਨੂੰ ਦੱਸਿਆ ਕਿ ਹੈਰਿਸ ਅਤੇ ਸਟੀਵਰਟ ਨੇ ਅਲਾਮੈਂਸ ਕਾਉਂਟੀ ਦੇ ਇੱਕ ਪਾਰਕ ਵਿੱਚ ਇਹ ਕਾਰਵਾਈ ਕੀਤੀ ਪਰ ਗਿਰੋਹ ਦੇ ਇੱਕ ਮੈਂਬਰ ਅਲੋਨਸੋ ਲਾਰਾ ਨਾਲ ਇਹਨਾਂ ਦਾ ਸਾਹਮਣਾ ਹੋ ਗਿਆ। ਇਸ ਉਪਰੰਤ ਇਹਨਾਂ ਨੇ ਲਾਰਾ ਦੁਆਰਾ ਨਸ਼ਿਆਂ ਨੂੰ ਲੁਕਾਉਣ ਵਾਲੀ ਜਗ੍ਹਾ ਬਾਰੇ ਨਾਂ ਦੱਸਣ ਤੇ , ਉਸਨੂੰ ਮਾਰ ਦਿੱਤਾ ਅਤੇ ਇਸੇ ਦੌਰਾਨ ਕਾਰਟਲ ਦੇ ਹੋਰ ਮੈਂਬਰ ਉੱਥੇ ਪਹੁੰਚ ਅਤੇ ਗੋਲੀਬਾਰੀ ਵਿੱਚ ਹੈਰਿਸ ਦੀ ਮੌਤ ਹੋ ਗਈ।ਜੌਹਨਸਨ ਅਨੁਸਾਰ ਹੈਰਿਸ, ਨੇ ਬੁਲੇਟ ਪਰੂਫ ਜੈਕਟ ਪਾਈ ਹੋਈ ਸੀ ,ਪਰ ਉਹ ਕੰਮ ਨਹੀਂ ਕਰ ਸਕੀ।
ਇਸ ਸੰਬੰਧੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਟੀਵਰਟ ਨੂੰ ਗੋਲੀਬਾਰੀ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਤੇ ਕਤਲ ਅਤੇ ਹਥਿਆਰਬੰਦ ਲੁੱਟਾਂ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਅਧਿਕਾਰੀ ਜੌਹਨਸਨ ਨੇ ਦੱਸਿਆ ਕਿ ਟ੍ਰੇਲਰ ਨਾਲ ਸੰਬੰਧਿਤ ਦੂਜੇ ਮੈਂਬਰ ਡੇਨੀਅਲ ਲਾਰਾ ਦੀ ਕੋਕੀਨ ਦੀ ਤਸਕਰੀ ਦੇ ਸ਼ੱਕ ਵਿੱਚ ਭਾਲ ਕੀਤੀ ਜਾ ਰਹੀ ਹੈ ਅਤੇ ਉਸਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤੇ ਹਨ। ਜਦਕਿ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਡੈਨੀਅਲ ਲਾਰਾ ਮੈਕਸੀਕੋ ਭੱਜ ਗਿਆ ਹੈ। ਅਧਿਕਾਰੀਆਂ ਨੂੰ ਟ੍ਰੇਲਰ ਵਿੱਚੋਂ ਲੱਗਭਗ 7000 ਡਾਲਰ ਅਤੇ ਦੋ ਪੌਂਡ ਕੋਕੀਨ ਬ੍ਰਾਮਦ ਹੋਈ ਹੈ।