ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਧਿਕਾਰੀਆਂ ਨਾਲ ਵੀ ਕੀਤੀ ਗੱਲਬਾਤ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ 2021-ਕਿਰਤੀ ਕਿਸਾਨ ਯੂਨੀਅਨ ਦੀ ਟੀਮ ਵੱਲੋਂ ਅੱਜ ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਥਾਂਦੇਵਾਲਾ, ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤੇ ਉਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਗਿਆ। ਇਸ ਮੌਕੇ ਮੰਡੀ ’ਚ ਬੈਠੇ ਕਿਸਾਨਾਂ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਮੰਡੀ ਵਿਚ ਰੁਲ ਰਹੇ ਹਨ, ਕਿਉਂਕਿ ਮੰਡੀਆਂ ਵਿਚ ਬਾਰਦਾਨਾ ਨਾ ਦੇ ਬਰਾਬਰ ਹੈ। ਇਸ ਮੌਕੇ ਕਿਸਾਨ ਆਗੂ ਬਲਵਿੰਦਰ ਸਿੰਘ ਥਾਂਦੇਵਾਲਾ ਨੇ ਵੇਅਰਹਾਊਸ ਇੰਸਪੈਕਟਰ ਨਾਲ ਗੱਲਬਾਤ ਵੀ ਕੀਤੀ, ਜਿੰਨਾਂ ਵਿਸ਼ਵਾਸ਼ ਦੁਆਇਆ ਕਿ ਜਲਦੀ ਹੀ ਬਾਰਦਾਨੇ ਦਾ ਪ੍ਰਬੰਧ ਕਰਕੇ ਕਣਕ ਦੀ ਲਿਫ਼ਟਿੰਗ ਕਰਵਾਈ ਜਾਵੇਗੀ।
ਜਸਵਿੰਦਰ ਸਿੰਘ ਝਬੇਲਵਾਲੀ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਅੱਜ ਕਿਸਾਨ ਦਿੱਲੀ ਦੀਆਂ ਸੜਕਾਂ ’ਤੇ ਰੁਲ ਰਿਹਾ ਹੈ ਤੇ ਹੁਣ ਮੰਡੀਆਂ ਵਿਚ ਰੁਲ ਰਿਹਾ ਹੈ, ਪਰ ਸਰਕਾਰ ਕਿਸਾਨਾਂ ਦੀ ਸਾਰ ਨਹੀਂ ਲੈ ਰਹੀ। ਉਨਾਂ ਕਿਹਾ ਕਿ ਮੰਡੀਆਂ ਅੰਦਰ ਦੌਰੇ ਲਗਾਤਾਰ ਜਾਰੀ ਰਹਿਣਗੇ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੱਢਿਆ ਜਾਵੇਗਾ। ਇਸ ਤੋਂ ਇਲਾਵਾ ਬਿੱਟੂ ਗੋਨਿਆਨਾ, ਹਰਮੰਦਰ ਸਿੰਘ ਮੈਬਰ ਗੋਨਿਆਨਾ, ਬਲਜੀਤ ਰੋਡੇ , ,ਜਗਸੀਰ ਸਿੰਘ ਥਾਂਦੇਵਾਲਾ ਆਦਿ ਨੇ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਵੀ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਸਰਕਾਰ ਕਿਸਾਨਾਂ ਦਾ ਸੰਘਰਸ਼ ਖ਼ਤਮ ਕਰਨ ਲਈ ਲਾਕਡਾਊਨ ਲਗਾ ਰਹੀ ਹੈ, ਪਰ ਕਿਸਾਨ ਲਗਾਤਾਰ ਸੰਘਰਸ਼ ਜਾਰੀ ਰੱਖਣਗੇ। ਉਨਾਂ ਕਿਸਾਨਾਂ ਨੂੰ ਦਿੱਲੀ ਬਾਰਡਰਾਂ ’ਤੇ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।