ਮੰਡੀਆਂ 'ਚ ਕੋਵਿਡ ਤੋਂ ਬਚਾਅ ਲਈ ਵੀ ਪੂਰੇ ਪ੍ਰਬੰਧ
ਹਰੀਸ਼ ਕਾਲੜਾ
ਰੂਪਨਗਰ, 19 ਅਪ੍ਰੈਲ 2021: ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਲਈ ਕੀਤੇ ਗਏ ਪੁਖਤਾ ਪ੍ਰਬੰਧਾਂ ਤੋਂ ਮੰਡੀਆਂ ਵਿੱਚ ਆ ਰਹੇ ਕਿਸਾਨਾਂ ਨੇ ਸੰਤੁਸ਼ਟੀ ਜ਼ਾਹਰ ਕੀਤੀ ਹੈ ਜ਼ਿਲਾ ਰੂਪਨਗਰ ਦੀਆਂ ਵੱਖ-ਵੱਖ ਮੰਡੀਆਂ 'ਚ ਆਪਣੀ ਜਿਣਸ ਦੀ ਸਮੇਂ ਸਿਰ ਹੋਈ ਖਰੀਦ ਤੋਂ ਖੁਸ਼ ਹੋਏ ਕਿਸਾਨਾਂ ਨੇ ਕਣਕ ਦੀ ਖਰੀਦ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ 'ਚ ਕੀਤੇ ਖਰੀਦ ਪ੍ਰਬੰਧਾਂ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਜ਼ਿਲ੍ਹੇ ਅੰਦਰ ਇਸ ਵਾਰ ਕੋਵਿਡ ਤੋਂ ਬਚਾਅ ਲਈ 23 ਮੁੱਖ ਖਰੀਦ ਮੰਡੀਆਂ ਤੋਂ ਇਲਾਵਾ 18 ਰਾਈਸ ਮਿਲਾਂ ਅਤੇ 5 ਜਨਤਕ ਥਾਵਾਂ ਨੂੰ ਆਰਜੀ ਖਰੀਦ ਕੇਂਦਰ ਘੋਸ਼ਿਤ ਕੀਤਾ ਗਿਆ ਹੈ, ਤਾਂ ਜੋ ਫ਼ਸਲ ਵੇਚਣ ਆਏ ਕਿਸਾਨਾਂ ਵਿਚ ਦੋ ਗਜ਼ ਦੀ ਦੂਰੀ ਬਣੀ ਰਹੇ।
ਇਸ ਦੌਰਾਨ ਰੂਪਨਗਰ ਜ਼ਿਲ੍ਹੇ ਦੇ ਪਿੰਡ ਆਸਪੁਰ ਵਾਸੀ ਲਖਬੀਰ ਸਿੰਘ ਦਾ ਕਹਿਣਾ ਸੀ ਕਿ ਉਹ ਆਪਣੀ 60 ਕੁਇੰਟਲ ਜਿਣਸ ਜ਼ਿਲ੍ਹੇ ਦੀ ਘਨੌਲੀ ਮੰਡੀ ਵਿੱਚ ਲੈ ਕੇ ਆਇਆ ਸੀ ਤਾਂ ਉਸ ਨੂੰ ਇਸ ਗੱਲ ਦੀ ਖੁਸ਼ੀ ਮਿਲੀ ਕਿ ਉਸਦੀ ਕਣਕ ਮੰਡੀ ਵਿੱਚ ਕੇਵਲ 3 ਘੰਟਿਆਂ 'ਚ ਹੀ ਵਿਕ ਗਈ। ਉਸਨੇ ਮੰਡੀ ਵਿੱਚ ਪਾਣੀ, ਸੈਨੇਟਾਈਜ਼ਰ ਅਤੇ ਹੋਰ ਖਰੀਦ ਪ੍ਰਬੰਧਾਂ ਉਤੇ ਵੀ ਤਸੱਲੀ ਦਾ ਇਜ਼ਹਾਰ ਕੀਤਾ। ਲਖਬੀਰ ਸਿੰਘ ਨੇ ਪੰਜਾਬ ਸਰਕਾਰ ਅਤੇ ਮਾਰਕੀਟ ਕਮੇਟੀ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ ਹੈ।
ਇਸੇ ਤਰ੍ਹਾਂ ਹੀ ਰੂਪਨਗਰ ਜ਼ਿਲ੍ਹੇ ਦੇ ਪਿੰਡ ਚੌਂਤਾ ਦੇ ਵਸਨੀਕ ਜਸਵੰਤ ਸਿੰਘ ਨੇ ਕਿਹਾ ਕਿ ਉਹ ਆਪਣੀ ਫਸਲ ਜ਼ਿਲ੍ਹੇ ਦੀ ਅਬਿਆਣਾ ਮੰਡੀ ਵਿਚ ਲੈ ਕੇ ਆਇਆ ਸੀ ਉਸ ਨੇ ਦੱਸਿਆ ਕਿ ਉਸਦੀ ਕਣਕ ਸੁੱਕੀ ਹੋਣ ਕਰਕੇ ਉਸੇ ਦਿਨ ਵਿਕ ਗਈ, ਜਿਸ ਲਈ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਹੈ। ਇਸ ਗੱਲ ਉਪਰ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਮੰਡੀ ਵਿਖੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਪੂਰੇ ਇਹਤਿਆਤ ਵਰਤੇ ਜਾ ਰਹੇ ਸਨ।ਉਸਦਾ ਕਹਿਣਾ ਸੀ ਕਿ ਸਾਰੇ ਮਜ਼ਦੂਰਾਂ ਨੇ ਮਾਸਕ ਪਾਏ ਸਨ ਅਤੇ ਆੜਤੀਆਂ ਨੇ ਵੀ ਆਪਣੀਆਂ ਦੁਕਾਨਾਂ ਦੇ ਬਾਹਰ ਸੈਨੇਟਾਈਜ਼ਰ ਰੱਖੇ ਹੋਏ ਸਨ। ਉਸਨੇ ਬਿਹਤਰ ਖਰੀਦ ਪ੍ਰਬੰਧਾਂ ਲਈ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ।