ਹੁਸ਼ਿਆਰਪੁਰ 22 ਅਪ੍ਰੈਲ 2021 - ਹੁਸ਼ਿਆਰਪੁਰ ਦੇ ਪਿੰਡ ਖਡਿਆਲਾ ਸੈਣੀਆਂ ਸੜਕ ਦੇ ਕਿਨਾਰੇ ਖੇਤਾਂ ਵਿੱਚ ਇੱਕ ਔਰਤ ਦੀ ਲਾਸ਼ ਮਿਲਣ ਨਾਲ ਬੁਲੋਵਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਪੁਲਿਸ ਦੇ ਅਨੁਸਾਰ ਮਹਿਲਾ ਦੇ ਸਿਰ ਵਿੱਚ ਪੰਜ /ਛੇ ਗੋਲੀਆਂ ਮਾਰ ਕੇ ਉਸਦੀ ਹੱਤਿਆ ਕੀਤੀ ਗਈ ਹੈ।
ਸੂਚਨਾ ਮਿਲਦੇ ਹੀ ਐਸ ਪੀ ਡੀ ਰਵਿੰਦਰ ਪਾਲ ਸੰਧੂ ਆਪਣੀ ਟੀਮ ਨਾਲ ਘਟਨਾ ਵਾਲੀ ਥਾਂ ਤੇ ਪਹੁੰਚਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕੀ ਘਟਨਾ ਸਬੰਧੀ ਸਭ ਤੱਥ ਜੁਟਾਏ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਔਰਤ ਦੀ ਪਹਿਚਾਣ ਮਨਪ੍ਰੀਤ ਪੁੱਤਰੀ ਪਵਨਦੀਪ ਸਿੰਘ ਖਡਿਆਲਾ ਸੈਣੀਆਂ ਤੇ ਰੂਪ ਵਿਚ ਹੋਈ ਹੈ। ਔਰਤ ਦੋ ਬੱਚਿਆਂ ਦੇ ਨਾਲ ਸੋਹਰੇ ਪਰਿਵਾਰ 'ਚ ਰਹਿ ਰਹੀ ਸੀ।
ਘਟਨਾ ਦਾ ਪਤਾ ਚੱਲਦਿਆਂ ਹੀ ਉਸਦੇ ਪਰਿਵਾਰਕ ਮੈਂਬਰ ਵੀ ਮੌਕੇ ਤੇ ਪਹੁੰਚ ਗਏ ਸੀ। ਇਸ ਸਬੰਧੀ ਡੀ ਐਸ ਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਲੋਕਾਂ ਵਲੋਂ ਉਕਤ ਔਰਤ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਹਮਲਾਵਰਾਂ ਵਲੋਂ ਔਰਤ ਤੇ ਨਜਦੀਕ ਤੋਂ ਪੰਜ /ਛੇ ਗੋਲੀਆਂ ਮਾਰੀਆਂ ਗਈਆਂ ਹਨ। ਪੁਲਸ ਨੇ ਘਟਨਾ ਵਾਲੀ ਥਾਂ ਤੋਂ ਪੰਜ ਗੋਲੀਆਂ ਦੇ ਖੋਲ ਬਰਾਮਦ ਕੀਤੇ ਗਏ ਹਨ।
ਉਨਾਂ ਨੇ ਦੱਸਿਆ ਕਿ ਉਕਤ ਮਹਿਲਾ ਦਾ ਪਤੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ ਅਤੇ ਇਸ ਸਮੇਂ ਕਿਸੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਸੀ ਅਤੇ ਉਸ ਨਾਲ ਵੀ ਇਸ ਸਮੇਂ ਅਣਬਣ ਚੱਲ ਰਹੀ ਸੀ। ਪੁਲਿਸ ਮਾਮਲੇ ਦੀ ਸਾਰੇ ਪਹਿਲੂਆਂ ਤੇ ਜਾਂਚ ਕਰ ਰਹੀ ਹੈ ਅਤੇ ਜਾਂਚ ਦੇ ਉਪਰੰਤ ਹੀ ਹੱਤਿਆ ਦੇ ਸਹੀ ਕਾਰਨਾਂ ਦਾ ਪਤਾ ਚੱਲ ਸਕੇਗਾ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਹੁਸ਼ਿਆਰਪੁਰ ਵਿਖੇ ਪਹੁੰਚਾਇਆ ਗਿਆ ਹੈ।